ਬੇਟ ਖੇਤਰ ਦੇ ਪਿੰਡ ਦਾਤਾਰਪੁਰ ਦੇ ਵਿਦੇਸ਼ ਗਏ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਜਨਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਨਿਲ ਸਿੰਘ (37) ਕਰੀਬ 12 ਸਾਲ ਤੋਂ ਰੁਜ਼ਗਾਰ ਲਈ ਮਲੇਸ਼ੀਆ ਗਿਆ ਹੋਇਆ ਸੀ। ਹੁਣੇ ਹੀ ਉਹ ਛੁੱਟੀ ਕੱਟਣ ਤੋਂ ਬਾਅਦ ਕਰੀਬ 3 ਮਹੀਨੇ ਪਹਿਲਾਂ ਵਾਪਸ ਮਲੇਸ਼ੀਆ ਗਿਆ ਸੀ। ਹੁਣ ਉਸ ਦੀ ਭੈਣ ਦਾ ਵਿਆਹ ਰੱਖਿਆ ਹੋਇਆ ਹੈ।
ਇਸ ਲਈ ਉਸ ਦਾ ਹਫ਼ਤੇ ਤੱਕ ਵਾਪਸ ਆਉਣ ਦਾ ਪ੍ਰੋਗਰਾਮ ਸੀ ਪਰ ਅੱਜ ਅਚਾਨਕ ਉਨ੍ਹਾਂ ਨੂੰ ਉਸ ਦੇ ਸਾਥੀਆਂ ਤੋਂ ਫ਼ੋਨ ਰਾਹੀਂ ਪਤਾ ਲੱਗਾ ਕਿ ਉਸ ਦੀ ਕਿਸੇ ਕਾਰਨ ਮੌਤ ਹੋ ਗਈ ਹੈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਦੇਹ ਨੂੰ ਵਾਪਸ ਮੰਗਵਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਮ੍ਰਿਤਕ ਪਿੱਛੇ ਪਤਨੀ, ਦੋ ਪੁੱਤਰੀਆਂ ਅਤੇ ਮਾਪਿਆਂ ਨੂੰ ਛੱਡ ਗਿਆ ਹੈ।