ਸੋਸ਼ਲ ਮੀਡੀਆ ’ਤੇ ਗਿਬਲੀ ਤਸਵੀਰਾਂ ਦਾ ਵੱਧਦਾ ਰੁਝਾਨ

ਪ੍ਰੋ. ਕੁਲਬੀਰ ਸਿੰਘ
ਸੋਸ਼ਲ ਮੀਡੀਆ ’ਤੇ ਗਿਬਲੀ ਤਸਵੀਰਾਂ ਦਾ ਹੜ੍ਹ ਆਇਆ ਹੋਇਆ ਹੈ। ਅਸੀਂ ਭਾਰਤੀ ਭੇਡ-ਚਾਲ ਦੇ ਸ਼ੌਕੀਨ ਹਾਂ। ਏ ਆਈ ਦੀ ਵਰਤੋਂ ਨਾਲ ਆਪਣੀਆਂ ਤਸਵੀਰਾਂ ਜਪਾਨੀ ਕਲਾ ਦੀ ਸ਼ੈਲੀ ਵਿਚ ਢਾਲ ਕੇ ਲੋਕ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਰਹੇ ਹਨ। ਇਹ ਵੇਖਣ ਨੂੰ ਭਾਵੇਂ ਦਿਲਚਸਪ ਤੇ ਆਕਰਸ਼ਕ ਲੱਗਦੀਆਂ ਹਨ। ਲੋਕ ਇਨ੍ਹਾਂ ਤਸਵੀਰਾਂ ਬਾਰੇ ਇੱਕ ਦੂਸਰੇ ਨੂੰ ਹਾਸਾ ਠੱਠਾ ਵੀ ਕਰ ਰਹੇ ਹਨ। ਪਰ ਸੋਸ਼ਲ ਮੀਡੀਆ ’ਤੇ ਕਿਸੇ ਵੀ ਨਵੇਂ ਰੁਝਾਨ ਦੀ ਵਰਤੋਂ ਕਦੇ ਕਾਹਲ ਵਿਚ ਅਤੇ ਬਿਨਾਂ ਸੋਚੇ ਸਮਝੇ ਨਹੀਂ ਕਰਨੀ ਚਾਹੀਦੀ। ਪਹਿਲਾਂ ਉਹਦੇ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਕਿਉਂ ਕਿ ਅਜਿਹੇ ਰੁਝਾਨ ਦੀ, ਅਪਰਾਧੀ ਬਿਰਤੀ ਵਾਲੇ ਸ਼ਾਤਰ-ਦਿਮਾਗ਼ ਲੋਕ ਬੜੀ ਅਸਾਨੀ ਨਾਲ ਦੁਰਵਰਤੋਂ ਕਰ ਸਕਦੇ ਹਨ।
ਗਿਬਲੀ ਤਸਵੀਰਾਂ ਹਰੇਕ ਵਰਗ ਦੇ ਲੋਕ ਬੜੇ ਚਾਅ ਤੇ ਸ਼ੌਕ ਨਾਲ ਸੋਸ਼ਲ ਮੀਡੀਆ ’ਤੇ ਪਾ ਰਹੇ ਹਨ। ਇਹ ਨਰਮ ਰੰਗਾਂ ਵਾਲੀਆਂ ਜਾਦੂਮਈ ਤਸਵੀਰਾਂ ਸੁਪਨੇ ਵਰਗੀਆਂ ਲੱਗਦੀਆਂ ਹਨ। ਇਸਦੇ ਇਕਦਮ ਚਰਚਿਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਤੁਸੀਂ ਆਪਣੀ ਸੈਲਫ਼ੀ, ਪਰਿਵਾਰਕ ਤਸਵੀਰ ਜਾਂ ਕਿਸੇ ਵੀ ਫੋਟੋ ਨੂੰ ਇੱਕ ਬਟਨ ਦਬਾ ਕੇ ਗਿਬਲੀ ਪੋਰਟਰੇਟ ਵਿਚ ਤਬਦੀਲ ਕਰ ਸਕਦੇ ਹੋ। ਇਹ ਪੋਰਟਰੇਟ ਕਲਾਕਿਰਤ ਵੀ ਲੱਗਦੀ ਹੈ, ਕਾਰਟੂਨ ਵੀ ਅਤੇ ਤਸਵੀਰ ਵੀ। ਇਹੀ ਇਸਦੀ ਵੱਖਰਤਾ ਤੇ ਵਿਸ਼ੇਸ਼ਤਾ ਹੈ। ਵੇਖਣ ਨੂੰ ਕਲਾਸਿਕ ਨਜ਼ਰ ਆਉਂਦੀ ਹੈ।

ਪਰੰਤੂ ਦੂਸਰੇ ਪਾਸੇ ਇੰਟਰਨੈਟ ਅਤੇ ਸੋਸ਼ਲ ਮੀਡੀਆ ਮਾਹਿਰ ਇਸਦੀ ਵਰਤੋਂ ਪ੍ਰਤੀ ਸੁਚੇਤ ਵੀ ਕਰ ਰਹੇ ਹਨ। ਜਦੋਂ ਤੁਸੀਂ ਇਸ ਤਕਨੀਕ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਨਿੱਜੀ ਡਾਟਾ ਚੋਰੀ ਹੋ ਸਕਦਾ ਹੈ। ਤੇਜ਼ੀ ਨਾਲ ਤਸਵੀਰ ਨੂੰ ਪੋਰਟਰੇਟ ਵਿਚ ਤਬਦੀਲ ਕਰਨ ਦੇ ਲਾਲਚ ਵਿਚ ਆਪਣੀ ਨਿੱਜਤਾ ਨੂੰ ਕਦੇ ਵੀ ਦਾਅ ’ਤੇ ਨਾ ਲਗਾਓ। ਕਿਉਂ ਕਿ ਤੁਹਾਡੀਆਂ ਇਨ੍ਹਾਂ ਤਸਵੀਰਾਂ ਅਤੇ ਡਾਟਾ ਨੂੰ ਤੁਹਾਨੂੰ ਬਦਨਾਮ ਕਰਨ, ਪ੍ਰੇਸ਼ਾਨ ਕਰਨ ਲਈ ਕਿਸੇ ਵੀ ਸਮੇਂ ਪ੍ਰਯੋਗ ਕੀਤਾ ਜਾ ਸਕਦਾ ਹੈ। ਤੁਹਾਡੀ ਸਹਿਮਤੀ ਤੋਂ ਬਿਨ੍ਹਾਂ ਇਨ੍ਹਾਂ ਨੂੰ ਕਿਤੇ ਵੀ ਵਰਤਿਆ ਜਾ ਸਕਦਾ ਹੈ। ਅਪਰਾਧੀ ਕਿਸਮ ਦੇ ਲੋਕਾਂ ਦੁਆਰਾ ਡਾਟਾ ਦੀ ਦੁਰਵਰਤੋਂ ਦੀਆਂ ਖ਼ਬਰਾਂ ਰੋਜ਼ਾਨਾ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਗਿਬਲੀ ਤਸਵੀਰਾਂ ਪ੍ਰਤੀ ਯਕਦਮ ਲੋਕਾਂ ਦੇ ਆਕਰਸ਼ਨ ਤੇ ਦਿਲਚਸਪੀ ਤੋਂ ਪਤਾ ਚੱਲਦਾ ਹੈ ਕਿ ਵੱਖ ਵੱਖ ਕਲਾਵਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਹਮਸ਼ਾ ਤੋਂ ਬਣਿਆ ਰਿਹਾ ਹੈ ਜਿਹੜਾ ਅੱਜ ਵੀ ਬਰਕਰਾਰ ਹੈ। ਘਿਬਲੀ ਸ਼ੈਲੀ ਕਲਾ ਵਿਚ ਕਲਾਤਮਕਤਾ ਹੈ, ਕੋਮਲਤਾ ਹੈ, ਆਪਣਾਪਨ ਹੈ, ਸੁਹਜ ਹੈ, ਭਾਵਨਾਤਮਕਤਾ ਹੈ, ਇਸ ਲਈ ਇਹ ਸੱਭ ਨੂੰ ਭਾਉਂਦੀ ਹੈ, ਸੱਭ ਲਈ ਮਜ਼ੇਦਾਰ ਹੈ, ਸੱਭ ਦੇ ਸੁਹਜ-ਸੁਆਦ ਦੀ ਤ੍ਰਿਪਤੀ ਕਰਦੀ ਹੈ। ਇਹ ਵੀ ਯਕੀਨੀ ਹੈ ਕਿ ਗਿਬਲੀ ਤਸਵੀਰਾਂ ਖੁਸ਼ੀ ਫੈਲਾਉਂਦੀਆਂ ਹਨ, ਸਿਰਜਣਾਤਮਿਕਤਾ ਨੂੰ ਪ੍ਰੇਰਿਤ ਕਰਦੀਆਂ ਹਨ, ਮਨ ਨੂੰ ਆਨੰਦਿਤ ਕਰਦੀਆਂ ਹਨ।

ਸਾਫ਼ਟਵੇਅਰ ਇੰਜੀਨੀਅਰ ਗ੍ਰਾਂਟ ਸਲੈਟਨ ਨੇ ਗਿਬਲੀ ਸ਼ੈਲੀ ਦੀ ਏ ਆਈ ਕਲਾ ਪ੍ਰਵਿਰਤੀ ਨੂੰ ਚਰਚਿਤ ਤੇ ਹਰਮਨਪਿਆਰੀ ਬਨਾਉਣ ਲਈ ਪਹਿਲ ਕੀਤੀ। ਉਸਨੇ ਪਹਿਲਾਂ ਓਪਨ ਏ ਆਈ ਦੁਆਰਾ ਆਪਣੇ ਅਤਿ ਆਧੁਨਿਕ ਤਸਵੀਰ-ਨਿਰਮਾਣ ਉਪਕਰਨ ਪੇਸ਼ ਕੀਤੇ ਅਤੇ ਉਸਦੇ ਤੁਰੰਤ ਬਾਅਦ ਸਮਾੰਦਰ ਕਿਨਾਰੇ ਆਪਣੇ ਪਰਿਵਾਰ ਅਤੇ ਕੁੱਤੇ ਏ ਆਈ ਰੂਪਾਂਤਰਿਤ ਤਸਵੀਰ ਐਕਸ ਸੋਸ਼ਲ ’ਤੇ ਪੋਸਟ ਕੀਤੀ। ਵੇਖਦੇ ਹੀ ਵੇਖਦੇ ਗਿਬਲੀਫਾਈਡ ਤਸਵੀਰਾਂ ਸੋਸ਼ਲ ਮੀਡੀਆ ਦੀ ਨਵੀਨਤਮਕ ਸਨਸਨੀ ਵਿਚ ਬਦਲ ਗਈਆਂ ਅਤੇ ਇਕ ਗਰਮਾ ਗਰਮ ਬਹਿਸ ਨੂੰ ਜਨਮ ਦੇ ਦਿੱਤਾ। ਮੀਡੀਆ ਦੇ ਵੱਖ ਵੱਖ ਮੰਚਾਂ ’ਤੇ ਇਹਦੇ ਬਾਰੇ ਲਗਾਤਾਰ ਚਰਚਾ ਹੋ ਰਹੀ ਹੈ।

ਇਸੇ ਚਰਚਾ ਦਾ ਹਿੱਸਾ ਇੱਕ ਉਹ ਵੀਡੀਓ ਹੈ ਜਿਹੜੀ ਇਕ ਟੈਲੀਵਿਜ਼ਨ ਚੈਨਲ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਹੋਈ ਹੈ। ਗਿਬਲੀ ਤਸਵੀਰਾਂ ਦੇ ਪ੍ਰਸੰਗ ਵਿਚ ਟੀ.ਵੀ. ਐਂਕਰ ਕਹਿ ਰਿਹਾ ਹੈ ਕਿ ਜਦੋਂ ਤੁਸੀਂ ਕੋਈ ਆਪਣੀ ਜਾਂ ਆਪਣੇ ਪਰਿਵਾਰ ਦੀ ਤਸਵੀਰ ਨੂੰ ਗਿਬਲੀ ਕਲਾ (ਕਾਰਟੂਨ) ਵਿਚ ਪਰਿਵਰਤਤ ਕਰਨ ਲਈ ਕਹਿੰਦੇ ਹੋ ਤਾਂ ਆਪਣੀ, ਆਪਣੇ ਪਰਿਵਾਰ ਦੀ ਨਿੱਜਤਾ ਤੇ ਸੁਰੱਖਿਆ ਨੰ ਦਾਅ ’ਤੇ ਲਾ ਦਿੰਦੇ ਹੋ। ਉਨ੍ਹਾਂ ਤਸਵੀਰਾਂ ਨੂੰ ਉਹ ਬਾਅਦ ਵਿਚ ਕਿਸੇ ਵੀ ਰੂਪ ਵਿਚ ਵਰਤ ਸਕਦੇ ਹਨ, ਉਨ੍ਹਾਂ ਨਾਲ ਛੇੜ ਛਾੜ ਕਰ ਸਕਦੇ ਹਨ।

ਗਿਬਲੀ ਸਟੂਡੀਓ ਆਪਣੀ ਫ਼ਿਲਮ ਨਿਰਮਾਣ ਦੀ ਉੱਚ ਗੁਣਵਤਾ ਅਤੇ ਕਲਾਤਮਕਤਾ ਲਈ ਜਾਣਿਆ ਜਾਂਦਾ ਹੈ। ਇਸਦੀ ਹਰੇਕ ਫੀਚਰ ਫ਼ਿਲਮ ਨੇ ਆਲੋਚਨਾ ਅਤੇ ਪ੍ਰਸੰਸਾ ਹਾਸਲ ਕੀਤੀ ਅਤੇ ਹੋਰਨਾਂ ਐਨੀਮੇਸ਼ਨ ਸਟੂਡੀਓ ਦਾ ਧਿਆਨ ਖਿੱਚਿਆ। ਇਸ ਸਟੂਡੀਓ ਦਾ ਨਾਂ ਰੱਖਣ ਵੇਲੇ ਲੀਬੀਆਈ-ਅਰਬੀ ਸ਼ਬਦ ‘ਗਿਬਲੀ’ ਤੋਂ ਪ੍ਰੇਰਨਾ ਲਈ ਗਈ ਜਿਸਦਾ ਸ਼ਬਦੀ ਅਰਥ ਹੈ ‘ਗਰਮ ਰੇਗਿਸਤਾਨੀ ਹਵਾ’। ਇਹ ਨਾਂ ਇਸ ਉਮੀਦ ਨਾਲ ਰੱਖਿਆ ਗਿਆ ਸੀ ਕਿ ‘ਗਿਬਲੀ ਸਟੂਡੀਓ’ ਨਾਲ ਐਨੀਮੇਸ਼ਨ ਉਦਯੋਗ ਵਿਚ ਇਕ ਨਵੀਂ ਹਵਾ ਵਗੇਗੀ।
ਹੁਣ ਇੰਟਰਨੈਟ ਅਤੇ ਏ ਆਈ ਦੇ ਸੁਮੇਲ ਸਦਕਾ ਗਿਬਲੀ ਕਲਾ ਪੂਰੀ ਦੁਨੀਆਂ ਵਿਚ ਛਾ ਗਈ ਹੈ।