ਐਮਅਰਐਸਪੀਟੀਯੂ ਵਿਖੇ ਨਾਟਿਅਮ ਪੰਜਾਬ ਵੱਲੋਂ ਕਰਵਾਇਆ ਜਾ ਰਿਹਾ ਹੈ 15 ਰੋਜ਼ਾ 12ਵਾਂ ਕੌਮੀ ਨਾਟਕ ਮੇਲਾ
ਬਠਿੰਡਾ, 27 ਅਕਤੂਬਰ – ਉੱਘੇ ਰੰਗਕਰਮੀ ਕੀਰਤੀ ਕਿਰਪਾਲ ਦੀ ਅਗੁਵਾਈ ਵਿਚ ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡ੍ਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਬਠਿੰਡਾ ਦੇ ਐਮਅਰਐਸਪੀਟੀਯੂ ਕੈਂਪਸ ਵਿਖੇ ਕਰਵਾਏ ਜਾ ਰਹੇ 15 ਰੋਜ਼ਾ 12ਵੇਂ ਕੌਮੀ ਨਾਟਕ ਮੇਲੇ ਦੀ ਤੀਸਰੀ ਸ਼ਾਮ ਨਿਰਦੇਸ਼ਕ ਕੈਲਾਸ਼ ਕੁਮਾਰ ਦੇ ਨਿਰਦੇਸ਼ਨ ਹੇਠ ਡਾ. ਅਨਿਲ ਕਾਰਕੀ ਦਾ ਲਿਖਿਆ ਨਾਟਕ ਮਾਧੋ ਸਿੰਘ ਭੰਡਾਰੀ ਭਾਵ ਰਾਗ ਤਾਲ ਅਕਾਦਮੀ, ਉਤਰਾਖੰਡ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ। ਨਾਟਕ ਦੌਰਾਨ ਪਾਣੀ ਦੀ ਸਮੱਸਿਆ ਰਾਹੀਂ ਦਿਖਾਇਆ ਗਿਆ ਕਿ ਸਿਆਸਤ ਅਤੇ ਧਰਮ ਲੋਕਾਂ ਦੀ ਆਮ ਜ਼ਿੰਦਗੀ ਤੱਕ ਵੀ ਦਾਖਿਲ ਹੋ ਜਾਂਦੇ ਹਨ ਅਤੇ ਕਿਸੇ ਵੀ ਮੁੱਦੇ ਨੂੰ ਅਤਿਅੰਤ ਗੰਭੀਰ ਬਣਾ ਦਿੱਤਾ ਜਾਂਦਾ ਹੈ। ਪਰ ਇਸ ਦੌਰਾਨ ਜੇਕਰ ਲੋਕ ਆਪ ਉਜਾਗਰ ਹੋਣ ਤਾਂ ਉਹ ਇੱਕ-ਜੁੱਟਤਾ ਨਾਲ ਰਲ ਮਿਲ ਕੇ ਪਹਾੜਾਂ ਨੂੰ ਚੀਰ ਕੇ ਨਦੀਆਂ ਵੀ ਕੱਢ ਸਕਦੇ ਹਨ।
ਨਾਟਕ ਦੀ ਸ਼ੁਰੂਆਤ ਮੌਕੇ ਪਹੁੰਚੇ ਵਿਸ਼ੇਸ਼ ਮਹਿਮਾਨਾਂ ਵੱਲੋਂ ਸ਼ਮਾ ਰੌਸ਼ਨ ਕਰਦਿਆਂ ਸ਼ਾਮ ਦਾ ਆਗਾਜ਼ ਕੀਤਾ ਗਿਆ, ਜਿੰਨ੍ਹਾਂ ਵਿੱਚ ਐਮਅਰਐਸਪੀਟੀਯੂ ਦੇ ਰਜਿਸਟਰਾਰ ਡਾ. ਜੀਪੀ ਐਸ ਬਰਾੜ, ਮਾਹਿਰ ਨਿਊਰੋਲੋਜਿਸਟ ਡਾ ਰੌਨਿਲ ਕੌਸ਼ਲ, ਮੈਕਸ ਹਸਪਤਾਲ ਬਠਿੰਡਾ ਦੇ ਜੀਐਮ ਡਾ ਸਤਵਿੰਦਰ ਸਿੰਘ ਅਤੇ ਪੰਜਾਬੀ ਲੇਖਕ ਡਾ ਤਰਸੇਮ ਨਰੂਲਾ ਵੱਲੋਂ ਸ਼ਮੂਲੀਅਤ ਕਰਦੇ ਹੋਏ ਸ਼ਾਮ ਨੂੰ ਚਾਰ ਚੰਨ ਲਗਾਏ ਗਏ। ਆਏ ਮਹਿਮਾਨਾਂ ਨੇ ਜਿੱਥੇ ਨਾਟਕ ਦੀ ਸ਼ਲਾਂਘਾ ਕੀਤੀ, ਉੱਥੇ ਹੀ ਕੀਰਤੀ ਕਿਰਪਾਲ ਅਤੇ ਉਸਦੀ ਟੀਮ ਵੱਲੋਂ ਕੀਤੇ ਜਾ ਰਹੇ ਉਦਮਾਂ ਲਈ ਵੀ ਵਧਾਈ ਦਿੱਤੀ