ਬਠਿੰਡਾ ਦੀ ਪ੍ਰਸਿੱਧ ਲੇਖਿਕਾ ਸਨੇਹ ਗੋਸਵਾਮੀ ਦਾ ਅੰਮ੍ਰਿਤਸਰ ਦੀ ਧਰਤੀ ‘ਤੇ ਹੋਇਆ ਸਨਮਾਨ

(ਬਠਿੰਡਾ, 11 ਅਕਤੂਬਰ) ਮਿੰਨੀ ਕਹਾਣੀ ਲੇਖਕ ਮੰਚ ਅਤੇ ਲਘੂ ਕਹਾਣੀ ਕਲਸ਼ ਦੇ ਸਹਿਯੋਗ ਨਾਲ ਆਲ ਇੰਡੀਆ ਮਿੰਨੀ ਕਹਾਣੀ ਅਤੇ ਲਘੂ ਕਹਾਣੀ ਸੰਮੇਲਨ ਭਗਤ ਪੂਰਨ ਸਿੰਘ ਪਿੰਗਲਵਾੜਾ ਦੇ ਮਾਤਾ ਮਹਿਤਾਬ ਕੌਰ ਹਾਲ ਵਿਖੇ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿੱਚ ਪੰਜਾਬ, ਹਰਿਆਣਾ ਦੇ ਨਾਲ-ਨਾਲ ਭਾਰਤ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਕਲਕੱਤਾ, ਭੋਪਾਲ, ਆਗਰਾ, ਜੈਪੁਰ ਆਦਿ ਦੇ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਸ਼ਾਨਦਾਰ ਸਮਾਗਮ ਦੇ ਆਖਰੀ ਦਿਨ ਬਠਿੰਡਾ ਦੀ ਪ੍ਰਸਿੱਧ ਮਿੰਨੀ ਕਹਾਣੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਸਨੇਹ ਗੋਸਵਾਮੀ ਨੂੰ ਨਿੱਕੀਆਂ ਕਹਾਣੀਆਂ ਦੇ ਵਿਕਾਸ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਊਸ਼ਾ ਪ੍ਰਭਾਕਰ ਲਘੂ ਕਹਾਣੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਵਿੱਚ ਇੱਕ ਸ਼ਾਲ, ਇੱਕ ਯਾਦਗਾਰੀ ਚਿੰਨ੍ਹ ਅਤੇ 5100 ਰੁਪਏ ਨਕਦ ਰਾਸ਼ੀ ਸ਼ਾਮਲ ਹੈ। ਇਹ ਪੁਰਸਕਾਰ ਹਰ ਸਾਲ ਲਘੂ ਕਹਾਣੀ ਕਲਸ਼ ਮੈਗਜ਼ੀਨ ਦੇ ਪ੍ਰਸਿੱਧ ਸੰਪਾਦਕ ਯੋਗਰਾਜ ਪ੍ਰਭਾਕਰ ਦੀ ਪਤਨੀ ਸਵ ਊਸ਼ਾ ਪ੍ਰਭਾਕਰ ਦੀ ਯਾਦ ਵਿੱਚ ਸਾਹਿਤ ਵਿੱਚ ਪਾਏ ਯੋਗਦਾਨ ਲਈ ਭਾਰਤ ਭਰ ਦੇ ਕਿਸੇ ਸਾਹਿਤਕਾਰਾਂ ਵਿੱਚੋ ਕਿਸੇ ਇੱਕ ਨੂੰ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਸਨੇਹ ਗੋਸਵਾਮੀ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਦਰਸਾਉਣ ਲਈ ਸਕਰੀਨ ‘ਤੇ ਇੱਕ ਡਾਕੂਮੈਂਟਰੀ ਦਿਖਾਈ ਗਈ। ਫਿਰ ਪਿੰਗਲਵਾੜਾ ਦੇ ਡਾਇਰੈਕਟਰ ਡਾ: ਇੰਦਰਜੀਤ ਕੌਰ ਨੇ ਉਨ੍ਹਾਂ ਨੂੰ ਸ਼ਾਲ ਪਾ ਕੇ ਸਨਮਾਨਿਤ ਕੀਤਾ।

ਮੰਚ ‘ਤੇ ਮਿੰਨੀ ਕਹਾਣੀ ਮੰਚ ਦੇ ਡਾ: ਸ਼ਿਆਮ ਸੁੰਦਰ, ਪਿ੍ੰਸੀਪਲ ਦੀਪਤੀ ਜਗਦੀਸ਼ ਕੁਲਰੀਆਂ, ਪੰਜਾਬ ਸਾਹਿਤ ਅਕਾਦਮੀ ਡਾ. ਲਖਵਿੰਦਰ ਜੌਹਲ, ਨਵਾਂਜ਼ਮਾਨਾ ਦੇ ਸੰਪਾਦਕ ਅਤੇ ਮਿੰਨੀ ਕਹਾਣੀ ਮੰਚ ਦੇ ਸਮੂਹ ਅਧਿਕਾਰੀ ਹਾਜ਼ਰ ਸਨ। ਸਨੇਹ ਗੋਸਵਾਮੀ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੇ ਚਾਰ ਮਿੰਨੀ ਕਹਾਣੀ ਸੰਗ੍ਰਹਿ ਰਿਲੀਜ਼ ਹੋ ਚੁੱਕੇ ਹਨ। ਇਸ ਤੋਂ ਇਲਾਵਾ ਦੋ ਕਹਾਣੀ ਸੰਗ੍ਰਹਿ, ਇੱਕ ਕਾਵਿ ਸੰਗ੍ਰਹਿ, ਦੋ ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਇੱਕ ਮਿੰਨੀ ਕਾਵਿ ਸੰਗ੍ਰਹਿ ਪ੍ਰੈਸ ਵਿੱਚ ਹੈ।

Jaspreet Singh
Reporter Bathinda
APS, UNI