ਪਿੰਡ, ਪੰਜਾਬ ਦੀ ਚਿੱਠੀ (164)

ਅਣਖੀ ਕੌਮ ਦੇ ਵਾਰਸੋ, ਪੰਜਾਬੀਓ, ਗੁਰ-ਫ਼ਤਹਿ ਮਨਜੂਰ ਹੋਵੇ। ਅਸੀਂ ਮਿੱਠੀ-ਮਿੱਠੀ ਰੁੱਤ ਵਿੱਚ ਰਾਜ਼ੀ-ਬਾਜ਼ੀ ਹਾਂ। ਪ੍ਰਮਾਤਮਾ ਤੁਹਾਨੂੰ ਸਾਰੀਆਂ ਖੁਸ਼ੀਆਂ ਬਖ਼ਸ਼ੇ। ਅੱਗੇ ਸਮਾਚਾਰ ਇਹ ਹੈ ਕਿ ਜਦੋਂ ਤੋਂ, ਬੇਬੇ ਤੇਜ ਕੌਰ ਦੇ ਸੰਦੂਕ ਦੀ ਵੀਡੀਓ ਬਣੀ ਐ, ਓਦੂੰ ਮਗਰੋਂ ਟੱਬਰ ਨੂੰ ਬੇਬੇ ਅਤੇ ਸੰਦੂਕ ਦੀ ਮਹਿਮਾ ਦਾ ਪਤਾ ਲੱਗਾ। ਊਂ ਵੀ ਦੀਵਾਲੀ ਵੇਲੇ, ਬੇਬੇ, ਝਾੜ-ਪੂੰਝ ਕੇ ਸਰੋਂ ਦੇ ਤੇਲ ਨਾਲ, ਨਿੰਮ ਦੀ ਲੱਕੜੀ ਨੂੰ ਦੇਸੀ-ਪੱਕੀ ਪਾਲਸ਼ ਕਰਦੀ ਆਈ ਹੈ ਪਰ ਐਤਕੀਂ ਸਾਰਿਆਂ, ਮਾਹਰੂ ਮਿਸਤਰੀ ਦੀ ਰਾਏ ਲੈ ਕੇ ਹੰਢਾਊ-ਰੰਗ ਕਰਾਤਾ-ਕੀ ਆਂਹਦੇ, ਸਿਪਰਟ ਆਲਾ। ਲੈ ਬਈ ਪੈਂਹਟ ਵਰ੍ਹਿਆਂ ਦੇ ਵੱਡੇ ਬਾਈ ਤੋਂ ਦੋ ਵਰ੍ਹੇ ਵੱਡਾ ਸੰਦੂਕ, ਜਵਾਂ-ਜਵਾਨ ਹੋ ਗਿਆ।

ਚੀਨੀ ਦੀਆਂ ਪਲੇਟਾਂ ਆਲੇ ਫੁੱਲ ਲਿਸ਼-ਲਿਸ਼ ਕਰਨ ਲੱਗ ਪੇ। ਬੇਬੇ ਦੇ ਦੱਸਣ ਅਨੁਸਾਰ ਸੰਨ 1956 ਦੇ ਬਣੇ, ਇਸ ਅਜੂਬੇ ਉੱਤੇ ਅਜੇ ਕਿਤੇ ਚੌਹ ਨੀਂ ਲੱਗਾ। ਉਤਲੀ ਮੋਰਨੀਆਂ ਵਾਲੀ ਸ਼ੋਅ ਨਾਲ, ਨੌਂ ਫੁੱਟ ਉੱਚਾ ਨਿੰਮ ਦੀ ਸ਼ੁੱਧ ਲੱਕੜ ਵਾਲਾ ਇਹ ਵਿਰਸਾ, ਉਦੋਂ ਛੇ ਵੀਹਾਂ (120 ਰੁਪੈ ਕੁੱਲ) ਨਾਲ ਬਣਿਆਂ ਸੀ। ਇਹਦੇ ਉੱਪਰ ਪੱਕੇ ਸਿਲਵਰ ਰੰਗ ਨਾਲ ਲਿਖਿਆ, ‘ਮਿਸਤਰੀ ਸੱਜਣ ਸਿੰਘ ਠੱਠੀ ਭਾਈਅਜੇ ਵੀ ਕਾਇਮ ਹੈ। ਮਜ਼ਬੂਤੀ, ਮੀਨਾਕਾਰੀ, ਜੁਗਤ ਅਤੇ ਸੁੰਦਰਤਾ, ਮਿਸਤਰੀ ਦੀ ਕਲਾਕਾਰੀ ਦੀ ਮਿਸਾਲ ਹੈ। ਬੇਬੇ ਦੀ ਭਰਜਾਈ ਗੁਰਦੇਵ ਕੌਰ ਦੇ ਪੇਕੇ ਦੱਲੂਆਲੇ ਸਨ। ਉਨ੍ਹਾਂ ਦੀ ਮਾਰਫ਼ਤ ਇਹ ਸਾਈ ਦੇ ਕੇ ਬਣਵਾਇਆ ਸੀ।

ਚੌਰਸ, ਦੋ ਹਿੱਸਿਆਂ ਵਾਲੇ, ਉੱਚੇ ਸੰਦੂਕ ਦੇ ਉੱਤਲੇ ਪਾਸੇ ਸੂਟ, ਛੋਟੇ ਸਾਮਾਨ ਵਾਲੀ ਚੀਜ਼ਾਂ, ਫੁਲਕਾਰੀਆਂ, ਖੇਸ, ਸੁਹਾਗਪਟਿਆਰੀਆਂ ਅਤੇ ਹੋਰ ਸਾਮਾਨ ਚਿਣਿਆਂ ਹੁੰਦਾ। ਥੱਲੇ ਰਜਾਈਆਂ, ਗਦੈਲੇ, ਚੁਤੱਈਆਂ, ਸਿਰਹਾਣੇ ਅਤੇ ਹੋਰ ਮੋਟਾ ਸਾਮਾਨ ਤੂੜਿਆ ਹੁੰਦਾ। ਦੋ ਤਖਤੀਆਂ ਵਾਲਾ ਦਰਵਾਜਾ ਖੁੱਲ੍ਹਦਾ ਤਾਂ ਵਿਚਕਾਰ (ਸਾਹਮਣੇ) ਲੱਕੜ ਦੀ ਹੀ ਟਰੇਅ ਸੀ। ਇਹ ਐਨਾ ਗੁਪਤ ਖਾਨਾ ਸੀ ਕਿ ਆਮ ਪਤਾ ਹੀ ਨਹੀਂ ਸੀ ਲੱਗਦਾ। ਥੱਲਿਓਂ, ਖਾਸ ਕੁੰਜੀ ਨਾਲ ਖੋਲ੍ਹ ਕੇ ਟਰੇਅ ਖਿੱਚ ਕੇ, ਇਸ ਵਿੱਚ ਸੋਨਾ (ਗਹਿਣੇ), ਪੈਸੇ ਅਤੇ ਜ਼ਰੂਰੀ ਕਾਗਜ਼ ਰੱਖੇ ਹੁੰਦੇ। ਉੱਪਰਲੇ ਖਾਨੇ ਵਿੱਚ ਦੋਨੋਂ ਪਾਸੇ ਲੱਕੜ ਦੀਆਂ ਟਾਣਾਂ ਸਨ। ਕੁੱਝ ਨਿੱਕਾ ਸਾਮਾਨ, ਇਨਾਂ ਉੱਪਰ ਹੁੰਦਾ। ਛੱਤ ਉੱਪਰ, ਤਲਵਾਰ, ਮਧਾਣੀਆਂ, ਨੇਤਰੇ, ਕੁੱਝ ਛਿੱਕਲੀਆਂ ਅਤੇ ਹੋਰ ਵਾਧੂ ਸਾਮਾਨ ਹੁੰਦਾ ਜੋ ਮਿੱਟੀ ਨਾਲ ਹੀ ਢੱਕਿਆ ਜਾਂਦਾ। ਇਸ ਭਾਰੇ ਸੰਦੂਕ ਨੂੰ ਕੇਵਲ ਚਾਰ ਥਾਂਵਾਂ ਉੱਤੇ ਹੀ ਬਦਲਿਆ ਗਿਆ। ਸਾਰਾ ਖਾਲੀ ਕਰਕੇ, ਦਸ ਬੰਦੇ (ਜੁਗਤ ਨਾਲ) ਮਸਾਂ ਹੀ ਚੁੱਕਦੇ। ਸਾਹਮਣਾ ਪਾਸਾ, ਚੀਨੀ ਦੀਆਂ ਚੌਰਸ ਪਲੇਟਾਂ, ਉੱਤੇ ਮੱਥੇਤੇ ਬਾਬੇ ਨਾਨਕ ਦੀ ਫੋਟੋ, ਪਿੱਤਲ ਮੇਖਾਂ, ਚੌਰਸ ਲੱਕੜੀ ਦੀਆਂ ਟੁਕੜੀਆਂ ਨਾਲ ਸ਼ਿੰਗਾਰਿਆ, ਵੇਖਣ ਵਾਲੇ ਨੂੰ ਖਿੱਚ ਪਾਉਂਦਾ। ਬਾਕੀ ਤਿੰਨ ਪਾਸੇ, ਡੱਬੀਦਾਰ, ਮਜ਼ਬੂਤ ਫੱਟੀਆਂ ਨਾਲ ਪਰੁੰਨੇ। ਐਨਾਂ ਦਿਲ ਲਾ ਕੇ, ਉੱਚ ਗੁਣਵੱਤਾ ਦਾ ਇਹ ਪੰਜਾਬੀ ਸਭਿਆਚਾਰ ਦਾ ਖਜ਼ਾਨਾ ਆਪਣੇ ਬਣਾਂਉਣ ਵਾਲੇ ਦੀ ਸਦਾ ਯਾਦ ਦਵਾਵੇਗਾ। ਬੇਬੇ ਲਈ ਵੀ ਇਹ ਜਿੰਦ-ਜਾਨ ਹੈ।

ਹੋਰ, ਅਸੀਂ ਹੁਣ, ਕੰਮ ਨਾਲੋਂ ਫੋਨ ਉੱਤੇ ਵੱਧ ਸਮਾਂ ਲਾਉਂਦੇ ਹਾਂ। ਗੋਸਲ ਸਾਹਿਬ, ਦਰਵਾਜੇ, ਹਵੇਲੀਆਂ ਤੋਂ ਬਾਦ ਸੰਦੂਕਾਂ ਤੇ ਵੀ ਕਿਤਾਬ ਲਿਖਣਗੇ। ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਅਸਟਰੇਲੀਆ ਦੇ ਵਤਨੀਂ ਆਉਣੇ ਸ਼ੁਰੂ ਹੋ ਗਏ ਹਨ। ਦਿੱਲੀ-ਓਟਵਾ ਦੀ ਲੜਾਈ ਤੋਂ ਫਿਕਰਮੰਦ ਹਾਂ। ਠੰਡ ਦੀਆਂ ਸਬਜ਼ੀਆਂ ਦੀ ਬਿਜਾਈ ਦੀ ਤਿਆਰੀ ਹੈ। ਮਾਂਧਾ, ਲੱਧਾ, ਮੋਹਰਾ, ਬਿੱਲਾ, ਪੱਪੂ ਅਤੇ ਦੇਵ ਕਾਇਮ ਹਨ। ਸੱਚ, ਸੰਤ ਛੋਟੂ ਰਾਮ ਸਮਾਧੀ ਲੈ ਗਿਐ। ਬੋਲੀ ਤਾਈ ਕੇ, ਕੋਠੇ ਦੀ ਛੱਤ ਡਿੱਗ ਪਈ ਹੈ। ਮੋਠੂ, ਸੁਖਮਿੰਦਰ ਅਤੇ ਸੂਰੇਵਾਲੀਆ, ‘ਪਰਾਲੀ ਨਾ ਸਾੜੋ ਬਾਰੇ ਕਹਿ ਰਹੇ ਹਨ। ਚੰਗਾ, ਹੋ ਜੋ ਤਿਆਰ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061