ਬ੍ਰਿਟੇਨ ‘ਚ ਘਿਨੌਣੇ ਕਤਲ ਦੇ ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ, ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੀਤਾ ਇਹ ਐਲਾਨ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੇਸ਼ ਵਿਚ ਸਖ਼ਤ ਨਵੇਂ ਕਾਨੂੰਨ ਲਿਆਉਣ ਦੀ ਯੋਜਨਾ ਬਣਾਈ ਹੈ ਜਿਸ ਦਾ ਮਤਲਬ ਇਹ ਹੋਵੇਗਾ ਕਿ ਘਿਨੌਣੇ ਕਤਲਾਂ ਦੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ। ਅਜਿਹੇ ਮਾਮਲਿਆਂ ‘ਚ ਦੋਸ਼ੀਆਂ ਨੂੰ ਪੈਰੋਲ ‘ਤੇ ਛੱਡਣ ਜਾਂ ਛੇਤੀ ਰਿਹਾਈ ‘ਤੇ ਵਿਚਾਰ ਕਰਨ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ।

ਰਿਸ਼ੀ ਸੁਨਕ (43) ਨੇ ਇਕ ਬਿਆਨ ਵਿਚ ਕਿਹਾ ਕਿ “ਜੀਵਨ ਦਾ ਅਰਥ ਹੈ ਜੀਵਨ” ਅਤੇ ਜੱਜਾਂ ਨੂੰ ਸੱਭ ਤੋਂ ਬੇਰਹਿਮ ਕਿਸਮ ਦੇ ਕਤਲ ਦੇ ਦੋਸ਼ੀ ਠਹਿਰਾਏ ਗਏ ਲੋਕਾਂ ਲਈ ਲਾਜ਼ਮੀ ਉਮਰ ਕੈਦ ਦੀ ਸਜ਼ਾ ਦੇਣ ਦੀ ਜ਼ਰੂਰਤ ਹੋਵੇਗੀ। ਨਵਾਂ ਕਾਨੂੰਨ ਕੁੱਝ ਸੀਮਤ ਹਾਲਤਾਂ ਨੂੰ ਛੱਡ ਕੇ, ਉਮਰ ਕੈਦ ਦੀ ਸਜ਼ਾ ਦਾ ਹੁਕਮ ਦੇਣ ਦੀ ਮੰਗ ਕਰੇਗਾ।

ਉਨ੍ਹਾਂ ਕਿਹਾ, “ਮੈਂ ਹਾਲ ਹੀ ਵਿਚ ਸਾਹਮਣੇ ਆਏ ਅਪਰਾਧਾਂ ਦੀ ਬੇਰਹਿਮੀ ‘ਤੇ ਜਨਤਾ ਦੇ ਡਰ ਨੂੰ ਸਾਂਝਾ ਕਰਦਾ ਹਾਂ। ਲੋਕ ਸਹੀ ਤੌਰ ‘ਤੇ ਉਮੀਦ ਕਰਦੇ ਹਨ ਕਿ ਸੱਭ ਤੋਂ ਗੰਭੀਰ ਮਾਮਲਿਆਂ ਵਿਚ, ਇਕ ਗਾਰੰਟੀ ਹੋਣੀ ਚਾਹੀਦੀ ਹੈ ਕਿ ਜੀਵਨ ਦਾ ਅਰਥ ਜੀਵਨ ਹੋਵੇਗਾ। ਉਹ ਸਜ਼ਾ ਵਿਚ ਨਿਰਪੱਖਤਾ ਦੀ ਉਮੀਦ ਕਰਦੇ ਹਨ।”

ਉਨ੍ਹਾਂ ਕਿਹਾ, “ਸੱਭ ਤੋਂ ਘਿਨੌਣੇ ਕਿਸਮ ਦੇ ਕਤਲ ਕਰਨ ਵਾਲੇ ਅਪਰਾਧੀਆਂ ਲਈ ਲਾਜ਼ਮੀ ਉਮਰ ਕੈਦ ਦੀ ਸਜ਼ਾ ਸ਼ੁਰੂ ਕਰਕੇ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਹ ਕਦੇ ਵੀ ਆਜ਼ਾਦ ਨਾ ਹੋਣ”। ਇਹ ਕਦਮ ਅਜਿਹੇ ਸਮੇਂ ਚੁਕਿਆ ਜਾ ਰਿਹਾ ਹੈ ਜਦੋਂ ਕੁੱਝ ਦਿਨ ਪਹਿਲਾਂ ਉੱਤਰੀ ਇੰਗਲੈਂਡ ਦੇ ਇਕ ਹਸਪਤਾਲ ਵਿਚ ਸੱਤ ਨਵਜੰਮੇ ਬੱਚਿਆਂ ਦੀ ਹੱਤਿਆ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਇਕ ਨਰਸ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦੇਈਏ ਕਿ ਯੂ.ਕੇ. ਦੇ ਕਾਨੂੰਨੀ ਪ੍ਰਬੰਧ ਮੌਤ ਦੀ ਸਜ਼ਾ ਦੀ ਇਜਾਜ਼ਤ ਨਹੀਂ ਦਿੰਦੇ ਹਨ, ਇਸ ਲਈ ਉਮਰ ਕੈਦ ਸੱਭ ਤੋਂ ਸਖ਼ਤ ਸਜ਼ਾ ਹੈ।