ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ 41 ਕੈਨੇਡੀਆਈ ਡਿਪਲੋਮੈਟਾਂ ਦੀ ਡਿਪਲੋਮੇਸੀ ਛੋਟ ਰੱਦ ਕਰ ਕੇ ਭਾਰਤ ਸਰਕਾਰ ਭਾਰਤ ਅਤੇ ਕੈਨੇਡਾ ਵਿਚ ਲੱਖਾਂ ਲੋਕਾਂ ਦੇ ਲਈ ਜ਼ਿੰਦਗੀ ਨੂੰ ਆਮ ਤੌਰ ’ਤੇ ਜਾਰੀ ਰੱਖਣਾ ਔਖਾ ਬਣਾ ਰਹੀ ਹੈ ਅਤੇ ਉਹ ਕੂਟਨੀਤੀ ਦੇ ਬਹੁਤ ਹੀ ਬੁਨਿਆਦੀ ਸਿਧਾਂਤ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਲੱਖਾਂ ਕੈਨੇਡੀਆਈ ਲੋਕਾਂ ਲਈ ਬਹੁਤ ਚਿੰਤਤ ਹਨ ਜੋ ਭਾਰਤੀ ਉਪ ਮਹਾਦੀਪ ਨਾਲ ਸਬੰਧਤ ਹਨ। ਉਨ੍ਹਾਂ ਦਾ ਸੰਕੇਤ ਖਾਸ ਕਰ ਕੇ ਕੈਨੇਡਾ ਵਿਚ ਵਸੇ ਲੱਖਾਂ ਪੰਜਾਬੀਆਂ ਵੱਲ ਹੈ।
ਬ੍ਰੈਂਪਟਨ ਵਿਚ ਇਕ ਟੈਲੀਵਿਜ਼ਨ ਪ੍ਰੈੱਸ ਕਾਨਫਰੰਸ ਵਿਚ ਟਰੂਡੋ ਨੇ ਕਿਹਾ ਕਿ ਕੈਨੇਡੀਆਈ ਡਿਪਲੋਮੈਟਾਂ ’ਤੇ ਭਾਰਤ ਸਰਕਾਰ ਦੀ ਕਾਰਵਾਈ ਨਾਲ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਬੜਾ ਚਿੰਤਤ ਹੋਣਾ ਚਾਹੀਦਾ ਹੈ। ਟਰੂਡੋ ਦੀ ਇਹ ਟਿੱਪਣੀ ਕੈਨੇਡਾ ਦੇ ਇਹ ਕਹਿਣ ਦੇ ਬਾਅਦ ਆਈ ਹੈ ਕਿ ਉਸਨੇ ਆਪਣੇ 41 ਡਿਪਲੋਮੈਟਾਂ ਦਾ ਦਰਜਾ ਰੱਦ ਕਰਨ ਦੇ ਭਾਰਤੀ ਬਿਆਨ ਦੇ ਬਾਅਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ 42 ਆਸ਼ਰਿਤਾਂ ਨੂੰ ਭਾਰਤ ਤੋਂ ਵਾਪਸ ਬੁਲਾ ਲਿਆ ਹੈ।