ਗੜ੍ਹਸ਼ੰਕਰ ਦੇ ਪਿੰਡ ਰਾਮਪੁਰ (ਬਿਲੜੋ) ਦੀ ਇੱਕ 46 ਸਾਲਾ ਔਰਤ ਦਾ ਕੈਨੇਡਾ ਦੇ ਵੈਨਕੂਵਰ ਵਿੱਚ ਪਤੀ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਰਾਮਪੁਰ (ਬਿਲੜੋ) ਵਿਖੇ ਓਂਕਾਰ ਸਿੰਘ, ਗੁਰਬਖਸ਼ ਕੌਰ, ਰਵਿੰਦਰ ਕੁਮਾਰ ਨੀਟਾ ਪੇਕਾ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕੁਲਵੰਤ ਕੌਰ ਦਾ 10 ਸਾਲ ਪਹਿਲਾਂ ਬਲਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਧਾਲੀਵਾਲ ਕਪੂਰਥਲਾ ਜਿਹੜਾ ਕਿ ਕੈਨੇਡਾ ਵਿੱਚ ਰਹਿੰਦਾ ਹੈ, ਨਾਲ ਵਿਆਹ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਬਲਵੀਰ ਸਿੰਘ ਚਾਰ ਸਾਲ ਪਹਿਲਾਂ ਆਪਣੀ ਪਤਨੀ ਕੁਲਵੰਤ ਕੌਰ ਤੇ ਬੇਟੇ ਨੂੰ ਕੈਨੇਡਾ ਲੈ ਗਏ, ਜਿੱਥੇ ਉਨ੍ਹਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ। ਕੁਲਵੰਤ ਕੌਰ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਕੈਨੇਡਾ ਪੁਲਿਸ ਦਾ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਕੁਲਵੰਤ ਕੌਰ ਦਾ ਉਸ ਦੇ ਪਤੀ ਬਲਵੀਰ ਸਿੰਘ ਨੇ ਕਤਲ ਕਰ ਦਿੱਤਾ ਹੈ ਤੇ ਕੈਨੇਡਾ ਪੁਲਿਸ ਨੇ ਬਲਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੇਕੇ ਪਰਿਵਾਰ ਨੇ ਦੋਸ਼ ਲਗਾਇਆ ਕਿ ਬਲਵੀਰ ਸਿੰਘ ਨੇ ਉਨ੍ਹਾਂ ਦੀ ਬੇਟੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ, ਜਿਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਲਵੰਤ ਕੌਰ ਦੇ ਬੇਟੇ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਉਹ ਉਸ ਦੀ ਪਰਵਰਿਸ਼ ਕਰ ਸਕਣ।