ਕੈਨੇਡਾ ਦੇ ਬ੍ਰੈਂਪਟਨ ਵਿਚ 2 ਕੁੜੀਆਂ ਸਣੇ 5 ਪੰਜਾਬੀਆਂ ਖ਼ਿਲਾਫ਼ ਫ਼ਿਰੌਤੀ ਲਈ ਧਮਕੀਆਂ ਦੇਣ ਅਤੇ ਨਾਜਾਇਜ਼ ਹਥਿਆਰ ਰੱਖਣ ਸਣੇ ਵੱਖ-ਵੱਖ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀਲ ਰੀਜਨਲ ਪੁਲਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (EITF), ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਦੇ ਸਹਿਯੋਗ ਨਾਲ, ਇਕ ਸਰਚ ਵਾਰੰਟ ਤਹਿਤ ਗ੍ਰੇਟਰ ਟੋਰਾਂਟੋ ਖੇਤਰ ਵਿਚ ਦਸੰਬਰ 2023 ਤੋਂ ਬਾਅਦ ਵਾਪਰੀਆਂ ਤਾਜ਼ਾ ਘਟਨਾਵਾਂ ਦੇ ਸਬੰਧ ਵਿਚ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਘਟਨਾਵਾਂ ਵਿਚ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ, ਧਮਕੀਆਂ ਅਤੇ ਹਥਿਆਰਾਂ ਨਾਲ ਸਬੰਧਤ ਅਪਰਾਧ ਸ਼ਾਮਲ ਹਨ।
ਇਸ ਸਬੰਧੀ ਪੀਲ ਰੀਜਨਲ ਪੁਲਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਗਗਨ ਅਜੀਤ ਸਿੰਘ, ਹਸ਼ਮੀਤ ਕੌਰ, ਆਇਮਨਜੋਤ ਕੌਰ, ਅਨਮੋਲਦੀਪ ਸਿੰਘ ਤੇ ਅਰੁਣਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਹਸ਼ਮੀਤ ਕੌਰ, ਆਇਮਨਜੋਤ ਕੌਰ ਤੇ ਅਜੀਤ ਸਿੰਘ ਬ੍ਰੈਂਪਟਨ ਦੇ ਰਹਿਣ ਵਾਲੇ ਸਨ, ਅਨਮੋਲਦੀਪ ਸਿੰਘ ਮਿਸੀਸਾਗਾ ਦਾ ਰਹਿਣ ਵਾਲਾ ਸੀ ਤੇ ਅਰੁਣਦੀਪ ਸਿੰਘ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ।