ਪ੍ਰੋ. ਕੁਲਬੀਰ ਸਿੰਘ
ਪਹਿਲਾਂ ਪਹਿਲ ਜਦ ਲੋਕ ਫ਼ਿਲਮ ਵੇਖ ਕੇ ਸਿਨੇਮਾ ਹਾਲ ਚੋਂ ਬਾਹਰ ਨਿਕਲਦੇ ਸਨ ਤਾਂ ਉਨ੍ਹਾਂ ਦਾ ਜੋ ਪਹਿਲਾ ਪ੍ਰਭਾਵ ਹੁੰਦਾ ਸੀ ਉਹੀ ਫ਼ਿਲਮ ਦਿਾ ਰੀਵਿਊ ਹੁੰਦਾ ਸੀ। ਉਹੀ ਪੈਮਾਨਾ ਹੁੰਦਾ ਸੀ। ਦਰਸ਼ਕ ਸਿਨੇਮਾ ਹਾਲ ਵਿਚੋਂ ਬਾਹਰ ਨਿਕਲਦੇ ਕਹਿੰਦੇ ਸਨ, ʽʽ ਫ਼ਿਲਮ ਬੜੀ ਵਧੀਆ ਹੈ।ʼʼ ਜਾਂ ʽʽਬੜੀ ਕਮਾਲ ਦੀ ਫ਼ਿਲਮ ਹੈ।ʼʼ ਇਹੀ ਫ਼ਿਲਮ ਬਾਰੇ ਪਹਿਲਾ ਪ੍ਰਭਾਵ ਹੁੰਦਾ ਸੀ। ਇਹੀ ਫ਼ਿਲਮ ਦਾ ਰੀਵਿਊ ਹੁੰਦਾ ਸੀ।
ਅੱਗੋਂ ਇਸ ਆਧਾਰ ʼਤੇ ਲੋਕ ਫ਼ਿਲਮ ਵੇਖਣ ਜਾਇਆ ਕਰਦੇ ਸਨ। ਮੂੰਹੋਂ ਮੂੰਹੀਂ ਗੱਲ ਅੱਗੇ ਪਹੁੰਚਦੀ ਸੀ। ਮੂੰਹੋਂ ਮੂੰਹੀਂ ਪ੍ਰਚਾਰ ਹੁੰਦਾ ਸੀ। ਕਿੰਨੀ ਕਮਾਈ ਕੀਤੀ ਹੈ, ਨਾ ਕਦੇ ਕਿਸੇ ਸੁਣਿਆ ਸੀ, ਨਾ ਹਿਸਾਬ ਲਗਾਇਅ ਸੀ। ਬੱਸ ਇਹ ਦੱਸਿਆ ਜਾਂਦਾ ਸੀ ਕਿ ਫ਼ਿਲਮ ਕਿੰਨੇ ਮਹੀਨੇ ਚੱਲੀ। ਕਈ ਫ਼ਿਲਮਾਂ ਮਹੀਨਿਆਂ ਤੱਕ, ਛੇ ਮਹੀਨੇ ਤੱਕ, ਸਾਲ ਤੱਕ ਚੱਲਦੀਆਂ ਸਨ। ਉਹ ਫ਼ਿਲਮਾਂ ਇਤਿਹਾਸ ਦਾ ਹਿੱਸਾ ਬਣ ਜਾਂਦੀਆਂ ਸਨ। ਜਿਵੇਂ ਅਵਾਰਾ, ਦੋ ਬਿਘਾ ਜ਼ਮੀਨ, ਮਧੂਮਤੀ, ਸ਼ੋਲੇ, ਅਰਾਧਨਾ, ਮਦਰ ਇੰਡੀਆ, ਅਨਾਰਕਲੀ, ਮੁਗਲੇ ਆਜ਼ਮ, ਗਾਈਡ, ਆਨੰਦ, ਵਕਤ, ਕਾਬਲੀਵਾਲਾ, ਗੁੱਡੀ, ਕਭੀ ਕਭੀ, ਹੀਰ ਰਾਂਝਾ, ਕਟੀ ਪਤੰਗ, ਉਪਕਾਰ, ਸ੍ਰੀ 420, ਸਾਹਿਬ ਬੀਵੀ ਔਰ ਗੁਲਾਮ, ਮੇਰਾ ਨਾਮ ਯੋਕਰ, ਬੌਧੀ ਆਦਿ ਅਜਿਹੀਆਂ ਹੀ ਫ਼ਿਲਮਾਂ ਸਨ। ਦਰਸ਼ਕ ਬੜੇ ਮਾਣ ਨਾਲ ਦੱਸਿਆ ਕਰਦੇ ਸਨ ਕਿ ਮੈਂ ਇਹ ਫ਼ਿਲਮ ਐਨੀ ਵਾਰ ਵੇਖੀ ਹੈ।
ਸਮੇਂ ਨਾਲ ਸਭ ਬਦਲ ਗਿਆ ਹੈ। ਅੱਜ ਫ਼ਿਲਮ ਦੇ ਚੰਗੀ ਮਾੜੀ ਹੋਣ ਦੀ ਗੱਲ ਨਹੀਂ ਹੁੰਦੀ ਅੱਜ ਕੇਵਲ ਕਮਾਈ ਦੀ ਗੱਲ ਹੁੰਦੀ ਹੈ। ਸੌ ਕਰੋੜੀ, 200 ਕਰੋੜੀ, 300 ਕਰੋੜੀ। ਅਖ਼ਬਾਰਾਂ ਵਿਚ, ਸੋਸ਼ਲ ਮੀਡੀਆ ʼਤੇ ਕੇਵਲ ਇਹ ਦੱਸਿਆ ਜਾਂਦਾ ਹੈ ਕਿ ਫ਼ਿਲਮ ਨੇ ਹੁਣ ਤੱਕ ਕਮਾਈ ਕਿੰਨੀ ਕੀਤੀ ਹੈ। ਫ਼ਿਲਮ ਨੂੰ ਨਾਪਣ ਦਾ ਬੱਸ ਇਹੀ ਇਕ ਪੈਮਾਨਾ ਰਹਿ ਗਿਆ ਹੈ।
ਇਕ ਉਹ ਸਮਾਂ ਵੀ ਆਇਆ ਜਦ ਅਖ਼ਬਾਰਾਂ, ਰਸਾਲਿਆਂ ਵਿਚ ਪ੍ਰਕਾਸ਼ਿਤ ਹੋਣ ਵਾਲੇ ਰੀਵਿਊ ਪੜ੍ਹ ਕੇ ਲੋਕ ਉਚੇਚੇ ਤੌਰ ʼਤੇ ਫ਼ਿਲਮ ਵੇਖਣ ਜਾਇਆ ਕਰਦੇ ਸਨ।
ਭਾਰਤੀ ਸਿਨੇਮਾ ਨੇ ਮਨੋਰੰਜਨ ਤੋਂ ਯਥਾਰਥ ਤੱਕ ਦਾ ਲੰਮਾ ਸਫ਼ਰ ਤੈਅ ਕੀਤਾ ਹੈ। ਦੁਨੀਆਂ ਵਿਚ 1895 ਵਿਚ ʽਅਰਾਈਵਲ ਆਫ਼ ਦਾ ਟ੍ਰੇਨʼ ਪਹਿਲੀ ਫ਼ਿਲਮ ਬਣੀ ਸੀ। ਇਨ੍ਹਾਂ 10-12 ਦਹਾਕਿਆਂ ਵਿਚ ਵਿਸ਼ਵ ਸਿਨੇਮਾ ਕਿੱਥੋਂ ਕਿੱਥੇ ਪਹੁੰਚ ਗਿਆ ਹੈ ਇਤਿਹਾਸ ʼਤੇ ਨਜ਼ਰ ਮਾਰਿਆਂ ਡਾਹਢੀ ਹੈਰਾਨੀ ਹੁੰਦੀ ਹੈ।
ਭਾਰਤ ਵਿਚ 1913 ਤੋਂ 1931 ਤੱਕ ਮੂਕ ਫ਼ਿਲਮਾਂ ਦਾ ਦੌਰ ਰਿਹਾ। ਦਾਦਾ ਸਾਹਿਬ ਫਾਲਕੇ ਨੇ 1913 ਵਿਚ ਪਹਿਲੀ ਮੂਕ ਫ਼ਿਲਮ ਰਾਜਾ ਹਰਿਸ਼ਚੰਦਰ ਬਣਾਈ ਸੀ। ਫਿਰ ਇਕ ਦੌਰ ਆਇਆ ਜਿਸਨੂੰ ਭਾਰਤੀ ਫ਼ਿਲਮਾਂ ਦਾ ਸੁਨਹਿਰੀ ਸਮਾਂ ਕਿਹਾ ਜਾਂਦਾ ਹੈ। ਰਾਜ ਕਪੂਰ, ਦਲੀਪ ਕੁਮਾਰ, ਮੀਨਾ ਕੁਮਾਰੀ, ਗੁਰੂ ਦੱਤ, ਨਰਗਿਸ, ਮਧੂ ਬਾਲਾ ਇਸੇ ਦੌਰ ਦੇ ਅਦਾਕਾਰ ਸਨ। ਇਹ ਸਮਾਂ ਅਰਥ-ਭਰਪੂਰ ਫ਼ਿਲਮਾਂ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਦਾ ਸੀ।
1970 ਤੋਂ ਬਾਅਦ ਦੀਆਂ ਫ਼ਿਲਮਾਂ ਵਿਚ ਸੰਗੀਤ, ਕਾਮੇਡੀ, ਐਕਸ਼ਨ, ਰੁਮਾਂਸ ਅਤੇ ਨਾਟਕੀ-ਅੰਸ਼ ਦੀ ਬਹੁਤਾਤ ਹੋ ਗਈ। ਫ਼ਿਲਮਾਂ ਨੂੰ ਚਰਚਿਤ ਕਰਨ ਲਈ ਤਰ੍ਹਾਂ ਤਰ੍ਹਾਂ ਦਾ ਮਸਾਲਾ ਭਰਿਆ ਜਾਣ ਲੱਗਾ।
ਭਾਰਤੀ ਫ਼ਿਲਮਾਂ ਦੀ ਸੱਭ ਤੋਂ ਵੱਡੀ ਦੇਣ ਅਦਾਕਾਰੀ ਅਤੇ ਸੰਗੀਤ ਦੇ ਖੇਤਰ ਲਈ ਮੰਨੀ ਜਾਂਦੀ ਉਨ੍ਹਾਂ ਫ਼ਿਲਮੀ ਕਲਾਕਾਰਾਂ ਦੀ ਲੰਮੀ ਸੂਚੀ ਹੈ ਜਿਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਇਸੇ ਤਰ੍ਹਾਂ ਸੰਗੀਤ ਦੇ ਖੇਤਰ ਵਿਚ ਫ਼ਿਲਮੀ ਸੰਗੀਤਕਾਰਾਂ ਅਤੇ ਗਾਇਕ ਕਲਾਕਾਰਾਂ ਦੀ ਲੰਮੀ ਲਿਸਟ ਹੈ ਜਿਨ੍ਹਾਂ ਨੂੰ ਸੰਗੀਤ ਪ੍ਰੇਮੀ ਬੇਹੱਦ ਪਿਆਰ ਸਤਿਕਾਰ ਦੀ ਨਜ਼ਰ ਨਾਲ ਵੇਖਦੇ ਹਨ। ਮੁਕੇਸ਼, ਕੁੰਦਨ ਲਾਲ ਸਹਿਗਲ, ਮੰਨਾ ਡੇ, ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ ਇਸ ਸੂਚੀ ਦੇ ਚਮਕਦੇ ਸਿਤਾਰੇ ਹਨ।
ਅੱਜ ਵਧੇਰੇ ਫ਼ਿਲਮਾਂ ਮਨੋਰੰਜਨ ਪ੍ਰਧਾਨ ਅਤੇ ਮਾਰਧਾੜ ਵਾਲੀਆਂ ਬਣ ਰਹੀਆਂ ਹਨ। ਇਨ੍ਹਾਂ ਵਿਚੋਂ ਜਿਹੜੀ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਵਿਚ ਕਾਮਯਾਬ ਹੋ ਜਾਂਦੀ ਹੈ ਉਹ ਕਮਾਈ ਵਿਚ ਵੀ ਅੱਗੇ ਨਿਕਲ ਜਾਂਦੀ ਹੈ। ਪਰ ਇਹ ਗੱਲ ਬਹੁਤ ਘੱਟ ਹੁੰਦੀ ਹੈ ਕਿ ਫ਼ਿਲਮ ਚੰਗੀ ਹੈ ਜਾਂ ਨਹੀਂ। ਜੇ ਚੰਗੀ ਹੈ ਤਾਂ ਕਿਉਂ ਚੰਗੀ ਹੈ।
ਭਾਰਤ ਵਿਚ ਹਰੇਕ ਸਾਲ 1500 ਤੋਂ 2000 ਤੱਕ ਫ਼ਿਲਮਾਂ ਬਣਦੀਆਂ ਹਨ ਜਿਹੜੀਆਂ 20 ਤੋਂ ਵੱਧ ਭਾਸ਼ਾਵਾਂ ਵਿਚ ਹੁੰਦੀਆਂ ਹਨ। ਬਾਵਜੂਦ ਇਸਦੇ ਭਾਰਤੀ ਫ਼ਿਲਮ ਉਦਯੋਗ ਕਮਾਈ ਪੱਖੋਂ ਵਿਸ਼ਵ ਦੇ ਹੋਰਨਾਂ ਉਦਯੋਗਾਂ ਮੁਕਾਬਲੇ ਛੋਟਾ ਹੈ। ਸਾਲ 2023 ਵਿਚ ਇਸਦੀ ਕਮਾਈ 200 ਬਿਲੀਅਨ ਦੇ ਕਰੀਬ ਸੀ ਅਤੇ ਟਿਕਟ-ਖਿੜਕੀ ʼਤੇ 12225 ਕਰੋੜ ਰੁਪਏ ਇਕੱਤਰ ਹੋਏ ਸਨ ਜਿਹੜੇ 2022 ਨਾਲੋਂ 15 ਪ੍ਰਤੀਸ਼ਤ ਵੱਧ ਸਨ।