ਬੜੀ ਔਖੀ ਹੈ ਜੰਗ ਦੀ ਲਾਈਵ ਕਵਰੇਜ

ਇਸਰਾਈਲ ਅਤੇ ਹਮਾਸ ਦਰਮਿਆਨ ਚਲ ਰਹੀ ਜੰਗ ਦੌਰਾਨ ਹੁਣ ਤੱਕ 15 ਪੱਤਰਕਾਰਾਂ ਦੀ ਮੌਤ ਹੋ ਚੁੱਕੀ ਹੈ। ਦੋ ਲਾਪਤਾ ਹਨ ਅਤੇ 20 ਦੇ ਕਰੀਬ ਜ਼ਖਮੀ ਹਨ। ਪੱਤਰਕਾਰਾਂ ਦੇ ਹੱਕਾਂ ਹਿੱਤਾਂ ਦੀ ਗੱਲ ਕਰਨ ਵਾਲੀ ਇਕ ਵੈੱਬਸਾਈਟ ਨੇ ਇਹ ਜਾਣਕਾਰੀ ਨਸ਼ਰ ਕੀਤੀ ਹੈ।
ਦੁਨੀਆਂ ਭਰ ਦੇ ਪੱਤਰਕਾਰ ਗਾਜ਼ਾ ਪੱਟੀ ਤੋਂ ਲਾਈਵ ਕਵਰੇਜ ਭੇਜ ਰਹੇ ਹਨ। ਅਜਿਹਾ ਕਰਦੇ ਵਕਤ ਉਹ ਖ਼ੁਦ ਦੀ ਜ਼ਿੰਦਗੀ ਨੂੰ ਵੱਡੇ ਖ਼ਤਰੇ ਵਿਚ ਪਾ ਲੈਂਦੇ ਹਨ। ਸੰਕਟ ਦੇ ਇਸ ਸਮੇਂ ਦੌਰਾਨ ਆਪਣੀ ਡਿਊਟੀ ਨਿਭਾਉਂਦਿਆਂ ਉਹ ਮਹੱਤਵਪੂਰਨ ਕਾਰਜ ਕਰ ਰਹੇ ਹਨ।

14 ਅਕਤੂਬਰ ਨੂੰ ਇਕ ਵੀਡੀਓ ਗ੍ਰਾਫਰ ਦੀ ਮੌਤ ਹੋ ਗਈ। ਜਦੋਂ ਇਕ ਗੋਲਾ ਅਚਾਨਕ ਉਸ ʼਤੇ ਆਣ ਡਿੱਗਾ। ਜਿਵੇਂ ਛੁਡਾਉਣ ਵਾਲੇ ਨੂੰ ਦੋਵਾਂ ਪਾਸਿਆਂ ਤੋਂ ਪੈਂਦੀਆਂ ਹਨ। ਜੰਗ ਵਿਚ ਪੱਤਰਕਾਰ ਦੀ ਹਾਲਤ ਵੀ ਇਹੀ ਹੁੰਦੀ ਹੈ। ਅਲਜ਼ਜ਼ੀਰਾ ਦਾ ਕੈਮਰਾਮੈਨ ਏਲੀ ਬ੍ਰਾਖਿਆ ਅਤੇ ਪੱਤਰਕਾਰ ਕਾਰਮੈੱਨ ਜੋਖਾਦਾਰ ਜ਼ਖ਼ਮੀ ਹੋ ਗਏ ਹਨ। ਫਰਾਂਸ ਦੀ ਖ਼ਬਰ ਏਜੰਸੀ ਏ.ਐਫ਼.ਪੀ. ਦੇ ਦੋ ਫ਼ੋਟੋਗ੍ਰਾਫਰ ਕ੍ਰਿਸਟੀਨਾ ਐਸੀ ਅਤੇ ਵੀਡੀਓ ਪੱਤਰਕਾਰ ਡਾਇਲਾਨ ਕੌਲਿਨਜ਼ ਵੀ ਜ਼ਖ਼ਮੀਆਂ ਵਿਚ ਸ਼ਾਮਲ ਹਨ।

ਬੀ.ਬੀ.ਸੀ. ਨੇ ਦਾਅਵਾ ਕੀਤਾ ਹੈ ਕਿ ਉਸਦੇ ਪੱਤਰਕਾਰਾਂ ਨਾਲ ਕੁੱਟਮਾਰ ਕੀਤੀ ਗਈ ਹੈ। ਅਜਿਹੇ ਸੰਕਟ ਸਮੇਂ ਦੁਨੀਆਂ ਭਰ ਵਿਚੋਂ ਮੀਡੀਆ ਕਰਮਚਾਰੀ, ਅਧਿਕਾਰੀ ਅੰਤਰ-ਰਾਸ਼ਟਰੀ ਨਿਯਮ-ਕਾਨੂੰਨ ਤਹਿਤ ਪ੍ਰਵਾਨਗੀ ਲੈਣ ਉਪਰੰਤ ਜੰਗ ਦੀ ਕਵਰੇਜ ਲਈ ਪਹੁੰਚਦੇ ਹਨ। ਅਚਨਚੇਤ ਹਮਲੇ ਦੀ ਲਪੇਟ ਵਿਚ ਆ ਜਾਣਾ ਤਾਂ ਸਮਝ ਆਉਂਦਾ ਹੈ ਪਰੰਤੂ ਕੁੱਟਮਾਰ ਦੀ, ਵਧੀਕੀਆਂ ਦੀ, ਕਵਰੇਜ ਤੋਂ ਰੋਕਣ ਦੀ ਗੱਲ ਸਮਝ ਤੋਂ ਬਾਹਰ ਹੈ।
ਓਧਰ ਸੋਸ਼ਲ ਮੀਡੀਆ ʼਤੇ ਜੰਗ ਦੇ ਸਬੰਧ ਵਿਚ ਜਾਅਲੀ ਖ਼ਬਰਾਂ ਅਤੇ ਗ਼ਲਤ ਜਾਣਕਾਰੀ ਦਾ ਹੜ੍ਹ ਆਇਆ ਹੋਇਆ ਹੈ। ਨਤੀਜੇ ਵਜੋਂ ਦੁਨੀਆਂ ਭਰ ਦੇ ਲੋਕਾਂ ਲਈ ਅਸਲੀਅਤ ਨੂੰ ਸਮਝਣਾ ਅਤੇ ਜ਼ਮੀਨੀ ਹਕੀਕਤ ਬਾਰੇ ਜਾਨਣਾ ਮੁਸ਼ਕਲ ਹੋ ਗਿਆ ਹੈ। ਕਿਹੜੀ ਤਸਵੀਰ, ਕਿਹੜੀ ਵੀਡੀਓ ਅਸਲੀ ਹੈ ਅਤੇ ਕਿਹੜੀ ਫ਼ਰਜ਼ੀ ਤੱਤਫਟ ਨਿਖੇੜਾ ਤੇ ਨਿਤਾਰਾ ਕਰਨਾ ਕਠਿਨ ਹੋ ਗਿਆ ਹੈ। ਦੁਨੀਆਂ ਭਰ ਦਾ ਮੀਡੀਆ ਵੀ ਆਪੋ ਆਪਣੇ ਮੁਲਕ ਦੇ ਜੰਗ ਪ੍ਰਤੀ ਨਜ਼ਰੀਏ ਅਨੁਸਾਰ ਕਵਰੇਜ ਕਰ ਰਿਹਾ ਹੈ। ਜਿਸਨੇ ਜਿਹੜਾ ਪੱਖ ਉਭਾਰਨਾ ਹੈ ਉਸਨੂੰ ਉਭਾਰ ਰਿਹਾ ਹੈ ਅਤੇ ਜਿਹੜਾ ਪਹਿਲੂ ਲੁਕਾਉਣਾ-ਛੁਪਾਉਣਾ ਹੈ ਉਸਨੂੰ ਲੁਕਾ ਛੁਪਾ ਰਿਹਾ ਹੈ।

ਜੰਗ ਹਮੇਸ਼ਾ ਮੀਡੀਆ ਲਈ ਆਕਰਸ਼ਨ ਦਾ ਕੇਂਦਰ ਰਹੀ ਹੈ ਕਿਉਂ ਕਿ ਇਸ ਨਾਲ ਲੋਕਾਂ ਦੇ ਹਿੱਤ ਜੁੜੇ ਹੁੰਦੇ ਹਨ। ਇਸ ਲਈ ਚਾਹੁੰਦੇ, ਨਾ ਚਾਹੁੰਦੇ ਵੀ ਅਖ਼ਬਾਰਾਂ, ਰੇਡੀਓ, ਟੇਲੀਵਿਜ਼ਨ, ਸੋਸ਼ਲ ਮੀਡੀਆ ਦੀ ਸ਼ਮੂਲੀਅਤ ਹੋ ਜਾਂਦੀ ਹੈ। ਇਸੇ ਲਈ ਲੜ੍ਹਾਈ ਦੌਰਾਨ ਮੀਡੀਆ ਦੀ ਭੂਮਿਕਾ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਭਾਰਤੀ ਖ਼ਬਰ ਚੈਨਲ ਇਸ ਮਹੱਤਵ ਨੂੰ ਨਜ਼ਰ ਅੰਦਾਜ਼ ਕਰਦਿਆਂ ਦਰਸ਼ਕਾਂ ਅੱਗੇ ਲੜਾਈ ਹੀ ਪਰੋਸਣ ਲੱਗ ਜਾਂਦੇ ਹਨ ਅਤੇ ਓਨੀ ਦੇਰ ਪਰੋਸਦੇ ਰਹਿੰਦੇ ਹਨ ਜਦ ਤੱਕ ਦਰਸ਼ਕ ਮਿਲਦੇ ਰਹਿੰਦੇ ਹਨ। ਹਰੇਕ ਜੰਗ ਸਮੇਂ ਭਾਰਤੀ ਚੈਨਲਾਂ ਦੀ ਪਹੁੰਚ ਇਹੀ ਰਹੀ ਹੈ। ਅਰਥਾਤ ਜੰਗ ਨੂੰ ਵੀ ਦਰਸ਼ਕ-ਗਿਣਤੀ ਵਧਾਉਣ ਲਈ ਵਰਤਿਆ ਜਾਂਦਾ ਹੈ। ਇਹ ਵੀ ਸੱਚ ਹੈ ਕਿ ਕੋਈ ਵੀ ਦਰਸ਼ਕ ਜੰਗ ਦੇ ਕਰੂਰ ਦ੍ਰਿਸ਼ ਵੇਖਣੇ ਪਸੰਦ ਨਹੀਂ ਕਰਦਾ ਕਿਉਂ ਕਿ ਅਜਿਹੇ ਦ੍ਰਿਸ਼, ਅਜਿਹੀ ਵੀਡੀਓ ਵੇਖਣ ਨਾਲ ਵਿਅਕਤੀ ਦੇ ਤਨ-ਮਨ ʼਤੇ ਗਹਿਰੇ ਬੁਰੇ ਪ੍ਰਭਾਵ ਪੈਂਦੇ ਹਨ।

ਯੁੱਧ ਦੇ ਕੁਝ ਅੰਤਰ-ਰਾਸ਼ਟਰੀ ਨਿਯਮ-ਕਾਨੂੰਨ ਹਨ। ਇਜਰਾਈਲ ਅਤੇ ਹਮਾਸ ਦੋਵੇਂ ਇਕ ਦੂਸਰੇ ʼਤੇ ਇਹ ਨਿਯਮ ਤੋੜਨ ਦੇ ਇਲਜ਼ਾਮ ਲਾ ਰਹੇ ਹਨ। ਇਸ ਸਥਿਤੀ ਵਿਚ ਕੌਮਾਂਤਰੀ ਮੀਡੀਆ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸਲੀਅਤ ਦੁਨੀਆਂ ਸਾਹਮਣੇ ਪੇਸ਼ ਕਰੇ। ਅਫ਼ਸੋਸ ਕਿ ਜੰਗ ਦੀ ਕਵਰੇਜ ਦੇ ਮੀਡੀਆ ਦੇ ਆਪਣੇ ਕੋਈ ਨਿਯਮ ਨਹੀਂ ਹਨ। ਜਦ ਕੋਈ ਦੇਸ਼ ਜੰਗ ਦੇ ਕੌਮਾਂਤਰੀ ਨਿਯਮ-ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਇਸਨੂੰ ਯੁੱਧ-ਅਪਰਾਧ ਦਾ ਨਾਂ ਦਿੱਤਾ ਜਾਂਦਾ ਹੈ। ਮੀਡੀਆ ਦਾ ਇਕ ਹਿੱਸਾ ਇਸ ਲੜਾਈ ਦੌਰਾਨ ਹੋ ਰਹੇ ਯੁੱਧ-ਅਪਰਾਧ ਦੀ ਗੱਲ ਵੀ ਕਰ ਰਿਹਾ ਹੈ।

ਦਰਅਸਲ ਇਹ ਯੁੱਧ ਦਾ ਯੁੱਗ ਨਹੀਂ ਹੈ। ਜਿਵੇਂ ਦੋ ਮੁਲਕਾਂ ਦੇ ਲੋਕਾਂ ʼਤੇ ਜੰਗ ਥੋਪੀ ਜਾਂਦੀ ਹੈ ਇਵੇਂ ਨਿਊਜ਼ ਚੈਨਲਾਂ ਦੁਆਰਾ ਦਰਸ਼ਕਾਂ ਨੂੰ ਵੀ ਜਬਰਦਸਤੀ ਵਿਖਾਈ ਜਾਂਦੀ ਹੈ। ਇਕ ਜੰਗ ਦੋ ਦੇਸ਼ਾਂ ਦਰਮਿਆਨ ਲੜੀ ਜਾ ਰਹੀ ਹੁੰਦੀ ਹੈ, ਦੂਸਰੀ ਜੰਗ ਖ਼ਬਰ ਚੈਨਲ ਲੜ੍ਹ ਰਹੇ ਹੁੰਦੇ ਹਨ।
ਕਿਸੇ ਵੀ ਜੰਗ ਦੌਰਾਨ ਭਾਰਤੀ ਖ਼ਬਰ ਚੈਨਲਾਂ ਦੀ ਕਵਰੇਜ ਸਮੇਂ ਸਿਰਲੇਖਾਂ ਦੀ ਭਾਸ਼ਾ ਹੈਰਾਨ-ਪ੍ਰੇਸ਼ਾਨ ਕਰਨ ਵਾਲੀ ਹੁੰਦੀ ਹੈ। ਇਵੇਂ ਮਹਿਸੂਸ ਹੋਣ ਲੱਗਦਾ ਹੈ ਜਿਵੇਂ ਚੈਨਲ ਜੰਗ ਨੂੰ ਭੜਕਾਉਣ, ਵਧਾਉਣ, ਉਕਸਾਉਣ ਦੀ ਲੜਾਈ ਲੜ੍ਹ ਰਹੇ ਹੋਣ। ਮਿਸਾਲ ਵਜੋਂ ਮਹਾਂਯੁੱਧ ਕੀ ਆਹਟ, ਬੜੇ ਐਕਸ਼ਨ ਕੀ ਤਿਆਰੀ, ਹੁੰਕਾਰ, ਖ਼ੂਨ ਸੇ ਸਨਾ ਇਤਿਹਾਸ, ਵਾਰ ਜ਼ੋਨ ਸੇ ਪਹਿਲੀ ਬਾਰ, ਜਹਾਂ ਗਿਰਾ ਬੰਬ ਵਹਾਂ ਸੇ ਲਾਈਵ, ਕਯਾ ਵਾਰ ਜ਼ੋਨ ਮੇਂ ਕੁਛ ਬੜਾ ਹੋਨੇ ਵਾਲਾ ਹੈ, ਲਾਲ ਹੂਈ ਗਾਜਾ ਕੀ ਜ਼ਮੀਨ, ਹਮਾਸ ਕੀ ਹਵਾ ਨਿਕਲ ਗਈ ਆਦਿ। ਜੰਗ ਬੇਹੱਦ ਗੰਭੀਰ ਤੇ ਸੰਵੇਦਨਸ਼ੀਲ ਮਾਮਲਾ ਹੈ। ਉਹੀ ਗੰਭੀਰਤਾ, ਉਹੀ ਸੰਵੇਦਨਸ਼ੀਲਤਾ ਮੀਡੀਆ-ਕਵਰੇਜ ਵਿਚੋਂ ਵੀ ਝਲਕਣੀ ਚਾਹੀਦੀ ਹੈ।

ਜੰਗ ਵਿਚ ਗ਼ਲਤੀ ਕਿਸੇ ਇਕ ਵਿਅਕਤੀ, ਕਿਸੇ ਇਕ ਧਿਰ ਦੀ ਹੁੰਦੀ ਹੈ ਪਰੰਤੂ ਇਹ ਹਮੇਸ਼ਾ ਮਨੁੱਖ ਦੇ ਵਿਰੁੱਧ ਭੁਗਤਦੀ ਹੈ। ਮਨੁੱਖ ਦਾ ਘਾਣ ਹੁੰਦਾ ਹੈ। ਮਨੁੱਖੀ ਜੀਵਨ ਬਰਬਾਦ ਹੁੰਦਾ ਹੈ। ਘਰਾਂ ਦੇ ਘਰ ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਜਾਂਦੇ ਹਨ। ਕੀ ਜੰਗ ਦੇ ਕੌਮਾਂਤਰੀ ਨਿਯਮ-ਕਾਨੂੰਨ ਇਸ ਸੱਭ ਦੀ ਆਗਿਆ ਦਿੰਦੇ ਹਨ?

ਪ੍ਰੋ. ਕੁਲਬੀਰ ਸਿੰਘ