ਜਦੋਂ ਇੱਕ ਇਨਸਾਨ ਕਿਸੇ ਹੋਰ ਨਾਲ ਰਹਿੰਦਾ ਹੈ ਤਾਂ ਰਿਸ਼ਤਿਆਂ ਦਾ ਮੋਹ ਪੈ ਹੀ ਜਾਂਦਾ ਹੈ

12ਵੇਂ ਕੌਮੀ ਨਾਟਕ ਮੇਲੇ ਦੀ 12ਵੀਂ ਸ਼ਾਮ ਹਿਮਾਚਲ ਤੋਂ ਆਈ ਟੀਮ ਨੇ ਪੇਸ਼ ਕੀਤਾ ਨਾਟਕ ‘ਦੁਵਿਧਾ’

ਬਠਿੰਡਾ, 4 ਨਵੰਬਰ
ਜਦੋਂ ਇੱਕ ਇਨਸਾਨ ਕਿਸੇ ਹੋਰ ਨਾਲ ਰਹਿੰਦਾ ਹੈ ਤਾਂ ਰਿਸ਼ਤਿਆਂ ਦਾ ਮੋਹ ਪੈ ਹੀ ਜਾਂਦਾ ਹੈ। ਇਸ ਦੌਰਾਨ ਭਾਵੇਂ ਉਹ ਕੋਈ ਜਾਨਵਰ ਹੋਵੇ ਜਾ ਭੂਤ ਕੋਈ ਫਰਕ ਨਹੀਂ ਪੈਂਦਾ। ਇਸ ਵਿਲੱਖਣ ਥੀਮ ਦੀ ਪੇਸ਼ਕਾਰੀ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸ ਪੀਟੀਯੂ) ਕੈਂਪਸ ਵਿਖੇ ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾ ਰਹੇ 15 ਰੋਜ਼ਾ 12ਵੇਂ ਕੌਮੀ ਨਾਟਕ ਮੇਲੇ ਦੀ 12ਵੀਂ ਸ਼ਾਮ ਦਰਸ਼ਕਾਂ ਨੂੰ ਨਾਟਕ ‘ਦੁਵਿਧਾ’ ਵਿਚ ਵੇਖਣ ਨੂੰ ਮਿਲੀ।

ਲੇਖਕ ਵਿਜੇ ਦਾਨ ਵੱਲੋਂ ਕਲਮਬੱਧ ਇਸ ਨਾਟਕ ਨੂੰ ਨਾਟਿਆਸ਼੍ਰੇਸ਼ਠ, ਕੁੱਲੂ, ਹਿਮਾਚਲ ਪ੍ਰਦੇਸ਼ ਦੀ ਟੀਮ ਵੱਲੋਂ ਰੇਵਤ ਰਾਮ ਵਿੱਕੀ ਦੀ ਨਿਰਦੇਸ਼ਨਾ ਵਿਚ ਖੇਡਿਆ ਗਿਆ। ਨਾਟਕ ਵਿਚ ਇੱਕ ਵਿਅਕਤੀ ਆਪਣੇ ਵਿਆਹ ਤੋਂ ਅਗਲੇ ਹੀ ਦਿਨ ਕੰਮ-ਕਾਰ ਦੇ ਸਿਲਸਿਲੇ ‘ਚ ਆਪਣੀ ਪਤਨੀ ਨੂੰ ਇਕੱਲਿਆਂ ਛੱਡ ਕੇ ਸ਼ਹਿਰ ਚਲਾ ਜਾਂਦਾ ਹੈ ਜਦੋਂ ਕਿ ਉਸਦੀ ਗੈਰ-ਹਾਜ਼ਰੀ ਚ ਇੱਕ ਭੂਤ ਉਸਦਾ ਰੂਪ ਲੈਕੇ ਉਸਦੀ ਪਤਨੀ ਨਾਲ ਰਹਿਣ ਲੱਗ ਜਾਂਦਾ ਹੈ। ਬਾਅਦ ਵਿਚ ਸੱਚਾਈ ਸਾਹਮਣੇ ਆਉਣ ‘ਤੇ ਉਸ ਭੂਤ ਨੂੰ ਫੜ੍ਹ ਕੇ ਮਸ਼ਕ ਵਿਚ ਬੰਦ ਕਰ ਲਿਆ ਜਾਂਦਾ ਹੈ ਅਤੇ ਸਾਰੇ ਖੁਸ਼ ਹੋ ਜਾਂਦੇ ਹਨ। ਪਰ ਉਸ ਵਿਅਕਤੀ ਦੀ ਪਤਨੀ ਨਿਰਾਸ਼ ਹੁੰਦੀ ਹੈ ਕਿਉਂਕਿ ਉਹ ਉਸ ਭੂਤ ਨੂੰ ਹੀ ਆਪਣਾ ਪਤੀ ਮੰਨ ਚੁੱਕੀ ਹੁੰਦੀ ਹੈ।

ਰੰਗ ਕਰਮੀ ਕੀਰਤੀ ਕਿਰਪਾਲ ਦੀ ਅਗੁਵਾਈ ਵਿਚ ਜਾਰੀ ਨਾਟਕ ਮੇਲੇ ਦੀ ਇਸ ਸ਼ਾਮ ਦੌਰਾਨ ਰਾਜੀਵ ਅਰੋੜਾ, ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਬਠਿੰਡਾ, ਪ੍ਰੀਤ ਮਹਿੰਦਰ ਸਿੰਘ ਬਰਾੜ, ਜੀਐਮ, ਇੰਡਸਟਰੀ ਵਿਭਾਗ ਬਠਿੰਡਾ, ਮਨਦੀਪ ਸਿੰਘ, ਖੇਤਰੀ ਪ੍ਰੋਜੈਕਟ ਡਾਇਰੈਕਟਰ, ਬਾਗ਼ ਪਰਮ ਪਾਰਸ ਸਿੰਘ ਚਹਿਲ ਐਸਐਚਓ, ਥਾਣਾ ਕੈਨਾਲ ਕਲੋਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਏ ਮਹਿਮਾਨਾਂ ਵੱਲੋਂ ਸਮੁੱਚੇ ਨਾਟਕ ਮੇਲੇ ਦੀ ਭਰਪੂਰ ਸ਼ਲਾਂਘਾ ਕੀਤੀ ਗਈ। ਪ੍ਰਬੰਧਕਾਂ ਵਿਚੋਂ ਸਰਪ੍ਰਸਤ ਸੁਧਰਸ਼ਨ ਗੁਪਤਾ ਅਤੇ ਡਾ ਕਸ਼ਿਸ਼ ਗੁਪਤਾ ਨੇ ਆਏ ਸਭ ਮਹਿਮਾਨਾਂ ਨੂੰ ਸਵਾਗਤੀ ਸ਼ਬਦ ਕਹੇ। ਇਸ ਮੌਕੇ ਸਹਿ-ਸਰਪ੍ਰਸਤ ਡਾ ਪੂਜਾ ਗੁਪਤਾ, ਪ੍ਰਧਾਨ ਸੁਰਿੰਦਰ ਕੌਰ, ਡਾ. ਵਿਤੁਲ ਗੁਪਤਾ, ਅਤੇ ਵਿਕਾਸ ਗਰੋਵਰ ਹਾਜ਼ਿਰ ਸਨ।