ਸਟੂਡੈਂਟ ਆਪਣੀਆਂ ਗਲਤੀਆਂ ’ਤੇ ਪਰਦਾ ਪਾਉਣ ਲਈ ਮੇਰੇ ’ਤੇ ਦੋਸ਼ ਲਾ ਰਹੇ, ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ‘ਚ ਬੰਦ ਏਜੰਟ ਬ੍ਰਿਜੇਸ਼ ਮਿਸ਼ਰਾ ਦਾ ਵੱਡਾ ਦਾਅਵਾ

ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਨੂੰ ਜਾਅਲੀ ਸਟੱਡੀ ਪਰਮਿਟ ਦਿਵਾਉਣ ਦੇ ਮਾਮਲੇ ਵਿੱਚ ਘਿਰੇ ਬ੍ਰਿਜੇਸ਼ ਮਿਸ਼ਰਾ ਨੇ ਵੱਡਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਹੈ ਕਿ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ਵਿੱਚ ਬੰਦ ਬ੍ਰਿਜੇਸ਼ ਮਿਸ਼ਰਾ ਨੇ ਕਿਹਾ ਹੈ ਕਿ ਉਸ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਬਲੀ ਦਾ ਬੱਕਰਾ ਬਣਾਇਆ ਹੈ।

ਦਰਅਸਲ ਕੈਨੇਡਾ ਵਿੱਚ ਸਟੱਡੀ ਪਰਮਿਟ ਹਾਸਲ ਕਰਨ ਲਈ ਜਾਅਲੀ ਕਾਲਜ ਦਾਖ਼ਲਾ ਪੱਤਰ ਦੇ ਕੇ ਸੈਂਕੜੇ ਭਾਰਤੀ ਵਿਦਿਆਰਥੀਆਂ ਨਾਲ ਹਜ਼ਾਰਾਂ ਡਾਲਰਾਂ ਦੀ ਠੱਗੀ ਮਾਰਨ ਦੇ ਮੁਲਜ਼ਮ ਇਮੀਗ੍ਰੇਸ਼ਨ ਏਜੰਟ ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ ਬਹੁਤੇ ਪੰਜਾਬੀ ਹੀ ਹਨ। ਬ੍ਰਿਜੇਸ਼ ਮਿਸ਼ਰਾ ਜੂਨ ਤੋਂ ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ਵਿੱਚ ਹੈ।

ਵੀਡੀਓ ਲਿੰਕ ਰਾਹੀਂ ਟੋਰਾਂਟੋ ਵਿੱਚ ਇਮੀਗ੍ਰੇਸ਼ਨ ਟ੍ਰਿਬਿਊਨਲ ਦੇ ਸਾਹਮਣੇ ਆਪਣੀ ਪਹਿਲੀ ਜਨਤਕ ਪੇਸ਼ੀ ਕਰਦੇ ਹੋਏ ਮਿਸ਼ਰਾ ਨੇ ਕਿਹਾ, ‘ਵਿਦਿਆਰਥੀ ਆਪਣੀਆਂ ਗਲਤੀਆਂ ’ਤੇ ਪਰਦਾ ਪਾਉਣ ਮੇਰੇ ’ਤੇ ਦੋਸ਼ ਲਗਾ ਰਹੇ ਹਨ।’ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਮਿਸ਼ਰਾ ‘ਤੇ ਬਿਨਾਂ ਲਾਇਸੈਂਸ ਦੇ ਇਮੀਗ੍ਰੇਸ਼ਨ ਸਲਾਹ ਦੇਣ ਤੇ ਕਿਸੇ ਵਿਅਕਤੀ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਗਲਤ ਜਾਣਕਾਰੀ ਦੇਣ ਜਾਂ ਅਧਿਕਾਰੀਆਂ ਤੋਂ ਜਾਣਕਾਰੀ ਲੁਕਾਉਣ ਲਈ ਸਲਾਹ ਦੇਣ ਦਾ ਦੋਸ਼ ਲਗਾਇਆ ਹੈ।