ਦੁਨੀਆਂ ਭਰ ਵਿੱਚ ਲੰਬੇ ਸਮੇਂ ਤੋਂ ਇਹ ਚਰਚਾ ਚਲਦੀ ਆ ਰਹੀ ਹੈ, ਕਿ ਕਿਸੇ ਹੋਰ ਤੇ ਗ੍ਰਹਿ ਤੇ ਅਬਾਦੀ ਹੈ ਅਤੇ ਉਹ ਲੋਕ ਧਰਤੀ ਦੇ ਲੋਕਾਂ ਨਾਲੋਂ ਵੀ ਜਿਆਦਾ ਵਿਕਾਸ ਕਰ ਚੁੱਕੇ ਹਨ ਅਤੇ ਬਹੁਤ ਵੱਡੇ ਵਿਗਿਆਨੀ ਹਨ। ਇਸ ਚਰਚਾ ਦਾ ਸਰੋਤ ਉਡਣ ਤਸਤਰੀਆਂ ਬਣਦੀਆਂ ਰਹੀਆਂ ਹਨ। ਵੱਖ ਵੱਖ ਦੇਸਾਂ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਕੋਈ ਚਪਟੀ ਪਲੇਟ ਵਰਗੀ ਵੱਡੀ ਵਸਤੂ ਧਰਤੀ ਤੇ ਵੇਖੀ ਗਈ ਅਤੇ ਵੇਖਦਿਆਂ ਵੇਖਦਿਆਂ ਹੀ ਉਹ ਅਸਮਾਨ ਵੱਲ ਉੱਡ ਗਈ। ਸਰਕਾਰਾਂ ਜਾਂ ਵਿਗਿਆਨੀ ਇਸ ਨੂੰ ਅਫਵਾਹ ਕਹਿਕੇ ਕੇ ਦਬਾਅ ਦਿੰਦੇ ਰਹੇ ਹਨ। ਇਹਨਾਂ ਤਸਤਰੀਆਂ ਬਾਰੇ ਦੁਨੀਆਂ ਦੇ ਬਹੁਤ ਸਾਰੇ ਦੇਸਾਂ ਵਿੱਚ ਚਰਚਾ ਛਿੜਦੀ ਰਹੀ ਹੈ, ਭਾਰਤ ਵਿੱਚ ਵੀ ਲੇਹ ਲੱਦਾਖ ਜਾਂ ਸਮੁੰਦਰ ਦੇ ਕਿਨਾਰੇ ਇਹਨਾਂ ਦੇ ਵੇਖਣ ਦੀ ਗੱਲ ਕਈ ਵਾਰ ਛਿੜੀ ਹੈ।
ਹੋਰ ਕਿਸੇ ਗ੍ਰਹਿ ਤੇ ਅਬਾਦੀ ਦੇ ਹੱਕ ਵਿੱਚ ਖੜਣ ਵਾਲੇ ਵਿਗਿਆਨੀਆਂ ਜਾਂ ਆਮ ਲੋਕਾਂ ਦਾ ਕਹਿਣਾ ਹੈ ਕਿ ਉੱਥੇ ਰਹਿਣ ਵਾਲੇ ਲੋਕ ਹੀ ਏਲੀਅਨ ਹਨ। ਅਮਰੀਕਾ ਦੀ ਵਿਗਿਆਨ ਵਿੱਚ ਸਭ ਤੋਂ ਅੱਗੇ ਚੱਲ ਰਹੀ ਸੰਸਥਾ ਨਾਸਾ ਨੇ ਏਲੀਅਨ ਨਾ ਹੋਣ ਦਾ ਐਲਾਨ ਕੀਤਾ ਹੈ, ਪਰੰਤੂ ਉੱਥੋਂ ਸੇਵਾਮੁਕਤ ਹੋਏ ਵਿਗਿਆਨੀਆਂ ਦੇ ਨਾਂ ਹੇਠ ਵੀ ਇਹ ਚਰਚਾ ਹੁੰਦੀ ਰਹੀ ਹੈ ਕਿ ਉਸਨੇ ਦੱਸਿਆ ਸੀ ਕਿ ਨਾਸਾ ਕੋਲ ਇੱਕ ਜਿਉਂਦਾ ਏਲੀਅਨ ਹੈ, ਜਿਸਦੀ ਉਮਰ ਹਜ਼ਾਰਾਂ ਸਾਲ ਹੈ। ਪਰ ਇਹ ਵੀ ਸੁਣਿਆਂ ਜਾਂਦਾ ਰਿਹਾ ਕਿ ਅਜਿਹੀ ਗੱਲ ਕਰਨ ਵਾਲੇ ਵਿਗਿਆਨੀ ਬਾਰੇ ਨਾਸਾ ਨੇ ਆਪਣਾ ਮੁਲਾਜਮ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਉਸਨੂੰ ਕਥਿਤ ਤੌਰ ਤੇ ਖਤਮ ਕਰ ਦਿੱਤਾ ਗਿਆ। ਇਹ ਗੱਲ ਕੇਵਲ ਨਾਸਾ ਦੀ ਹੀ ਨਹੀਂ, ਹਰ ਦੇਸ਼ ਨੇ ਤਸਤਰੀਆਂ ਵੇਖਣ ਨੂੰ ਕਬੂਲ ਵੀ ਕੀਤਾ ਪਰ ਏਲੀਅਨ ਹੋਣ ਜਾਂ ਹੋਰ ਕਿਸੇ ਗ੍ਰਹਿ ਤੇ ਅਬਾਦੀ ਹੋਣ ਨੂੰ ਝੂਠ ਤੇ ਅਫ਼ਵਾਹ ਹੀ ਕਿਹਾ।
ਹੁਣ ਮੈਕਸੀਕੋ ਨੇ ਫੇਰ ਏਲੀਅਨ ਦੀ ਹੋਂਦ ਦਾ ਦਾਅਵਾ ਕਰਕੇ ਦੁਨੀਆਂ ਭਰ ਵਿੱਚ ਚਰਚਾ ਛੇੜ ਦਿੱਤੀ ਹੈ। ਇਸ ਦੇਸ਼ ਦੇ ਵਿਗਿਆਨੀਆਂ ਨੇ ਬੀਤੇ ਦਿਨੀਂ ਦੋ ਏਲੀਅਨਾਂ ਦੀਆਂ ਲਾਸ਼ਾਂ ਉੱਥੋਂ ਦੀ ਸੰਸਦ ਵਿੱਚ ਪ੍ਰਦਰਸਿਤ ਕਰ ਦਿੱਤੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਛੋਟੇ ਕੱਦ ਵਾਲੇ ਇਨਸਾਨਾਂ ਨਾਲ ਮਿਲਦੇ ਜੁਲਦੇ ਏਲੀਅਨ ਹਨ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਲਾਸ਼ਾਂ ਇੱਕ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣੀਆਂ ਹਨ। ਇਹ ਲਾਸ਼ਾਂ ਪ੍ਰਦਰਸ਼ਨ ਕਰਨ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਲਾਸ਼ਾਂ ਦੇਸ਼ ਦੇ ਪੇਰੂ ਹਲਕੇ ਦੇ ਕੁਜਕੋ ਸਥਾਨ ਤੋਂ ਬਰਾਮਦ ਕੀਤੀਆਂ ਗਈਆਂ ਹਨ। ਵਿਗਿਆਨੀਆਂ ਨੇ ਇਹ ਲਾਸ਼ਾਂ ਸੰਸਦ ਵਿੱਚ ਇੱਕ ਅਧਿਕਾਰਤ ਪ੍ਰੋਗਰਾਮ ਦੌਰਾਨ ਦੁਨੀਆਂ ਦੇ ਸਾਹਮਣੇ ਲਿਆਂਦੀਆਂ ਗਈਆਂ ਹਨ।
ਹੁਣ ਸੁਆਲ ਪੈਦਾ ਹੁੰਦਾ ਹੈ ਕਿ ਏਲੀਅਨਾਂ ਬਾਰੇ ਆਮ ਲੋਕਾਂ ਵਿੱਚ ਚਰਚਾ ਛਿੜਣੀ ਤਾਂ ਵੱਡੀ ਗੱਲ ਨਹੀਂ, ਪਰ ਕਿਸੇ ਦੇਸ ਦੀ ਸੰਸਦ ਵਿੱਚ ਲਾਸ਼ਾਂ ਨੂੰ ਪ੍ਰਦਰਸਿਤ ਕਰਨਾ ਝੂਠ ਨਹੀਂ ਕਿਹਾ ਜਾ ਸਕਦਾ। ਸੰਸਦ ਇੱਕ ਪਵਿੱਤਰ ਸਦਨ ਹੁੰਦਾ ਹੈ, ਉੱਥੇ ਏਡਾ ਵੱਡਾ ਝੂਠ ਨਹੀਂ ਵਿਖਾਇਆ ਜਾ ਸਕਦਾ ਅਤੇ ਸੰਸਦ ਦੁਨੀਆਂ ਦੇ ਲੋਕਾਂ ਸਾਹਮਣੇ ਜੁਆਬਦੇਹ ਵੀ ਹੁੰਦੀ ਹੈ। ਏਲੀਅਨਾਂ ਦੀਆਂ ਲਾਸ਼ਾਂ ਦਾ ਪ੍ਰਦਰਸ਼ਨ ਕਰਨ ਦੀ ਘਟਨਾ ਛੋਟੀ ਨਹੀਂ ਹੈ, ਸਮੁੱਚੀ ਦੁਨੀਆਂ ਵਿੱਚ ਹਲਚਲ ਪੈਦਾ ਕਰਨ ਵਾਲੀ ਹੈ। ਹੁਣ ਦੁਨੀਆਂ ਭਰ ਦੇ ਵਿਗਿਆਨੀਆਂ ਨੂੰ ਇਸ ਮਾਮਲੇ ਤੇ ਭਖ਼ਵੀਂ ਬਹਿਸ ਕਰਕੇ ਅਸਲੀਅਤ ਨੂੰ ਤਰਕ ਦੇ ਆਧਾਰ ਤੇ ਸਾਹਮਣੇ ਲਿਆਉਣਾ ਚਾਹੀਦਾ ਹੈ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913