ਅਸੂਲ ਪ੍ਰਸਤ ਇਨਸਾਨ ਸ੍ਰ: ਸੇਵਾ ਸਿੰਘ ਕ੍ਰਿਪਾਨ ਬਹਾਦਰ

ਅੱਜ ਦੀ ਦੁਨੀਆਂ ’ਚ ਪਗੜੀ ਅਤੇ ਕ੍ਰਿਪਾਨ ਦੇ ਮੁੱਦੇ ਤੇ ਦੇਸ਼ ਵਿਦੇਸ਼ ਵਿੱਚ ਝਗੜੇ ਹੋਣੇ ਆਮ ਗੱਲ ਹੀ ਬਣ ਚੁੱਕੀ ਹੈ ਅਤੇ ਬਹੁਤ ਵਾਰ ਉਹਨਾਂ ਮਸਲਿਆਂ ਦਾ ਅਸੂਲਾਂ ਨੂੰ ਅੱਖੋਂ ਪਰੋਖੇ ਕਰਕੇ ਹੱਲ ਵੀ ਕਰ ਲਿਆ ਜਾਂਦਾ ਹੈ। ਪਰ ਜੇ ਕਰੀਬ ਸਵਾ ਸਦੀ ਪਹਿਲਾਂ ਦੀ ਗੱਲ ਕਰੀਏ, ਜਦੋਂ ਬਿ੍ਰਟਿਸ਼ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ, ਉਦੋਂ ਅਜਿਹੇ ਮੁੱਦੇ ਤੇ ਅੜ ਜਾਣਾ ਖਾਲਾ ਜੀ ਦਾ ਵਾੜਾ ਨਹੀਂ ਸੀ, ਪਰ ਮਾਲਵੇ ਦਾ ਇੱਕ ਮਹਾਨ ਸਿੱਖ ਸੇਵਾ ਸਿੰਘ ਸੀ, ਜੋ ਉਦੋਂ ਵੀ ਅੜਿਆ। ਉਸਨੇ ਭਾਵੇਂ ਉਦੋਂ ਫੌਜ ਵਿੱਚ ਨੌਕਰੀ ਕਰਦਿਆਂ ਵਿਸਵ ਯੁੱਧ ਵਿੱਚ ਵੀ ਹਿੱਸਾ ਲਿਆ ਸੀ, ਪਰ ਜਦ ਧਾਰਮਿਕ ਅਸੂਲਾਂ ਦੀ ਗੱਲ ਆਈ ਤਾਂ ਉਸਨੇ ਕੇਵਲ ਅੰਗਰੇਜ ਸਰਕਾਰ ਦੀ ਨੌਕਰੀ ਨੂੰ ਹੀ ਲੱਤ ਨਹੀਂ ਮਾਰੀ, ਬਲਕਿ ਪਰਿਵਾਰਕ ਸੁਖ ਸੂਹਲਤਾਂ ਦਾ ਤਿਆਗ ਕਰਕੇ ਵੀ ਅਸੂਲਾਂ ਤੇ ਫ਼ਰਜਾਂ ਤੇ ਪਹਿਰਾ ਦਿੱਤਾ। ਇਸ ਦਲੇਰ ਤੇ ਆਦਰਸ਼ ਪੁਰਸ਼ ਨੂੰ ਬਾਅਦ ਵਿੱਚ ਸੇਵਾ ਸਿੰਘ ਕ੍ਰਿਪਾਨ ਬਹਾਦਰ ਨਾਲ ਹੀ ਜਾਣਿਆਂ ਜਾਣ ਲੱਗਾ।

1890 ਵਿੱਚ ਅੱਜ ਦੇ ਬਰਨਾਲਾ ਜਿਲੇ ਦੇ ਪਿੰਡ ਬਖਤਗੜ ’ਚ ਸ੍ਰ: ਹਰਨਾਮ ਸਿੰਘ ਦੇ ਘਰ ਜਨਮੇ ਸੇਵਾ ਸਿੰਘ ਨੇ ਪੰਜਾਬੀ ਭਾਸ਼ਾ ਦਾ ਗਿਆਨ ਹਾਸਲ ਕਰਕੇ ਧਾਰਮਿਕ ਗ੍ਰੰਥ ਪੜੇ। 1908 ਉਹ ਭਾਰਤੀ ਫੌਜ ਵਿੱਚ ਭਰਤੀ ਹੋ ਗਿਆ। ਬਿ੍ਰਟਿਸ਼ ਰਾਜ ਦੌਰਾਨ ਪਹਿਲਾ ਸੰਸਾਰ ਯੁੱਧ ਸੁਰੂ ਹੋਇਆ, ਤਾਂ ਭਾਰਤੀ ਫੌਜ ਨੂੰ ਮੇਸੇਪੋਟਾਮੀਆ ਜਿਸਨੂੰ ਹੁਣ ਇਰਾਕ ਕਿਹਾ ਜਾਂਦਾ ਹੈ, ਦੀ ਧਰਤੀ ਤੇ ਪਹੁੰਚ ਕੇ ਲੜਾਈ ਲੜਣੀ ਪਈ, ਜਿਸ ਵਿੱਚ ਸ੍ਰ: ਸੇਵਾ ਸਿੰਘ ਵੀ ਸਾਮਲ ਸੀ। ਯੁੱਧ ਖਤਮ ਹੋਣ ਤੇ ਉਹ ਆਪਣੇ ਵਤਨ ਵਾਪਸ ਪਰਤੇ ਅਤੇ ਅਮਿ੍ਰੰਤਪਾਨ ਕਰ ਲਿਆ। ਛੁੱਟੀ ਕੱਟ ਕੇ ਜਦ ਸੇਵਾ ਸਿੰਘ ਰੁੜਕੀ ਵਿਖੇ ਆਪਣੀ ਡਿਊਟੀ ਤੇ ਪਹੁੰਚੇ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਫੌਜ ਵਿੱਚ ਕ੍ਰਿਪਾਨ ਪਹਿਨਣ ਦੀ ਇਜਾਜਤ ਨਹੀਂ ਹੈ, ਪਰ ਉਹਨਾਂ ਕ੍ਰਿਪਾਨ ਲਾਹੁਣ ਤੋਂ ਇਨਕਾਰ ਕਰ ਦਿੱਤਾ। ਅਫ਼ਸਰਾਂ ਵੱਲੋਂ ਸਮਝਾੳਣ ਤੇ ਉਹਨਾਂ ਕਿਹਾ ਕਿ ਕ੍ਰਿਪਾਨ ਧਾਰਮਿਕ ਚਿੰਨ ਹੈ ਅਤੇ ਪੰਜ ਕਕਾਰਾਂ ਵਿੱਚ ਸਾਮਲ ਹੈ, ਅਮਿ੍ਰਤਧਾਰੀ ਵਿਅਕਤੀ ਵੱਲੋਂ ਜਿਸਨੂੰ ਸਰੀਰ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਆਖ਼ਰ ਅਫ਼ਸਰਾਂ ਵੱਲੋਂ ਜਿੱਦ ਨਾ ਛੱਡਣ ਤੇ ਉਹਨਾਂ ਨੌਕਰੀ ਨੂੰ ਹੀ ਲੱਤ ਮਾਰ ਦੇਣ ਨੂੰ ਹੀ ਤਰਜੀਹ ਦਿੱਤੀ ਅਤੇ ਉਹ ਆਪਣੇ ਘਰ ਵਾਪਸ ਆ ਗਏ।

ਨੌਕਰੀ ਛੱਡਣ ਨਾਲ ਸਿੱਖੀ ਦੀ ਭਾਵਨਾ ਹੋਰ ਪ੍ਰਚੰਡ ਹੋ ਗਈ ਅਤੇ ਉਹਨਾਂ 1919 ’ਚ ਪੰਥ ਖਾਲਸਾ ਦੀਵਾਨ ਭਸੌੜ ਵਿਖੇ ਚੱਲ ਰਹੇ ਸਿੱਖ ਸੁਧਾਰਵਾਦੀ ਸੰਗਠਨ ਨਾਲ ਸੰਪਰਕ ਕਰਕੇ ਕ੍ਰਿਪਾਨਪਹਿਨਣ ਦੀ ਅਜ਼ਾਦੀ ਲਈ ਅੰਦੋਲਨ ਸੁਰੂ ਕਰ ਲਿਆ। ਉਹਨਾਂ ਤਿੰਨ ਅਖ਼ਬਾਰ ਕ੍ਰਿਪਾਨ ਵਰਲਾਪ, ਕ੍ਰਿਪਾਨ ਫਰਿਆਦ ਤੇ ਕ੍ਰਿਪਾਨ ਦਾ ਪਿਆਰ ਸੁਰੂ ਕੀਤੇ, ਜੋ ਸਮੇਂ ਦੀ ਸਰਕਾਰ ਨੇ ਜਬਤ ਕਰ ਲਏ। ਸੰਨ 1922 ’ਚ ਅੰਮਿ੍ਰਤਸਰ ਚਲੇ ਗਏ ਅਤੇ ਪੰਜਾਬੀ ਹਫ਼ਤਾਵਾਰੀ ਪੱਤਰ ‘ਕਿਰਪਾਨ ਬਹਾਦਰ’ ਛਾਪਣਾ ਸੁਰੂ ਕਰ ਦਿੱਤਾ। ਅਜ਼ਾਦੀ ਦੀ ਲੜਾਈ ਭਖ ਚੁੱਕੀ ਸੀ, ਸੇਵਾ ਸਿੰਘ ਅੰਦਰ ਵੀ ਦੇਸ਼ ਪਿਆਰ ਦਾ ਜਜ਼ਬਾ ਠਾਠਾਂ ਮਾਰ ਰਿਹਾ ਸੀ ਅਤੇ ਉਹ ਕ੍ਰਾਂਤੀਕਾਰੀਆਂ ਤੋਂ ਬਹੁਤ ਪ੍ਰਭਾਵਿਤ ਸਨ, ਉਹਨਾਂ ਆਪਣੇ ਪੱਤਰ ਵਿੱਚ ਅਜ਼ਾਦੀ ਦੀ ਪ੍ਰਾਪਤੀ ਲਈ ਅਤੇ ਕ੍ਰਾਂਤੀਕਾਰੀਆਂ ਦੇ ਹੱਕ ’ਚ ਲੜੀਵਾਰ ਲੇਖ ਲਿਖਣਾ ਸੁਰੂ ਕਰ ਦਿੱਤਾ। ਅੰਗਰੇਜ ਸਰਕਾਰ ਨੇ ਖ਼ਫਾ ਹੋ ਕੇ ਉਹਨਾਂ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ, ਜਿਸ ’ਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ।

ਸਜ਼ਾ ਪੂਰੀ ਕਰਨ ਉਪਰੰਤ ਸਾਲ 1927 ਵਿੱਚ ਆਜ਼ਾਦੀ ਘੁਲਾਟੀਏ ਸ੍ਰ: ਸਰਦੂਲ ਸਿੰਘ ਕਵੀਸ਼ਰ ਨਾਲ ਸੰਪਰਕ ਹੋਇਆ, ਜੋ ਅਖ਼ਬਾਰ ‘ਸੰਗਤ’ ਦੇ ਸੰਪਾਦਕ ਸਨ। ਦੋਵਾਂ ਵੱਲੋਂ ਨਵਾਂ ਅਖ਼ਬਾਰ ‘ਕਿਰਪਾਨ ਬਹਾਦਰ ਸੰਗਤ’ ਛਾਪਣਾ ਸੁਰੂ ਕਰ ਦਿੱਤਾ। 1931 ਵਿੱਚ ਮੁਕਤਸਰ ਵਿਖੇ ਆਜ਼ਾਦੀ ਲਈ ਇੱਕ ਰੈਲੀ ਕੀਤੀ ਗਈ ਸੀ, ਜਿਸ ਵਿੱਚ ਸ੍ਰ: ਸੇਵਾ ਸਿੰਘ ਨੇ ਵੀ ਭਾਸ਼ਣ ਦਿੱਤਾ। ਅੰਗਰੇਜ ਸਰਕਾਰ ਨੇ ਭਾਸ਼ਣ ਨੂੰ ਫਿਰਕੂ ਤਕਰੀਰ ਐਲਾਨ ਕੇ ਉਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ, ਜਿਸ ਵਿੱਚ ਉਹਨਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਉਹ ਛਾਪਾਖਾਨਾ ਵੀ ਜ਼ਬਤ ਕਰ ਲਿਆ। ਪਰ ਸ੍ਰ: ਕ੍ਰਿਪਾਲ ਸਿੰਘ ਦੇ ਨਾਂ ਨਾਲ ਕ੍ਰਿਪਾਨ ਬਹਾਦਰ ਅਜਿਹਾ ਜੁੜਿਆ ਕਿ ਇਹ ਉਹਨਾਂ ਦਾ ਤਖੱਲਸ਼ ਹੀ ਬਣ ਗਿਆ।

ਸੰਨ 1933 ਵਿੱਚ ਉਹਨਾਂ ਮੁੜ ਇੱਕ ਅਖ਼ਬਾਰ ‘ਜਗਤ ਸੁਧਾਰ’ ਸੁਰੂ ਕੀਤਾ, ਪਰ ਮੌਕੇ ਦੇ ਹਾਲਾਤਾਂ ਅਨੁਸਾਰ ਉਹ ਸਫ਼ਲ ਨਾ ਹੋ ਸਕਿਆ ਅਤੇ ਜਲਦੀ ਹੀ ਬੰਦ ਕਰਨਾ ਪਿਆ। ਇਸ ਉਪਰੰਤ ਉਹ ਆਪਣੇ ਪਿੰਡ ਬਖਤਗੜ ਆ ਗਏ। ਜਿਸ ਇਨਸਾਨ ਅੰਦਰ ਦੇਸ਼ ਸਮਾਜ ਲਈ ਕੁੱਝ ਕਰਨ ਦੀ ਇੱਛਾ ਹੋਵੇ, ਉਹ ਟਿਕ ਕੇ ਘਰ ਨਹੀਂ ਬੈਠ ਸਕਦਾ। ਅਜਿਹੀ ਹਾਲਤ ਹੀ ਸ੍ਰ: ਸੇਵਾ ਸਿੰਘ ਦੀ ਸੀ, ਉਸ ਸਮੇਂ ਅਕਾਲੀ ਦਲ ਧਰਮ ਦੀ ਰਾਖੀ ਅਤੇ ਅਜ਼ਾਦੀ ਦੀ ਲੜਾਈ ਦੋਵਾਂ ਫਰੰਟਾਂ ਤੇ ਕੰਮ ਕਰ ਰਿਹਾ ਸੀ। ਸ੍ਰ: ਸੇਵਾ ਸਿੰਘ ਵੀ 1940 ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਜਿਲੇ ਦੇ ਆਗੂ ਬਣੇ।

ਸ੍ਰ: ਸੇਵਾ ਸਿੰਘ ਅਨਪੜਤਾ ਨੂੰ ਦੇਸ਼ ਦੀ ਵੱਡੀ ਸਮੱਸਿਆ ਮੰਨਦੇ ਸਨ ਅਤੇ ਖਾਸ ਕਰਕੇ ਲੜਕੀਆਂ ਦੀ ਪੜਾਈ ਤੇ ਬਹੁਤ ਜੋਰ ਦਿੰਦੇ ਸਨ। ਸੰਨ 1946 ਵਿੱਚ ਉਹਨਾਂ ਆਪਣੇ ਪਿੰਡ ਦਾ ਇਕੱਠ ਕੀਤਾ ਅਤੇ ਲੋਕਾਂ ਨੂੰ ਪਰੇਰ ਕੇ ਪਿੰਡ ’ਚ ਖਾਲਸਾ ਹਾਈ ਸਕੂਲ ਦੀ ਸਥਾਪਨਾ ਕੀਤੀ। ਉਹ ਕਹਿੰਦੇ ਸਨ ਕਿ ਅਸੂਲਾਂ ਲਈ ਲੜਣਾ ਸੌਖਾ ਹੈ ਪਰ ਅਸੂਲਾਂ ਅਨੁਸਾਰ ਜਿਉਣਾ ਬਹੁਤ ਔਖਾ ਹੈ। ਉਹ ਆਖਦੇ ਆਪਣੇ ਉਦੇਸਾਂ, ਫ਼ਰਜਾਂ, ਆਦਰਸ਼ਾਂ, ਅਸੂਲਾਂ ਨੂੰ ਛੱਡ ਕੇ ਹਾਸਲ ਕੀਤੀ ਕਾਮਯਾਬੀ ਬੇਅਰਥ ਹੈ। ਸਾਰੀ ਜਿੰਦਗੀ ਦੇਸ਼, ਸਮਾਜ ਅਤੇ ਧਰਮ ਸਬੰਧੀ ਲੋਕਾਂ ਨੂੰ ਜਾਗਰਿਤ ਕਰਦਾ ਇਹ ਮਹਾਨ ਅਸੂਲ ਪ੍ਰਸਤ ਇਨਸਾਨ ਸੇਵਾ ਸਿੰਘ ਕ੍ਰਿਪਾਨ ਬਹਾਦਰ 8 ਅਗਸਤ 1961 ਨੂੰ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਸਦੇ ਪਿੰਡ ਦੇ ਲੋਕ ਉਸਤੇ ਮਾਣ ਕਰਦੇ ਹਨ ਅਤੇ ਪਿੰਡ ਵਿੱਚ ਉਹਨਾਂ ਦਾ ਬੁੱਤ ਵੀ ਸਥਾਪਤ ਕੀਤਾ ਗਿਆ ਹੈ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913