ਪਾਕਿਸਤਾਨ ‘ਚ ਹੋਇਆ ਬੰਬ ਧਮਾਕਾ, 5 ਦੀ ਮੌਤ, 21 ਜ਼ਖ਼ਮੀ

ਪਾਕਿਸਤਾਨ ਦੇ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਵਿਚ ਅੱਜ ਹੋਏ ਇਕ ਧਮਾਕੇ ਵਿਚ ਘੱਟੋ-ਘੱਟ ਪੰਜ ਲੋਕ ਮਾਰੇ ਗਏ ਅਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਖ਼ੈਬਰ ਪਖਤੂਨਖਵਾ ਦੇ ਡੀ.ਆਈ. ਖ਼ਾਨ ਦੇ ਪੋਂਡਾ ਬਾਜ਼ਾਰ ਵਿਚ ਟੈਂਕ ਅੱਡਾ ਵਿਚ ਹੋਏ ਧਮਾਕੇ ਤੋਂ ਬਾਅਦ ਨੇੜਲੇ ਹਸਪਤਾਲਾਂ ਵਿਚ ਐਮਰਜੈਂਸੀ ਉਪਾਅ ਕੀਤੇ ਗਏ ਹਨ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਵਿਸਫੋਟਕ ਯੰਤਰ ਇਕ ਮੋਟਰਸਾਇਕਲ ਵਿਚ ਲਾਇਆ ਗਿਆ ਸੀ। ਅਧਿਕਾਰੀਆਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਘਟਨਾ ਵਾਲੀ ਥਾਂ ’ਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ।

ਇਹ ਇਕ ਆਈਈਡੀ ਧਮਾਕਾ ਸੀ ਜਿਸ ਦਾ ਜ਼ਬਰਦਸਤ ਅਸਰ ਹੋਇਆ। ਇਸ ਧਮਾਕੇ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ ਤਿੰਨ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਤੋਂ ਇਲਾਵਾ ਇਸ ਧਮਾਕੇ ‘ਚ ਕਰੀਬ 20 ਲੋਕ ਜ਼ਖਮੀ ਵੀ ਹੋਏ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

ਧਮਾਕੇ ਤੋਂ ਬਾਅਦ ਕੇ.ਪੀ. ਬੰਬ ਨਿਰੋਧਕ ਯੂਨਿਟ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਪਾਕਿਸਤਾਨ ਲੰਬੇ ਸਮੇਂ ਤੋਂ ਅੱਤਵਾਦ ਦਾ ਪਨਾਹਗਾਹ ਰਿਹਾ ਹੈ। ਦੁਨੀਆ ਭਰ ‘ਚ ਹੋ ਰਹੀਆਂ ਅੱਤਵਾਦੀ ਗਤੀਵਿਧੀਆਂ ਦੇ ਤਾਰ ਵੀ ਕਿਸੇ ਨਾ ਕਿਸੇ ਰੂਪ ‘ਚ ਪਾਕਿਸਤਾਨ ਨਾਲ ਜੁੜੇ ਹੋਏ ਹਨ। ਪਰ ਹੁਣ ਪਾਕਿਸਤਾਨ ਵੀ ਅੱਤਵਾਦ ਦੀ ਲਪੇਟ ‘ਚ ਆ ਗਿਆ ਹੈ। ਪਾਕਿਸਤਾਨ ‘ਚ ਪਿਛਲੇ ਦੋ ਸਾਲਾਂ ‘ਚ ਅੱਤਵਾਦੀ ਗਤੀਵਿਧੀਆਂ ‘ਚ ਕਾਫੀ ਵਾਧਾ ਹੋਇਆ ਹੈ।