ਅਸੀਂ ਮੁਲਾਜ਼ਮ ਹੁੰਦੇ ਹਾਂ !

ਪੰਜਾਬ ਵਿੱਚ ਅੱਤਵਾਦ ਦਾ ਦੌਰ 1982 ਤੋਂ ਸ਼ੁਰੂ ਹੋ ਕੇ 1993 ਤੱਕ ਚੱਲਿਆ ਸੀ। ਅੱਤਵਾਦੀਆਂ ਦਾ ਮੁਕਾਬਲਾ ਕਰਨ ਲਈ ਪੰਜਾਬ ਪੁਲਿਸ ਨੂੰ ਨਵੀਆਂ ਗੱਡੀਆਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਦਾ ਸਿਹਰਾ ਸਾਬਕਾ ਡੀ.ਜੀ.ਪੀ. ਸ੍ਰੀ ਜੂਲੀਉ ਫਰਾਂਸਿਸ ਰਿਬੈਰੋ ਦੇ ਸਿਰ ਬੱਝਦਾ ਹੈ। ਉਹਨਾਂ ਦੇ ਕਾਰਜ ਕਾਲ ਤੋਂ ਪਹਿਲਾਂ ਪੰਜਾਬ ਪੁਲਿਸ ਕੋਲ ਪੁਰਾਣੀਆਂ ਥਰੀ ਨਾਟ ਥਰੀ ਰਾਈਫਲਾਂ ਅਤੇ ਧੱਕਾ ਸਟਾਰਟ ਗੱਡੀਆਂ ਹੁੰਦੀਆਂ ਸਨ। ਲੋਕ ਮਜ਼ਾਕ ਕਰਦੇ ਹੁੰਦੇ ਸਨ ਕਿ ਅਪਰਾਧੀ ਵਾਰਦਾਤ ਕਰ ਕੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਹਨ ਤੇ ਥਾਣੇ ਵਾਲੇ ਧੱਕਾ ਲਗਾ ਕੇ ਗੱਡੀਆਂ ਸਟਾਰਟ ਕਰਦੇ ਰਹਿ ਜਾਂਦੇ ਹਨ। ਪੰਜਾਬ ਪੁਲਿਸ ਨੂੰ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫਤ ਸਫਰ ਦੀ ਸਹੂਲਤ ਵੀ ਰਿਬੈਰੋ ਸਾਹਿਬ ਨੇ ਹੀ ਦਿੱਤੀ ਸੀ।

ਰੋਡਵੇਜ਼ ਦੀ ਬੱਸ ਵਿੱਚ ਬੈਠ ਕੇ ਜਦੋਂ ਕੰਡਕਟਰ ਟਿਕਟ ਮੰਗਦਾ ਤਾਂ ਅੱਗੋਂ ਮੁਲਾਜ਼ਮ ਕਹਿਣ ਦਾ ਅਲੱਗ ਹੀ ਮਜ਼ਾ ਆਉਂਦਾ ਸੀ। ਅੱਤਵਾਦ ਦਾ ਸਮਾਂ ਸੀ,ਚੰਗੇ ਕੰਡਕਟਰਤਾਂ ਇਹ ਸੁਣ ਕੇ ਅਰਾਮ ਨਾਲ ਅੱਗੇ ਲੰਘ ਜਾਂਦੇ ਪਰ ਕਈ ਸੜੀਅਲ ਕੰਡਕਟਰ ਬੁੜ ਬੁੜ ਕਰਨਾ ਸ਼ੁਰੂ ਕਰ ਦੇਂਦੇ। ਉਹ ਜਾਣ ਬੁੱਝ ਕੇ ਉੱਚੀ ਅਵਾਜ਼ ਨਾਲ ਆਈਡੈਂਟੀ ਕਾਰਡ ਮੰਗ ਕੇ ਸਾਰੀ ਬੱਸ ਨੂੰ ਸਮਝਾਦੇਂਦੇ ਕਿ ਇਹ ਬੰਦਾ ਪੁਲਿਸ ਵਾਲਾ ਹੈ। ਉਨ੍ਹਾਂ ਦੀ ਸ਼ਾਇਦ ਇਹ ਮੰਸ਼ਾ ਹੋਵੇਗੀ ਕਿ ਬੱਸ ਵਿੱਚ ਬੈਠਾ ਕੋਈ ਅੱਤਵਾਦੀ ਇਹ ਗੱਲ ਸੁਣ ਲਵੇ ਤੇ ਪੁਲਿਸ ਵਾਲੇ ਦੀ ਘੁੱਗੀ ਘੈਂਅ ਕਰ ਦੇਵੇ। ਲੰਬੇ ਸਫਰ ਵਾਲੀਆਂ ਬੱਸਾਂ ਦੇ ਕੰਡਕਟਰ ਅੱਡੇ ‘ਤੇ ਟਿਕਟਾਂ ਕੱਟਦੇ ਸਨ ਤੇ ਉਸ ‘ਤੇ ਸੀਟ ਨੰਬਰ ਲਿਖ ਦੇਂਦੇ ਸਨ। ਉਹਨਾਂ ਨੇ ਟਾਇਰਾਂ ਦੇ ਉੱਪਰ ਵਾਲੀਆਂ ਸੀਟਾਂ ਪੱਕੇ ਤੌਰ ‘ਤੇ ਪੁਲਿਸ ਵਾਲਿਆਂ ਵਾਸਤੇ ਰੱਖੀਆਂ ਹੁੰਦੀਆਂ ਸਨ। ਸਾਰੇ ਰਸਤੇ ਗੋਡੇ ਹਿੱਕ ਨਾਲ ਲੱਗੇ ਰਹਿੰਦੇ ਸਨ। ਕਈ ਵਾਰ ਫਰੀ ਬੈਠਣ ਦੇ ਮੁੱਦੇ ‘ਤੇ ਕੰਡਕਟਰਾਂ ਅਤੇ ਪੁਲਿਸ ਵਾਲਿਆਂ ਦਰਮਿਆਨ ਜੂਤ ਪਤਾਣ ਵੀ ਹੋ ਜਾਂਦਾ ਸੀ। 1995 ਦੀ ਗੱਲ ਹੈ ਕਿਥਾਣੇ ਮੁਰਿੰਡੇ ਦੇ ਇੱਕ ਸਿਪਾਹੀ ਦੀ ਇਸੇ ਕਾਰਨ ਰੋਡਵੇਜ਼ ਦੇ ਇੱਕ ਕੰਡਕਟਰ ਨਾਲ ਹੱਥੋਪਾਈ ਹੋ ਗਈ।ਜਦੋਂ ਗੱਲ ਵਧ ਗਈ ਤਾਂ ਡਰਾਈਵਰ ਨੇ ਬੱਸ ਟੇਢੀ ਕਰ ਕੇ ਥਾਣੇ ਦੇ ਅੱਗੇ ਸੜਕ ਵਿੱਚ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ। ਵੇਖਾ ਵੇਖੀ ਰੋਡਵੇਜ਼ ਦੀਆਂ ਦਰਜ਼ਨਾਂ ਬੱਸਾਂ ਉਥੇ ਲੱਗ ਗਈਆਂ ਤੇ ਪੁਲਿਸ ਦੀ ਮੁਰਦਾਬਾਦ ਸ਼ੁਰੂ ਹੋ ਗਈ।

ਗੱਲ ਵਧਦੀ ਵੇਖ ਕੇਐਸ.ਐਚ.ਉ. ਤੇ ਡੀ.ਐਸ.ਪੀ. ਮੌਕੇ ‘ਤੇ ਪਹੁੰਚ ਗਏ। ਰੋਡਵੇਜ਼ ਵਾਲੇ ਇਸ ਗੱਲ ‘ਤੇ ਅੜ ਗਏ ਕਿ ਸਿਪਾਹੀ ਬੱਸ ਦੇ ਉੱਪਰ ਚੜ੍ਹ ਕੇ ਸਾਡੇ ਕੋਲੋਂ ਮਾਫੀ ਮੰਗੇ। ਸਿਪਾਹੀ ਨੇ ਅਫਸਰਾਂ ਨੂੰ ਦੱਸਿਆ ਕਿ ਇਸ ਝਗੜੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ, ਸਗੋਂ ਕੰਡਕਟਰ ਹੀ ਬਿਨਾਂ ਕਾਰਨ ਮੇਰੇ ਗਲ ਪਿਆ ਸੀ। ਤੁਸੀਂ ਚਾਹੇ ਮੈਨੂੰ ਸਸਪੈਂਡ ਕਰ ਦਿੳੇੁ, ਮੈਂ ਮਾਫੀ ਨਹੀਂ ਮੰਗਣੀ। ਚਲੋ ਡੀ.ਐਸ.ਪੀ. ਨੇ ਲੱਲੋ ਪੱਪੋ ਲਗਾ ਕੇ ਉਸ ਨੂੰ ਮਨਾ ਲਿਆ ਤੇ ਉਹ ਬੱਸ ‘ਤੇ ਚੜ੍ਹ ਗਿਆ। ਰੋਡਵੇਜ਼ ਦੇ ਮੁਲਾਜ਼ਮ ਉਸ ਨੂੰ ਬੱਸ ‘ਤੇ ਚੜ੍ਹਿਆ ਵੇਖ ਕੇ ਆਪਣੀ ਜਿੱਤ ਦੀ ਖੁਸ਼ੀ ਵਿੱਚ ਹੋਰ ਜ਼ੋਰ ਦੀ ਨਾਅਰੇ ਲਗਾਉਣ ਲੱਗ ਪਏ ਜਿਸ ਨੂੰ ਵੇਖ ਕੇ ਸਿਪਾਹੀ ਹੋਰ ਸੜ ਬਲ ਗਿਆ। ਉਸ ਨੇਉੱਚੀ ਸਾਰੀ ਕਿਹਾ ਕਿ ਮੈਂ ਨਹੀਂ ਮੰਗਦਾ ਮਾਫੀ, ਜਾਉ ਜੋ ਕਰਨਾ ਆਂ ਕਰ ਲਉ! ਐਨਾ ਕਹਿ ਕੇ ਉਹ ਬੱਸ ਤੋਂ ਉੱਤਰ ਕੇ ਦੌੜ ਗਿਆ।

ਇਹ ਵੇਖ ਭਾਣਾ ਵਰਤਦਾ ਵੇਖ ਕੇ ਸਾਰਿਆਂ ਦੇ ਰੰਗ ਉੱਡ ਗਏ। ਉਸ ਸਿਪਾਹੀ ਨੂੰ ਸਸਪੈਂਡ ਕਰ ਕੇ ਆਰਡਰ ਵਿਖਾਏ ਤਾਂ ਜਾਂ ਕੇ ਕਿਤੇ ਰੋਡਵੇਜ਼ ਵਾਲਿਆਂ ਨੇ ਜਾਮ ਖੋਲ੍ਹਿਆ। ਦੋ ਹਫਤਿਆ ਬਾਅਦ ਉਸ ਦਬੰਗ ਸਿਪਾਹੀ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ। ਕਈ ਨਵੇਂ ਭਰਤੀ ਹੋਏ ਪੁਲਿਸ ਵਾਲਿਆਂ ਨੂੰ ਮੁਲਜ਼ਮ ਅਤੇ ਮੁਲਾਜ਼ਮ ਸ਼ਬਦ ਦੇ ਅਰਥ ਪਤਾ ਨਹੀਂ ਸਨ ਹੁੰਦੇ। ਮੈਂ 1990 ਵਿੱਚ ਫਰੀਦਕੋਟ ਜਿਲ੍ਹੇ ਵਿਖੇ ਨਵਾਂ ਨਵਾਂ ਏ.ਐਸ.ਆਈ. ਭਰਤੀ ਹੋਇਆ ਸੀ ਤੇ ਇੱਕ ਦਿਨ ਮੈਂ ਬੱਸ ਵਿੱਚ ਬੈਠਾ ਫਰੀਦਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਿਹਾਸੀ। ਜਦੋਂ ਕੰਡਕਟਰ ਨੇ ਟਿਕਟਪੁੱਛੀ ਤਾਂ ਮੈਂ ਧੌਣ ਅਕੜਾ ਕੇ ਕਹਿ ਦਿੱਤਾ ਕਿ ਮੈਂ ਮੁਲਜ਼ਮ ਹਾਂ ਤੇ ਕੰਡਕਟਰ ਅੱਗੇਲੰਘ ਗਿਆ। ਮੇਰੇ ਨਾਲ ਬਾਵਰਦੀ ਬੈਠਾ ਇੱਕ ਹੌਲਦਾਰ ਹੱਸਣ ਲੱਗ ਪਿਆ। ਮੈਂ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੁਲਜ਼ਮ ਕਿਸੇ ਮੁਕੱਦਮੇ ਦੇ ਦੋਸ਼ੀ ਨੂੰ ਕਿਹਾ ਜਾਂਦਾ ਹੈ ਤੇ ਸਹੀ ਸ਼ਬਦ ਮੁਲਾਜ਼ਮ ਹੈ।

ਟਰੇਨਿੰਗ ਕਰਨ ਤੋਂ ਬਾਅਦ ਪ੍ਰੋਬੇਸ਼ਨਰ (ਸਿੱਧੇ ਭਰਤੀ) ਏ.ਐਸ.ਆਈ. ਅਤੇ ਇੰਸਪੈਕਟਰਾਂ (ਹੁਣ ਸਬ ਇੰਸਪੈਕਟਰ) ਨੂੰ ਕੰਮ ਸਿਖਾਉਣ ਲਈ ਏ ਬੀ ਸੀ ਡੀ ਆਦਿ ਕੋਰਸ ਕਰਾਏ ਜਾਂਦੇ ਹਨ। ਇਹ ਕੋਰਸ ਸਰਕਾਰੀ ਵਕੀਲ, ਪੁਲਿਸ ਦੇ ਦਫਤਰਾਂ ਅਤੇ ਥਾਣਿਆਂ ਆਦਿ ਵਿੱਚ ਚੱਲਦੇ ਹਨ। ਸਭ ਤੋਂ ਵੱਧ ਵਿਹਲ ਵਾਲਾ ਕੋਰਸ ਸਰਕਾਰੀ ਵਕੀਲ ਨਾਲ ਹੁੰਦਾ ਹੈ। ਨਾ ਤਾਂ ਪ੍ਰੋਬੇਸ਼ਨਰ ਕੁਝ ਸਿੱਖਣਾ ਚਾਹੁੰਦੇ ਹਨ ਤੇ ਨਾ ਹੀ ਸਰਕਾਰੀ ਵਕੀਲ ਕੁਝ ਸਿਖਾਉਣਾ ਚਾਹੁੰਦੇ ਹਨ। ਇੱਕ ਦਿਨ ਸਾਡੇ ਇੱਕ ਸਾਥੀ ਨੇ ਆਪਣੇ ਕਿਸੇ ਰਿਸ਼ਤੇਦਾਰ ਦੇ ਕਰਮ ਕਾਂਡ ਦੇ ਸਬੰਧ ਵਿੱਚ ਹਰਦਵਾਰ ਜਾਣਾ ਸੀ। ਉਸ ਨੇ ਸਹਿਜ ਸੁਭਾਅ ਗੱਲ ਕੀਤੀ ਤਾਂ ਅਸੀਂ ਚਾਰ ਜਣੇ ਹੋਰ ਤਿਆਰ ਹੋ ਗਏ ਕਿ ਚਲੋ ਹਰਦਵਾਰ ਵੇਖ ਕੇ ਆਉਂਦੇ ਹਾਂ। ਕਿਉਂਕਿ ਸਫਰ ਤਾਂ ਫਰੀ ਹੀ ਸੀ। ਅਸੀਂ ਰਾਤ 11 ਕੁ ਵਜੇ ਦਿੱਲੀ ਪਹੁੰਚ ਗਏ ਤੇ ਉਥੇ ਹਰਦਵਾਰ ਜਾਣ ਵਾਲੀ ਰੋਡਵੇਜ਼ ਦੀ ਬੱਸ ਲੱਭਣ ਲੱਗ ਪਏ।

ਚੰਗੀ ਕਿਸਮਤ ਨੂੰ ਅਸੀਂ ਵੇਖਿਆ ਕਿ ਇੱਕ ਬੱਸ ਦੇ ਅੱਗੇ ਹਰਦਵਾਰ ਦਾ ਬੋਰਡ ਲੱਗਿਆ ਹੋਇਆ ਸੀ ਜੋ ਅੱਡੇ ਤੋਂ ਬਾਹਰ ਜਾ ਰਹੀ ਸੀ ਤੇ ਕੰਡਕਟਰ ਅਗਲੀ ਬਾਰੀ ਵਿੱਚ ਖੜਾ ਸੀ। ਇੱਕ ਸਾਥੀ ਨੇ ਉੱਚੀ ਸਾਰੀ ਅਵਾਜ਼ ਮਾਰੀ ਕਿ ਹਰਦਵਾਰ? ਉਸ ਨੇ ਫੌਰਨ ਸੀਟੀ ਮਾਰ ਕੇ ਬੱਸ ਰੁਕਵਾ ਲਈ ਕਿ ਪੰਜ ਸਵਾਰੀਆਂ ਸਿੱਧੀਆਂ ਹਰਦਾਵਾਰ ਦੀਆਂ ਮਿਲ ਗਈਆਂ ਹਨ। ਅਸੀਂ ਪਿਛਲੀ ਬਾਰੀ ਥਾਣੀ ਚੜ੍ਹ ਕੇ ਸੀਟਾਂ ‘ਤੇ ਬੈਠ ਗਏ। ਕੰਡਕਟਰ ਫਟਾ ਫਟ ਸਭ ਨੂੰਛੱਡ ਕੇ ਸਾਡੇ ਕੋਲ ਪਹੁੰਚ ਗਿਆ ਕਿ ਪਹਿਲਾਂ ਧੁਰ ਦੀਆਂ ਸਵਾਰੀਆਂ ਸਾਂਭ ਲਵਾਂ। ਉਸ ਨੇ ਫਟਾ ਫਟ ਟਿਕਟਾਂ ਵਾਲੀ ਦੱਥੀ ਹੱਥ ਵਿੱਚ ਫੜ੍ਹ ਕੇ ਕਿਹਾ ਕਿ ਕੱਢੋ ਭਾਈ ਫਟਾਫਟ ਐਨੇ ਐਨੇ ਰੁਪਏ। ਅਸੀਂ ਸਾਰਿਆਂ ਨੇ ਇੱਕ ਅਵਾਜ਼ ਵਿੱਚ ਕਿਹਾ ਕੇ ਮੁਲਾਜ਼ਮ ਹਾਂ। ਵਿਚਾਰੇ ਕੰਡਕਟਰ ਦੇ ਹੱਥੋਂ ਝੋਲਾ ਡਿੱਗਦੇ ਡਿੱਗਦੇ ਬਚਿਆ। ਉਹ ਧੜ੍ਹੰਮ ਕਰਦਾ ਇੱਕ ਸੀਟ ‘ਤੇ ਢੇਰੀ ਹੋ ਗਿਆ ਤੇ ਬੋਲਿਆ, “ਮੈਨੂੰ ਇਹ ਤਾਂ ਦੱਸ ਦਿਉ ਕਿ ਇਹ ਮੁਲਾਜ਼ਮ ਅੱਧੀ ਰਾਤ ਨੂੰ ਹਰਦਵਾਰ ਕੀ ਕਰਨ ਚੱਲੇ ਹਨ?”

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062