ਬੱਚਿਆਂ ਦੀ ਲੜਾਈ ’ਚ ਪੰਜਾਬੀ ਮੂਲ ਦੀ ਔਰਤ ਨੂੰ ਪੈਣਾ ਪਿਆ ਮਹਿੰਗਾ, ਗਈ ਨੌਕਰੀ, ਮਿਲੀ ਸਜ਼ਾ !

ਲੰਡਨ: ਬਰਤਾਨਵੀ ਸ਼ਹਿਰ ਬਰਮਿੰਘਮ ’ਚ ਪਿਛਲੇ ਸਾਲ ਇਕ ਸਕੂਲ ਦੇ ਬਾਹਰ ਹੋਈ ਮੁੰਡਿਆਂ ਦੀ ਹੋ ਰਹੀ ਲੜਾਈ ’ਚ ਇਕ 12 ਸਾਲਾਂ ਦੇ ਮੁੰਡੇ ਨੂੰ ਥੱਪੜ ਮਾਰਨ ਦੇ ਦੋਸ਼ ’ਚ ਭਾਰਤੀ ਮੂਲ ਦੀ 41 ਸਾਲਾਂ ਦੀ ਸਾਬਕਾ ਪੁਲਿਸ ਮੁਲਾਜ਼ਮ ਨੂੰ ਸਜ਼ਾ ਸੁਣਾਈ ਗਈ ਹੈ। ‘ਬਰਮਿੰਘਮ ਮੇਲ’ ਅਖਬਾਰ ਦੀ ਰੀਪੋਰਟ ਅਨੁਸਾਰ ਵੈਸਟ ਮਿਡਲੈਂਡਜ਼ ਪੁਲਿਸ ਦੀ ਕਾਂਸਟੇਬਲ ਸ਼ਰਨਜੀਤ ਕੌਰ ਨੇ ਪਿਛਲੇ ਮਹੀਨੇ ਅਸਤੀਫਾ ਦੇ ਦਿਤਾ ਸੀ ਅਤੇ ਇੰਡੀਪੈਂਡੈਂਟ ਆਫ਼ਿਸ ਫ਼ਾਰ ਪੁਲਿਸ ਕੰਡਕਟ (ਆਈ.ਓ਼.ਪੀ.ਸੀ.) ਵਲੋਂ ਜਾਂਚ ਤੋਂ ਬਾਅਦ ਦੋਸ਼ ਆਇਦ ਕੀਤੇ ਸਨ।

ਬਰਮਿੰਘਮ ਮੈਜਿਸਟ੍ਰੇਟ ਕੋਰਟ ਨੇ ਪਾਇਆ ਕਿ ਜਦੋਂ ਸ਼ਰਨਜੀਤ ਕੌਰ ਨੇ ਬਰਮਿੰਘਮ ਦੀ ਇਕ ਸੜਕ ’ਤੇ ਸਕੂਲੀ ਬੱਚਿਆਂ ਦੀ ਲੜਾਈ ’ਚ ਦਖ਼ਲ ਦਿਤਾ ਤਾਂ ਉਹ ਡਿਊਟੀ ’ਤੇ ਨਹੀਂ ਸੀ। ਪਿਛਲੇ ਸਾਲ 13 ਅਕਤੂਬਰ ਨੂੰ ਵਾਪਰੀ ਘਟਨਾ ਦੀ ਮੋਬਾਈਲ ਫੁਟੇਜ ਸੋਸ਼ਲ ਮੀਡੀਆ ’ਤੇ ਫੈਲ ਗਈ ਸੀ, ਜਿਸ ਤੋਂ ਬਾਅਦ ਵੈਸਟ ਮਿਡਲੈਂਡਜ਼ ਪੁਲਿਸ ਨੇ ਆਈ.ਓ.ਪੀ.ਸੀ. ਨੂੰ ਜਾਂਚ ਕਰਨ ਲਈ ਕਿਹਾ ਸੀ।