ਸਿੱਖ ਸੰਗਤ ਵੱਲੋਂ ਲਾਏ ਮੋਰਚੇ ਦੀ ਹੋਈ ਜਿੱਤ, ਇਟਲੀ ’ਚ ਗੁਰਦੁਆਰਾ ਸਾਹਿਬ ਦਾ ਖੁੱਲ੍ਹਿਆ ਜਿੰਦਾ

ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਦੀ ਪੋਰਦੇਨੋਨੇ ਵਿਖੇ ਪਿਛਲੇ 8 ਦਿਨਾਂ ਤੋਂ ਸੰਗਤਾਂ ਨੇ ਪ੍ਰਧਾਨ ਵੱਲੋਂ ਲਗਾਏ ਗਏ ਜਿੰਦਰੇ ਨੂੰ ਖੁੱਲ੍ਹਵਾਉਣ ਲਈ ਮੋਰਚਾ ਲਗਾਤਾਰ ਚੱਲਦਾ ਰੱਖਿਆ, ਜਿਸ ’ਚ 2 ਸਿੰਘ ਤੇ 1 ਸਿੰਘਣੀ ਭੁੱਖ-ਹੜਤਾਲ ’ਤੇ ਬੈਠੇ ਸਨ। ਸੰਗਤਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਿਵਾਦ ਨੂੰ ਪ੍ਰਸ਼ਾਸਨ ਵੱਲੋਂ ਸੁਲਝਾ ਲਿਆ ਗਿਆ ਹੈ, ਜਿਸ ਤਹਿਤ ਆਪ ਗੁਰਦੁਆਰਾ ਸਾਹਿਬ ਆ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੱਗਾ ਜਿੰਦਾ ਖੁੱਲ੍ਹਵਾ ਦਿੱਤਾ ਹੈ।

ਜਿੰਦਾ ਖੁੱਲ੍ਹਦਿਆਂ ਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਸਿੱਖ ਸੰਗਤਾਂ ਜੈਕਾਰੇ ਲਗਾਉਂਦਿਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ ਤੇ ਗੁਰੂਘਰ ਦੇ ਵਜ਼ੀਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਦਰਬਾਰ ਵਿਚ ਜਿੱਥੇ ਸੰਗਤਾਂ ਦੇ ਚਿਹਰਿਆਂ ਉੱਪਰ ਮੋਰਚੇ ਦੀ ਜਿੱਤ ਦੀ ਲਾਲੀ ਸੀ, ਉੱਥੇ ਸੰਗਤਾਂ ਦਾ ਰੋਮ-ਰੋਮ ਸ਼ੁਕਰਾਨਾ ਵੀ ਕਰ ਰਿਹਾ ਸੀ ਕਿ ਵਾਹਿਗੁਰੂ ਨੇ ਹੱਕ ਤੇ ਸੱਚ ਲਈ ਲੱਗੇ ਮੋਰਚੇ ਦੀ ਆਪ ਪੈਜ ਰੱਖੀ ਹੈ। ਸਿੱਖ ਸੰਗਤ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਨਵੀਂ ਕਮੇਟੀ ਦੀ ਚੋਣ ਹੁਣ ਸਤੰਬਰ ਮਹੀਨੇ ਵਿਚ ਵੋਟਾਂ ਪਵਾ ਕੇ ਕੀਤੀ ਜਾਵੇਗੀ ਤੇ ਜਿਹੜਾ ਵੀ ਪ੍ਰਧਾਨ ਜਿੱਤਦਾ ਹੈ, ਉਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲੇਗਾ।