ਪਿੰਡ ਮੰਨਣ ਦੀ ਸੱਥ ਵਿੱਚ 2024 ਦੀਆਂ ਲੋਕ ਸਭਾ ਨੂੰ ਲੈ ਕੇ ਖੁੰਢ ਚਰਚਾ ਚੱਲ ਰਹੀ ਸੀ। ਕੋਈ ਕਿਸੇ ਪਾਰਟੀ ਨੂੰ ਮਾੜਾ ਕਹਿ ਰਿਹਾ ਸੀ ਤੇ ਕੋਈ ਕਿਸੇ ਨੂੰ ਚੰਗਾ। ਖੁੱਚਿਆਂ ਦੇ ਸੁੱਖੇ ਨੇ ਗੱਲ ਅਫਸਰਾਂ ਵੱਲ ਮੋੜ ਲਈ, “ਯਾਰ ਪਾਰਟੀਆਂ ਦੀ ਆਹ ਗੱਲ ਨਹੀਂ ਮੈਨੂੰ ਚੰਗੀ ਲੱਗਦੀ ਜਿਹੜਾ ਲਟੈਰ (ਰਿਟਾਇਰ) ਅਫਸਰਾਂ ਨੂੰ ਐਮ.ਪੀ., ਐਮ.ਐਲ.ਏ. ਦੀ ਟਿਕਟ ਦੇ ਦੇਂਦੀਆਂ ਨੇ। ਇਨ੍ਹਾਂ ਨੇ ਤਾਂ ਪਹਿਲਾਂ ਹੀ ਚੰਗਾ ਮੋਟਾ ਮਾਲ ਕਮਾਇਆ ਹੁੰਦਾ। ਟਿਕਟਾਂ ਗਰੀਬ ਗੁਰਬਿਆਂ ਨੂੰ ਦੇਣੀਆਂ ਚਾਹੀਦੀਆਂ ਨੇ ਤਾਂ ਜੋ ਉਨ੍ਹਾਂ ਵਿਚਾਰਿਆਂ ਦੀ ਵੀ ਸੱਤਾਂ ਪੀੜ੍ਹੀਆ ਦੀ ਖੁਸ਼ਕੀ ਚੁੱਕੀ ਜਾਵੇ।” ਸੁੱਖੇ ਦੀ ਗੱਲ ਸੁਣ ਕੇ ਕੁਝ ਬੰਦੇ ਹੱਸ ਪਏ ਤੇ ਕਈਆਂ ਨੇ ਸਹਿਮਤੀ ਵਿੱਚ ਸਿਰ ਹਿਲਾ ਦਿੱਤੇ। ਮਿੱਠਿਆਂ ਦਾ ਗੁਰਦੀਪ ਕਾਮਰੇਡ ਬੋਲਿਆ, “ਮੈਂ ਤੇ ਕਹਿੰਨਾ ਕਿ ਜਿਹੜਾ ਵੀ ਅਫਸਰ ਰਿਟਾਇਰ ਹੋਵੇ, ਉਸ ਨੂੰ ਚੋਣਾਂ ਦੀ ਟਿਕਟ ਜਰੂਰ ਮਿਲਣੀ ਚਾਹੀਦੀ ਆ।”
ਕਾਮਰੇਡ ਦੀ ਗੱਲ ਸੁਣ ਕੇ ਸਾਰੀ ਦੀ ਸਾਰੀ ਖੁੰਢ ਪੰਚਾਇਤ ਨੂੰ 440 ਵੋਲਟ ਦਾ ਝਟਕਾ ਲੱਗਾ। ਸੁਮਿੱਤਰ ਸਗਲੀ ਹੱਸ ਕੇ ਬੋਲਿਆ, “ਕਾਮਰੇਡਾ, ਭੰਗ ਤਾਂ ਨਹੀਂ ਪੀ ਲਈ ਸਵੇਰੇ ਸਵੇਰ? ਤੂੰ ਤਾਂ ਸਰਮਾਏਦਾਰਾਂ ਤੇ ਭ੍ਰਿਸ਼ਟ ਅਫਸਰਾਂ ਨੂੰ ਪਾਣੀ ਪੀ ਪੀ ਕੇ ਕੋਸਦਾ ਹੁੰਦਾ ਸੀ। ਮਹੀਨੇ ਵਿੱਚੋਂ 20 ਦਿਨ ਤੂੰ ਤੇ ਤੇਰੀ ਯੂਨੀਅਨ ਥਾਣਿਆਂ, ਡੀ.ਸੀ., ਐਸ.ਐਸ.ਪੀ. ਤੇ ਬਿਜਲੀ ਮਹਿਕਮੇ ਦੇ ਦਫਤਰਾਂ ਦਾ ਘਿਰਾਉ ਕਰ ਕੇ ਬੈਠੇ ਰਹਿੰਦੇ ਸੀ ਕਿ ਭ੍ਰਿਸ਼ਟਾਚਾਰ ਹੋ ਰਿਹਾ ਹੈ। ਅੱਜ ਬੜਾ ਹੇਜ ਜਾਗਿਆ ਅਫਸਰਾਂ ਪ੍ਰਤੀ? ਕਿਤੇ ਦਲ ਬਦਲੂ ਨੇਤਾਵਾਂ ਵਾਂਗ ਤੇਰੀ ਤਾਂ ਨਹੀਂ ਆਤਮਾ ਜਾਗ ਪਈ?” “ਅਜਿਹੀ ਕੋਈ ਗੱਲ ਨਹੀਂ। ਅਸਲ ਵਿੱਚ ਅਫਸਰਾਂ ਨੇ ਰਿਸ਼ਵਤਖੋਰੀ ਨਾਲ ਰੱਜ ਕੇ ਮਾਇਆ ਮੋਹਣੀ ਕਮਾਈ ਹੁੰਦੀ ਹੈ। ਜਦੋਂ ਟਿਕਟ ਮਿਲ ਜਾਂਦੀ ਹੈ ਤਾਂ ਇਹ ਕਰੋੜਾਂ ਰੁਪਏ ਵੋਟਾਂ ਖਰੀਦਣ ਲਈ ਖਰਚ ਕਰ ਦਿੰਦੇ ਹਨ। ਇਸ ਤਰਾਂ ਖੂਹ ਦੀ ਮਿੱਟੀ ਖੂਹ ਨੂੰ ਲੱਗ ਜਾਂਦੀ ਹੈ ਤੇ ਜਨਤਾ ਦਾ ਪੈਸਾ ਜਨਤਾ ਨੂੰ ਵਾਪਸ ਮਿਲ ਜਾਂਦਾ ਹੈ,” ਹੱਸਦੇ ਹੋਏ ਕਾਮਰੇਡ ਨੇ ਭੇਤ ਖੋਲ੍ਹਿਆ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ.
ਪੰਡੋਰੀ ਸਿੱਧਵਾਂ 9501100062