ਅਮਰੀਕਾ ਦੇ ਦੱਖਣੀ ਲੂਸੀਆਨਾ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਕਾਰਨ ਫੈਲੇ ਸੰਘਣੇ ਧੂੰਏਂ (ਸੁਪਰਫੌਗ) ਅਤੇ ਧੁੰਦ ਦੀ ਸੰਘਣੀ ਪਰਤ ਕਾਰਨ ਸੋਮਵਾਰ ਨੂੰ ਕਰੀਬ 158 ਵਾਹਨ ਆਪਸ ‘ਚ ਟਕਰਾ ਗਏ, ਜਿਸ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ।
ਲੂਸੀਆਨਾ ਸਟੇਟ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਘਟਨਾ ਸਥਾਨ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਗਵਰਨਰ ਜੌਹਨ ਬੇਲ ਐਡਵਰਡਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਟਨਾ ਵਿਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਲਈ ਪ੍ਰਾਰਥਨਾ ਕਰਨ ਅਤੇ ਖੂਨਦਾਨ ਕਰਨ ਲਈ ਅੱਗੇ ਆਉਣ।
ਨਿਊ ਓਰਲੀਨਜ਼ ਨੇੜੇ ਇੰਟਰਸਟੇਟ-55 ‘ਤੇ ਵਾਪਰੇ ਇਸ ਹਾਦਸੇ ਦਾ ਦਰਦਨਾਕ ਦ੍ਰਿਸ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਉਜ਼ ਅਤੇ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ। ਵੱਡੀ ਗਿਣਤੀ ਵਿਚ ਵਾਹਨ ਆਪਸ ਵਿਚ ਟਕਰਾ ਕੇ ਇਕ ਦੂਜੇ ਦੇ ਉਪਰ ਚੜ੍ਹ ਗਏ, ਜਿਸ ਕਾਰਨ ਉਨ੍ਹਾਂ ਵਿਚ ਅੱਗ ਲੱਗ ਗਈ।
ਇਸ ਹਾਦਸੇ ਕਾਰਨ ਅੰਤਰਰਾਜੀ-55 ‘ਤੇ ਲੰਮਾ ਜਾਮ ਲੱਗ ਗਿਆ। ਪੀੜਤਾਂ ਨੂੰ ਮੌਕੇ ਤੋਂ ਕੱਢਣ ਲਈ ਸਕੂਲ ਬੱਸਾਂ ਦੀ ਮਦਦ ਲਈ ਗਈ। ਇਸ ਦੇ ਨਾਲ ਹੀ, ਵਿਜ਼ੀਬਿਲਟੀ ਦੀ ਘਾਟ ਕਾਰਨ, ਅਧਿਕਾਰੀਆਂ ਨੇ ਅੰਤਰਰਾਜੀ-10 ਅਤੇ 24 ਮੀਲ ਲੰਬੀ ਝੀਲ ਪੋਂਚਰਟਰੇਨ ਕਾਜ਼ਵੇਅ ਨੂੰ ਵੀ ਆਵਾਜਾਈ ਲਈ ਬੰਦ ਕਰ ਦਿਤਾ।