ਅੱਜ ਤੋਂ ਰੂਸ ਭਾਰਤੀਆਂ ਨੂੰ ਈ-ਵੀਜ਼ਾ ਜਾਰੀ ਕਰੇਗਾ। ਸ਼ੈਨੇਗਨ ਵੀਜ਼ਾ ਧਾਰਕ ਵੀ ਰੂਸ ਲਈ ਈ-ਵੀਜ਼ਾ ਵਾਸਤੇ ਅਰਜ਼ੀ ਦੇ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਈ-ਵੀਜ਼ਾ ਨੂੰ ਕਿਸੇ ਵੀ ਹੋਰ ਨਿਯਮਿਤ ਵੀਜ਼ਾ ਵਜੋਂ ਮੰਨਿਆ ਜਾਵੇਗਾ, ਜਿਸ ਨਾਲ ਅੰਬੈਸੀ ਆਦਿ ਤੋਂ ਜਾਂਚ ਕਰਨ ਦੀ ਲੋੜ ਖ਼ਤਮ ਹੋ ਜਾਂਦੀ ਹੈ।
ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਰੂਸ ਪਹਿਲੀ ਅਗਸਤ ਤੋਂ ਭਾਰਤੀਆਂ ਲਈ ਈ-ਵੀਜ਼ਾ ਸ਼ੁਰੂ ਕਰੇਗਾ। ਇਸ ਨਾਲ ਭਾਰਤ ਉਨ੍ਹਾਂ 49 ਮੁਲਕਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ ਜਿਸ ਦੇ ਨਾਗਰਿਕ ਸੈਰ-ਸਪਾਟਾ, ਕਾਰੋਬਾਰ ਤੇ ਆਪਣੇ ਪਰਿਵਾਰਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਈ-ਵੀਜ਼ਾ ’ਤੇ ਸਫ਼ਰ ਕਰਨ ਦੇ ਯੋਗ ਹੋਣਗੇ। ਰੂਸੀ ਈ-ਵੀਜ਼ਾ ਅਰਜ਼ੀਕਾਰਾਂ ਨੂੰ ਪਹਿਲਾਂ ਤੋਂ ਉਲਟ ਪੂਰੇ ਦੇਸ਼ ਤਕ ਪਹੁੰਚ ਮੁਹੱਈਆ ਕਰਾਏਗਾ ਜਿੱਥੇ ਕੁਝ ਖੇਤਰਾਂ ਲਈ ਵੱਖਰੇ ਈ-ਵੀਜ਼ਾ ਦੀ ਲੋੜ ਹੁੰਦੀ ਸੀ। ਇੱਥੋਂ ਤਕ ਸ਼ੈਨੇਗਨ ਵੀਜ਼ਾ ਧਾਰਕ ਵੀ ਰੂਸ ਲਈ ਈ-ਵੀਜ਼ਾ ਵਾਸਤੇ ਅਰਜ਼ੀ ਦੇ ਸਕਦੇ ਹਨ। ਈ-ਵੀਜ਼ਾ ਸ਼ੁਰੂ ਹੋਣ ਨਾਲ ਰੂਸੀ ਅੰਬੈਸੀ ਰਾਹੀਂ ਵੀਜ਼ੇ ਲਈ ਅਰਜ਼ੀ ਦੇਣ ਤੋਂ ਰਾਹਤ ਮਿਲੇਗੀ।
3300 ਰੁਪਏ ਹੋਵੇਗੀ ਫੀਸ, ਜਾਣਕਾਰੀ ਮੁਤਾਬਕ ਵੀਜ਼ੇ ਦੀ ਫੀਸ 3300 ਰੁਪਏ ਦੇ ਕਰੀਬ ਹੋਵੇਗੀ ਅਤੇ ਈ-ਵੀਜ਼ਾ 60 ਦਿਨਾਂ ਲਈ ਵੈਧ ਹੋਵੇਗਾ। ਮੁਸਾਫਰ ਰੂਸ ਵਿਚ ਇਕ ਸਮੇਂ ਅੰਦਰ ਸਿਰਫ਼ 16 ਦਿਨ ਠਹਿਰ ਸਕਣਗੇ। ਹਾਲਾਂਕਿ ਭਾਰਤੀ ਆਪਣੀ ਹੋਟਲ ਦੀ ਰਿਜ਼ਰਵੇਸ਼ਨ ਅਨੁਸਾਰ 6 ਮਹੀਨੇ ਲੰਮਾ ਟੂਰਿਸਟ ਵੀਜ਼ਾ ਹਾਸਲ ਕਰ ਸਕਦੇ ਹਨ।