ਅਮਰੀਕਾ ਨੇ ਪੰਜ ਸਾਲਾਂ ਤੋਂ ਗਰੀਨ ਕਾਰਡ ਉਡੀਕ ਰਹੇ ਗ਼ੈਰ-ਪਰਵਾਸੀਆਂ ਨੂੰ ਰੁਜ਼ਗਾਰ ਅਧਿਕਾਰ ਕਾਰਡ ਦੇਣ ਦਾ ਐਲਾਨ ਕੀਤਾ ਹੈ ਜਿਸ ਨਾਲ ਉੱਥੇ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੂੰ ਲਾਭ ਹੋਵੇਗਾ।
US ਸਿਟੀਜ਼ਨਸ਼ਿਪ ਅਤੇ ਇਮੀਗਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਨੇ ਕਿਹਾ ਕਿ ਉਹ ਕੁਝ ਗੈਰ-ਨਾਗਰਿਕਾਂ ਲਈ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ (ਈਏਡੀ) ਦੀ ਵੱਧ ਤੋਂ ਵੱਧ ਮਿਆਦ ਪੰਜ ਸਾਲ ਤੱਕ ਵਧਾ ਰਿਹਾ ਹੈ, ਜਨਿ੍ਹਾਂ ਨੂੰ ਰੁਜ਼ਗਾਰ ਅਧਿਕਾਰ ਲਈ ਅਰਜ਼ੀ ਦੇਣੀ ਚਾਹੀਦੀ ਹੈ। ਫੈਡਰਲ ਏਜੰਸੀ ਨੇ ਕਿਹਾ ਕਿ ਇਸ ਵਿੱਚ ਸ਼ਰਨ ਲਈ ਅਰਜ਼ੀ ਦੇਣ ਵਾਲਿਆਂ ਜਾਂ ਉਨ੍ਹਾਂ ਨੂੰ ਮੁਲਕ ’ਚੋਂ ਬਾਹਰ ਕੱਢਣ ’ਤੇ ਰੋਕ, ਆਈਐੱਨਏ 245 ਤਹਿਤ ਸਟੇਟਸ ’ਚ ਫੇਰ-ਬਦਲ ਅਤੇ ਹਵਾਲਗੀ ਦੀ ਮੁਅੱਤਲੀ ਆਦਿ ਵਰਗੇ ਅਰਜ਼ੀਕਾਰ ਸ਼ਾਮਲ ਹਨ।
ਇੱਕ ਨਵੇਂ ਅਧਿਐਨ ਅਨੁਸਾਰ 10.5 ਲੱਖ ਤੋਂ ਵੱਧ ਭਾਰਤੀ ਰੁਜ਼ਗਾਰ ਆਧਾਰਿਤ ਗਰੀਨ ਕਾਰਡ ਲਈ ਲਾਈਨ ਵਿੱਚ ਹਨ। ਅਨੁਮਾਨ ਹੈ ਕਿ ਇਨ੍ਹਾਂ ਵਿੱਚੋਂ ਚਾਰ ਲੱਖ ਦੀ ਸਥਾਈ ਰਿਹਾਇਸ਼ ਦੇ ਕਾਨੂੰਨੀ ਦਸਤਾਵੇਜ਼ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਮੌਤ ਹੋ ਸਕਦੀ ਹੈ।