ਅਰਬ ਇਜ਼ਰਾਈਲ ਹਿੰਸਾ ਅਤੇ ਜੇਰੂਸ਼ਲਮ

7 ਅਕਤੂਬਰ ਨੂੰ ਗਾਜ਼ਾ ਪੱਟੀ ਦੀ ਕਾਬਜ਼ ਅੱਤਵਾਦੀ ਜਥੇਬੰਦੀ ਹੱਮਾਸ ਨੇ ਸਵੇਰੇ 6.30 ਵਜੇ ਅਚਾਨਕ ਇਜ਼ਰਾਈਲ ਦੇ ਵੱਖ ਵੱਖ ਸ਼ਹਿਰਾਂ ‘ਤੇ ਕਰੀਬ 5000 ਰਾਕਟ ਦਾਗ ਕੇਉਸ ਨੂੰ ਭੌਂਚੱਕੇ ਕਰ ਦਿੱਤਾ। ਇਜ਼ਰਾਈਲ ਦਾ ਐਂਟੀ ਮਿਜ਼ਾਈਲ ਸਿਸਟਮ (ਆਇਰਨ ਡੋਮ) ਕਈ ਦਹਾਕਿਆਂ ਤੋਂ ਉਸ ਦੀ ਕਿਸੇ ਵੀ ਦੁਸ਼ਮਣ ਦੇਸ਼ ਦੇ ਰਾਕਟ, ਮਿਜ਼ਾਈਲ ਅਤੇ ਡਰੋਨ ਆਦਿ ਤੋਂ ਉਸ ਦੀ ਸਫਲਤਾ ਪੂਰਵਕ ਰੱਖਿਆ ਕਰ ਰਿਹਾ ਸੀ। ਪਰ ਕਈ ਸਾਲਾਂ ਤੋਂ ਆਇਰਨ ਡੋਮ ਦੀ ਕਾਰਜ ਪ੍ਰਣਾਲੀ ‘ਤੇ ਬਰੀਕੀ ਨਾਲ ਨਿਗ੍ਹਾ ਰੱਖ ਰਹੇ ਹੱਮਾਸ ਨੂੰ ਪਤਾ ਸੀ ਕਿ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਝੁੰਡ ਵਾਂਗ ਆ ਰਹੇ ਰਾਕਟਾਂ ਦੀ ਹਨੇਰੀ ਨੂੰ ਨਹੀਂ ਰੋਕ ਸਕੇਗਾ। ਉਹ ਹੀ ਗੱਲ ਹੋਈ ਤੇ ਇਜ਼ਰਾਈਲ ਦੇ ਔਫਾਕਿਮ, ਰੀਮ, ਸਦੈਰਟ, ਆਸ਼ਕੇਲੋਨ ਅਤੇ ਏਰਾਜ ਆਦਿ ਦਰਜ਼ਨਾਂ ਸ਼ਹਿਰਾਂ ਵਿੱਚ ਭਿਆਨਕ ਤਬਾਹੀ ਹੋਈ। ਇਸ ਦੇ ਨਾਲ ਹੀ ਹੱਮਾਸ ਦੇ ਸੈਂਕੜੇ ਲੜਾਕੇ ਧਰਤੀ, ਸਮੁੰਦਰ ਅਤੇ ਪੈਰਾਗਲਾਈਡਰਾਂ ਰਾਹੀਂ ਇਜ਼ਰਾਈਲ ‘ਤੇ ਟੁੱਟ ਪਏ। ਉਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ। ਇਹ ਇਜ਼ਰਾਈਲ ‘ਤੇ 1973 ਦੇ ਮਿਸਰ ਅਤੇ ਸੀਰੀਆ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਸਭ ਤੋਂ ਵੱਧ ਭਿਆਨਕ ਹਮਲਾ ਹੈ। ਦੋਵੇਂ ਧਿਰਾਂ ਇੱਕ ਦੂਸਰੇ ‘ਤੇ ਬੇਰਿਹਮੀ ਨਾਲ ਅੱਗ ਵਰ੍ਹਾ ਰਹੀਆਂ ਹਨ ਤੇ ਹੁਣ ਤੱਕ ਹਜ਼ਾਰਾਂ ਗੁਨਾਹਗਾਰ ਤੇ ਬੇਗੁਨਾਹ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ਨੇ ਗਾਜ਼ਾ ਪੱਟੀ ਦੀ ਬਿਜਲੀ ਪਾਣੀ ਬੰਦ ਕਰ ਕੇ ਸਾਰੇ ਪਾਸੇ ਤੋਂ ਨਾਕਾਬੰਦੀ ਕਰ ਦਿੱਤੀ ਹੈ ਤੇ ਖਾਣਾ ਅਤੇ ਦਵਾਈਆਂ ਆਦਿ ਕਿਸੇ ਵੀ ਜਰੂਰੀ ਵਸਤੂ ਦੀ ਆਪੂਰਤੀ ‘ਤੇ ਸਖਤੀ ਨਾਲ ਪਾਬੰਦੀ ਲਗਾ ਦਿੱਤੀ ਹੈ। ਵਰਨਣਯੋਗ ਹੈ ਕਿ ਕਈ ਸਾਲਾਂ ਤੋਂ ਇਜ਼ਰਾਈਲ ਵਰਗੀ ਸੁਪਰ ਪਾਵਰ ਦੇ ਨੱਕ ਵਿੱਚ ਦਮ ਕਰ ਕੇ ਰੱਖ ਦੇਣ ਵਾਲਾ ਗਾਜ਼ਾ ਪੱਟੀ ਸਿਰਫ 45 ਕਿ.ਮੀ. ਲੰਬਾ ਤੇ 6 ਤੋਂ 10 ਕਿ.ਮੀ. ਚੌੜਾ ਧਰਤੀ ਦਾ ਇੱਕ ਛੋਟਾ ਜਿਹਾ ਟੁਕੜਾ ਹੈ।

ਇਸ ਝਗੜੇ ਦਾ ਸਭ ਤੋਂ ਵੱਡਾ ਕਾਰਨ ਇਜ਼ਰਾਈਲ ਵੱਲੋਂ ਯੋਰੂਸ਼ਲਮ ਸ਼ਹਿਰ ‘ਤੇ ਕਬਜ਼ਾ ਹੈ। ਇਸ ਸ਼ਹਿਰ ਵਿੱਚ ਮੁਸਲਮਾਨਾਂ, ਯਹੂਦੀਆਂ ਅਤੇ ਇਸਾਈਆਂ ਦੇ ਸਭ ਤੋਂ ਵੱਧ ਪਵਿੱਤਰ ਧਾਰਮਿਕ ਸਥਾਨ ਹਨ। ਮੁਸਲਮਾਨ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਇਜ਼ਰਾਈਲ ਉਨ੍ਹਾਂ ਦੀ ਪਵਿੱਤਰ ਅਲ ਅਕਸਾ ਮਸਜਿਦ ‘ਤੇ ਕੰਟਰੋਲ ਰੱਖੇ। ਹੱਮਾਸ ਨੇ ਆਪਣੇ ਇਸ ਹਮਲੇ ਦਾ ਨਾਮ ਵੀ ਅਲ ਅਕਸਾ ਸਟੌਰਮ (ਤੂਫਾਨ) ਰੱਖਿਆ ਹੈ। ਜੇਰੂਸ਼ਲਮ ਇਜ਼ਰਾਈਲ ਦੀ ਰਾਜਧਾਨੀ ਹੈ ਤੇ ਸੰਸਾਰ ਦਾ ਇੱਕੋ ਇੱਕ ਸ਼ਹਿਰ ਹੈ ਜੋ ਯਹੂਦੀਆਂ, ਇਸਾਈਆਂ ਅਤੇ ਮੁਸਲਮਾਨਾਂ ਵੱਲੋਂ ਸਮਾਨ ਰੂਪ ਵਿੱਚ ਪਵਿੱਤਰ ਮੰਨਿਆਂ ਜਾਂਦਾ ਹੈ। ਯਹੂਦੀਆਂ ਦਾ ਸਭ ਤੋਂ ਪਵਿੱਤਰ ਸਥਾਨ ਵੇਲਿੰਗ ਵਾਲ (ਪੱਛਮੀ ਦੀਵਾਰ), ਇਸਾਈਆਂ ਦੀ ਡੋਮ ਆਫ ਰੌਕ ਚਰਚ ਅਤੇ ਮੁਸਲਮਾਨਾਂ ਦੀ ਅਲ ਅਕਸਾ ਮਸਜਿਦ ਇਥੇ ਬਿਲਕੁਲ ਨਾਲ ਨਾਲ ਸਥਿੱਤ ਹਨ। ਜੋਰੂਸ਼ਲਮ ਦੀ ਸਥਾਪਨਾ ਅੱਜ ਤੋਂ ਕਰੀਬ 3000 ਸਾਲ ਪਹਿਲਾਂ ਯਹੂਦੀ ਕਬੀਲਿਆਂ ਨੇ ਕੀਤੀ ਸੀ ਤੇ ਇਹ ਸੰਸਾਰ ਦਾ ਇੱਕ ਸਭ ਤੋਂ ਪ੍ਰਚੀਨ ਸ਼ਹਿਰ ਹੈ। ਇਸ ਵੇਲੇ ਇਹ ਸ਼ਹਿਰ ਕਾਫੀ ਫੈਲ ਚੁੱਕਾ ਹੈ ਤੇ ਇਸ ਦੀ ਅਬਾਦੀ ਕਰੀਬ ਦਸ ਲੱਖ ਹੈ। ਪਹਿਲਾਂ ਇਜ਼ਰਾਈਲ ਦੀ ਰਾਜਧਾਨੀ ਤੈਲਅਵੀਵ ਹੁੰਦੀ ਸੀ ਪਰ ਸੰਨ 1980 ਵਿੱਚ ਅਰਬ ਦੇਸ਼ਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਉਸ ਨੇ ਜੋਰੂਸ਼ਲਮ ਨੂੰ ਆਪਣੀ ਰਾਜਧਾਨੀ ਐਲਾਨ ਦਿੱਤਾ। ਜੋਰੂਸ਼ਲਮ ਵਿੱਚ 70% ਯਹੂਦੀ, 39% ਅਰਬ ਅਤੇ 1% ਹੋਰ ਕੌਮਾਂ ਦੇ ਲੋਕ ਵੱਸਦੇ ਹਨ।

ਵੈਸਟਨ ਵਾਲ (ਵੇਲਿੰਗ ਵਾਲ) ਵੇਲਿੰਗ ਵਾਲ ਜਾਂ ਵੈਣ ਪਾਉਣ ਵਾਲੀ ਦੀਵਾਰ ਯਹੂਦੀ ਰਾਜਾ ਹੈਰੋਡ ਮਹਾਨ ਵੱਲੋਂ ਸੰਨ 19 ਬੀ.ਸੀ. ਵਿੱਚ ਉਸਾਰੇ ਗਏ ਯਹੂਦੀ ਮੰਦਰ (ਟੈਂਪਲ ਮਾਊਂਟ) ਦਾ ਬਚਿਆ ਹੋਇਆ ਹਿੱਸਾ ਹੈ। ਇਹ ਚੂਨਾ ਪੱਥਰਾਂ ਦੀ ਬਣੀ ਹੋਈ ਹੈ ਤੇ ਇਸ ਦੀ ਲੰਬਾਈ 488 ਮੀਟਰ ਅਤੇ ਉਚਾਈ 19 ਮੀਟਰ ਹੈ। ਸੰਨ 70 ਈਸਵੀ ਵਿੱਚ ਰੋਮਨਾਂ ਨੇ ਟੈਂਪਲ ਮਾਊਂਟ ਨੂੰ ਬਿਲਕੁਲ ਤਬਾਹ ਕਰ ਦਿੱਤਾ ਸੀ ਤੇ ਸਿਰਫ ਇਹ ਦੀਵਾਰ ਹੀ ਬਚੀ ਸੀ। ਇਸ ਦੇ ਨਾਲ ਹੀ ਯਹੂਦੀਆਂ ਦਾ ਰਾਜ ਵੀ ਖਤਮ ਹੋ ਗਿਆ ਜਿਸ ਕਾਰਨ ਟੈਂਪਲ ਮਾਊਂਟ ਦੁਬਾਰਾ ਨਾ ਬਣ ਸਕਿਆ। ਯਹੂਦੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਉਹ ਸਾਰੇ ਸੰਸਾਰ ਵਿੱਚ ਖਿੱਲਰ ਗਏ। ਪਰ ਜਦੋਂ ਵੀ ਮੌਕਾ ਮਿਲਦਾ, ਉਹ ਵੇਲਿੰਗ ਵਾਲ ਦੀ ਯਾਤਰਾ ਕਰਦੇ ਤੇ ਦੀਵਾਰ ਦੇ ਸਾਹਮਣੇ ਖੜੇ ਹੋ ਕੇ ਮੰਦਰ ਨੂੰ ਯਾਦ ਕਰ ਕੇ ਉੱਚੀ ਉੱਚੀ ਰੋਂਦੇ ਸਨ। ਇਹ ਵਰਤਾਰਾ ਹੁਣ ਵੀ ਚੱਲ ਰਿਹਾ ਹੈ। ਇਸ ਕਾਰਨ ਇਸ ਦੀਵਾਰ ਦਾ ਨਾਮ ਵੇਲਿੰਗ ਵਾਲ ਜਾਂ ਵੈਣ ਪਾਉਣ ਵਾਲੀ ਦੀਵਾਰ ਪੈ ਗਿਆ। 1948 ਵਿੱਚ ਇਜ਼ਰਾਈਲ ਦੀ ਸਥਾਪਨਾ ਹੋਣ ਤੋਂ ਬਾਅਦ ਕੱਟੜ ਯਹੂਦੀਆਂ ਨੇ ਮੰਦਰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਲ ਅਕਸਾ ਮਸਜਿਦ ਦੇ ਬਿਲਕੁਲ ਨਾਲ ਹੋਣ ਕਾਰਨ ਮੁਸਲਮਾਨਾਂ ਨੇ ਇਸ ਦਾ ਸਖਤ ਵਿਰੋਧ ਕੀਤਾ ਤੇ ਕਈ ਵਾਰ ਭਿਆਨਕ ਦੰਗੇ ਵੀ ਹੋਏ। ਹੁਣ ਵੀ ਦੋਵਾਂ ਧਿਰਾਂ ਨੂੰ ਅਲ਼ੱਗ ਅਲੱਗ ਰੱਖਣ ਲਈ ਵੱਖੋ ਵੱਖਰੇ ਪ੍ਰਵੇਸ਼ ਦੁਆਰ ਹਨ ਤੇ ਪੁਲਿਸ ਦਾ ਭਾਰੀ ਬੰਦੋਬਸਤ ਰਹਿੰਦਾ ਹੈ।

ਚਰਚ ਆਫ ਹੋਲੀ ਸਪਰਚਰ ਚਰਚ ਆਫ ਹੋਲੀ ਸਪਰਚਰ ਪੁਰਾਣੇ ਯੋਰੂਸ਼ਲਮ ਵਿੱਚ ਉਸ ਜਗ੍ਹਾ ‘ਤੇ ਸਥਿੱਤ ਹੈ ਜਿੱਥੇ ਈਸਾ ਮਸੀਹ ਨੂੰ ਸੂਲੀ ‘ਤੇ ਚੜ੍ਹਾਇਆ ਗਿਆ ਸੀ। ਇਸ ਦੀ ਉਸਾਰੀ ਬਾਈਜ਼ਨਟਾਈਨ ਸਾਮਰਾਜ ਦੇ ਬਾਦਸ਼ਾਹ ਕਾਂਸਟਨਟਾਈਨ ਮਹਾਨ ਨੇ ਸੰਨ 326 ਈਸਵੀ ਨੂੰ ਸ਼ੁਰੂ ਕਰਵਾਈ ਜੋ ਸੰਨ 335 ਵਿੱਚ ਮੁਕੰਮਲ ਹੋਈ। ਇਹ ਇਸਾਈਆਂ ਦਾ ਇੱਕ ਸਭ ਤੋਂ ਵੱਧ ਪੂਜਣਯੋਗ ਸਥਾਨ ਹੈ ਤੇ ਹਰ ਸਾਲ ਸੰਸਾਰ ਭਰ ਤੋਂ ਲੱਖਾਂ ਇਸਾਈ ਇਸ ਦੀ ਯਾਤਰਾ ਕਰਨ ਲਈ ਪਹੁੰਚਦੇ ਹਨ। ਕਹਿੰਦੇ ਹਨ ਕਿ ਸਮਰਾਟ ਕਾਂਸਟਨਟਾਈਨ ਨੂੰ ਇਸ ਸਬੰਧੀ ਸੁਪਨਾ ਆਇਆ ਸੀ ਤੇ ਉਸ ਨੇ ਆਪਣੀ ਮਾਂ ਹੈਲੇਨਾ ਨੂੰ ਇਹ ਸਥਾਨ ਲੱਭਣ ਲਈ ਭੇਜਿਆ। ਹੈਲੇਨਾ ਨੇ ਜੇਰੂਸ਼ਲਮ ਦੇ ਬਿਸ਼ਪ ਮਾਸੇਰੀਅਸ ਦੀ ਮਦਦ ਨਾਲ ਇਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਤਾਂ ਉਸ ਨੂੰ ਇਸ ਜਗ੍ਹਾ ਤੋਂ ਤਿੰਨ ਅਸਲੀ ਕਰਾਸ ਮਿਲੇ। ਰੋਮਨਾਂ ਨੇ ਇਥੇ ਜੂਪੀਟਰ ਅਤੇ ਵੀਨਸ ਦਾ ਮੰਦਰ ਬਣਾਇਆ ਹੋਇਆ ਸੀ। ਜਦੋਂ ਉਸ ਮੰਦਰ ਨੂੰ ਢਾਹ ਕੇ ਮਲਬਾ ਸਾਫ ਕੀਤਾ ਗਿਆ ਤਾਂ ਉਸ ਦੀਆਂ ਨੀਹਾਂ ਵਿੱਚ ਉਹ ਗੁਫਾ ਵੀ ਲੱਭ ਗਈ ਜਿੱਥੇ ਕਰਾਸ ‘ਤੇ ਚੜ੍ਹਾਉਣ ਤੋਂ ਬਾਅਦ ਈਸਾ ਮਸੀਹ ਨੂੰ ਦਫਨਾਇਆ ਗਿਆ ਸੀ। ਉਸ ਸਥਾਨ ‘ਤੇ ਹੀ ਇਸ ਚਰਚ ਦੀ ਸਥਾਪਨਾ ਕੀਤੀ ਗਈ ਹੈ।

ਇਸ ਚਰਚ ਨੂੰ ਕਈ ਵਾਰ ਤਬਾਹੀ ਦਾ ਸਾਹਮਣਾ ਕਰਨਾ ਪਿਆ। ਸੰਨ 614 ਈਸਵੀ ਵਿੱਚ ਈਰਾਨ ਦੇ ਬਾਦਸ਼ਾਹ ਖੁਸਰੋ ਨੇ ਜੋਰੂਸ਼ਲਮ ‘ਤੇ ਕਬਜ਼ਾ ਕਰ ਲਿਆ ਤੇ ਚਰਚ ਨੂੰ ਸਾੜ ਦਿੱਤਾ। ਪਰ ਜਲਦੀ ਹੀ ਬਾਈਜ਼ਨਟਾਈਨ ਸਮਰਾਟ ਹਰਕੇਲੀਅਸ ਨੇ ਜੋਰੂਸ਼ਲਮ ਈਰਾਨੀਆਂ ਤੋਂ ਖੋਹ ਲਿਆ ਤੇ ਚਰਚ ਦੀ ਦੁਬਾਰਾ ਉਸਾਰੀ ਕੀਤੀ ਗਈ। ਇਸ ਤੋਂ ਬਾਅਦ ਅਰਬਾਂ ਨੇ ਜੋਰੂਸ਼ਲਮ ‘ਤੇ ਕਬਜ਼ਾ ਕਰ ਲਿਆ ਪਰ ਉਨ੍ਹਾਂ ਨੇ ਚਰਚ ਨਾਲ ਕੋਈ ਛੇੜ ਛਾੜ ਨਾ ਕੀਤੀ। ਪਰ ਖਲੀਫਾ ਅਲ ਹਾਕਿਮ ਬਿਨ ਅਮਰੱਲਾਹ ਨੇ ਸੰਨ 1009 ਈਸਵੀ ਵਿੱਚ ਇਸ ਚਰਚ ਨੂੰ ਬਿਲਕੁਲ ਹੀ ਨੇਸਤਾਨਾਬੂਦ ਕਰ ਦਿੱਤਾ। ਸੰਨ 1027 ਵਿੱਚ ਨਵੇਂ ਖਲੀਫਾ ਅਲੀ ਅਜ਼ਹੀਰ ਅਤੇ ਬਾਈਜ਼ਨਟਾਈਨ ਸਮਰਾਟ ਕਾਂਸਟਨਟਾਈਨ ਨੌਵੇਂ ਵਿੱਚਕਾਰ ਹੋਏ ਇੱਕ ਸਮਝੌਤੇ ਤਹਿਤ ਇਸ ਦੇ ਕੁਝ ਹਿੱਸੇ ਦਾ ਨਿਰਮਾਣ ਕੀਤਾ ਗਿਆ। ਸੰਨ 1095 ਈਸਵੀ ਨੂੰ ਪੋਪ ਨੇ ਜੇਰੂਸ਼ਲਮ ‘ਤੇ ਕਬਜ਼ਾ ਕਰਨ ਲਈ ਧਰਮ ਯੁੱਧ (ਕਰੂਸੇਡ) ਦਾ ਐਲਾਨ ਕਰ ਦਿੱਤਾ ਜਿਸ ਵਿੱਚ ਹਿੱਸਾ ਲੈਣ ਲਈ ਯੂਰਪ ਦੇ ਸਾਰੇ ਦੇਸ਼ਾਂ ਨੇ ਆਪਣੇ ਸੈਨਿਕ ਭੇਜੇ। ਸੰਨ 1096 ਈਸਵੀ ਵਿੱਚ ਈਸਾਈਆਂ ਦਾ ਜੇਰੂਸ਼ਲਮ ‘ਤੇ ਕਬਜ਼ਾ ਹੋ ਗਿਆ। ਨਵੇਂ ਰਾਜੇ ਗੌਡਫਰੇ ਨੇ ਯੂਰਪੀਨ ਰਾਜਿਆਂ ਦੀ ਮਦਦ ਨਾਲ ਚਰਚ ਦੀ ਉਸਾਰੀ ਮੁਕੰਮਲ ਕੀਤੀ। 1810 ਵਿੱਚ ਚਰਚ ਦੀ ਮੁੜ ਵੱਡੇ ਪੱਧਰ ‘ਤੇ ਮੁਰੰਮਤ ਕੀਤੀ ਗਈ ਤੇ ਇਹ ਮੌਜੂਦਾ ਰੂਪ ਵਿੱਚ ਸੰਸਾਰ ਦੇ ਸਾਹਮਣੇ ਆਈ।

ਅਲ ਅਕਸਾ ਮਸਜਿਦ ਅਲ ਅਕਸਾ ਮਸਜਿਦ ਇਸਲਾਮ ਵਿੱਚ ਮੱਕਾ ਅਤੇ ਮਦੀਨਾ ਤੋਂ ਬਾਅਦ ਸਭ ਤੋਂ ਵੱਧ ਪਵਿੱਤਰ ਧਾਰਮਿਕ ਅਸਥਾਨ ਮੰਨਿਆਂ ਜਾਂਦਾ ਹੈ। ਇਸਲਾਮਿਕ ਮਾਨਤਾਵਾਂ ਅਨੁਸਾਰ ਇਸ ਸਥਾਨ ਤੋਂ ਹਜ਼ਰਤ ਮੁਹੰਮਦ ਜ਼ੱਨਤ ਨੂੰ ਗਏ ਸਨ। ਸਭ ਤੋਂ ਪਹਿਲਾਂ ਬਗਦਾਦ ਦੇ ਖਲੀਫਾ ਉਮਰ ਨੇ ਇਸ ਜਗ੍ਹਾ ‘ਤੇ ਇੱਕ ਜਿਹੀ ਛੋਟੀ ਮਸਜਿਦ ਦੀ ਉਸਾਰੀ ਕਰਵਾਈ ਸੀ। ਪਰ ਵੱਡੇ ਪੱਧਰ ਤੇ ਅਲ ਅਕਸਾ ਦੀ ਉਸਾਰੀ ਖਲੀਫਾ ਅਬੂ ਅਲ ਮਲਿਕ ਨੇ 680 ਈਸਵੀ ਵਿੱਚ ਸ਼ੁਰੂ ਕਰਵਾਈ ਜੋ ਉਸ ਦੇ ਬੇਟੇ ਖਲੀਫਾ ਅਲ ਵਾਲਿਦ ਦੇ ਰਾਜ ਸਮੇਂ 705 ਈਸਵੀ ਵਿੱਚ ਮੁਕੰਮਲ ਹੋਈ। ਇਹ ਮਸਜਿਦ 746 ਈਸਵੀ ਵਿੱਚ ਆਏ ਇੱਕ ਭੁਚਾਲ ਕਾਰਨ ਮੁਕੰਮਲ ਤੌਰ ‘ਤੇ ਤਬਾਹ ਹੋ ਗਈ ਤੇ ਇਸ ਦੀ ਮੁੜ ਉਸਾਰੀ ਖਲੀਫਾ ਅਲ ਮੰਨਸੂਰ ਨੇ 754 ਈਸਵੀ ਵਿੱਚ ਕਰਵਾਈ। ਪਰ ਸੰਨ 1033 ਵਿੱਚ ਆਏ ਇੱਕ ਹੋਰ ਭਿਆਨਕ ਭੁਚਾਲ ਕਾਰਨ ਇਹ ਦੁਬਾਰਾ ਤਬਾਹ ਹੋ ਗਈ ਤੇ ਇਸ ਦੀ ਦੁਬਾਰਾ ਉਸਾਰੀ ਖਲੀਫਾ ਅਲੀ ਜ਼ਹੀਰ ਨੇ ਕਰਵਾਈ। ਇਸ ਤੋਂ ਬਾਅਦ ਤੁਰਕੀ, ਮਿਸਰ, ਸਾਊਦੀ ਅਰਬ ਅਤੇ ਜਾਰਡਨ ਦੇ ਬਾਦਸ਼ਾਹਾਂ ਸਮੇਤ ਅਨੇਕਾਂ ਸ਼ਰਧਾਲੂਆਂ ਨੇ ਇਸ ਦੀ ਇਮਾਰਤ ਅਤੇ ਖੂਬਸੂਰਤੀ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾਇਆ।

ਇਸ ਦੀ ਭਵਨ ਨਿਰਮਾਣ ਕਲਾ ਇਸਲਾਮਿਕ ਹੈ ਤੇ ਇਸ ਵਿੱਚ ਇੱਕੋ ਸਮੇਂ 5000 ਵਿਅਕਤੀ ਨਮਾਜ਼ ਪੜ੍ਹ ਸਕਦੇ ਹਨ। ਇਸ ਦੇ ਦੋ ਵੱਡੇ ਤੇ ਅਨੇਕਾਂ ਛੋਟੇ ਗੁੰਬਦ ਤੇ ਚਾਰ ਮੀਨਾਰ ਹਨ। ਮੀਨਾਰਾਂ ਦੀ ਉਚਾਈ 37 ਮੀਟਰ ਹਰੇਕ ਹੈ। ਇਸ ਦੇ ਅੰਦਰ ਅਤੇ ਬਾਹਰ ਇਸਲਾਮੀ ਜਗਤ ਦੇ ਬੇਹਤਰੀਨ ਉਸਤਾਦ ਕਾਰੀਗਰਾਂ ਦੁਆਰਾ ਕੁਰਾਨ ਦੀਆਂ ਆਇਤਾਂ ਅਤੇ ਫੁੱਲ ਬੂਟਿਆਂ ਦੀ ਅਤਿ ਸੂਖਮ ਅਤੇ ਖੂਬਸੂਰਤ ਮੀਨਾਕਾਰੀ ਤੇ ਪੱਚੀਕਾਰੀ ਕੀਤੀ ਗਈ ਹੈ। ਇਸ ਦਾ ਪ੍ਰਬੰਧ ਇੱਕ ਜਾਰਡਨੀ ਫਲਸਤੀਨੀ ਵਕਫ ਸੰਭਾਲਦਾ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062