ਮਨੁੱਖੀ ਸਿਹਤ ਨੂੰ ਬਿਹਤਰ ਬਣਾਉਣ ਲਈ ਦੁਨੀਆ ਭਰ ਵਿੱਚ ਚਿਕਿਤਸਾ ਵਿਗਿਆਨ ਵਿੱਚ ਨਿੱਤ ਖੋਜਾਂ ਹੋ ਰਹੀਆਂ ਹਨ। ਮਨੁੱਖੀ ਸਰੀਰ ਨੂੰ ਬਿਮਾਰੀ ਰਹਿਤ ਬਣਾਉਣ, ਬਿਮਾਰੀਆਂ ਉਪਰੰਤ ਸਰੀਰ ਨੂੰ ਬਚਾਉਣ ਲਈ ਜੰਗੀ ਪੱਧਰ ਉੱਤੇ ਕਦਮ ਚੁੱਕੇ ਜਾ ਰਹੇ ਹਨ ਤਾਂ ਕਿ ਮੌਜੂਦਾ ਦੌਰ ਵਿੱਚ ਮਾਨਵ,ਲੰਮੀ ਅਤੇ ਰੋਗ ਰਹਿਤ ਜ਼ਿੰਦਗੀ ਭੋਗੇ। ਪਰ ਸਾਡੇ ਖਾਣ ਪੀਣ ਦਾ ਰੰਗ ਢੰਗ ਇੰਨੀ ਤੇਜ਼ੀ ਨਾਲ ਬਦਲ ਰਿਹਾ ਹੈ, ਜਿਸਦਾ ਨਤੀਜਾ ਸਾਡੇ ਸਰੀਰ ਉੱਤੇ ਉਲਟਾ ਅਸਰ ਪਾ ਰਿਹਾ ਹੈ। ਮਨੁੱਖੀ ਸਰੀਰ ਦੀ ਪਹਿਲ ਤਾਂ ਹੁਣ ਡੱਬਾ ਬੰਦ ਭੋਜਨ, ਠੰਡੀਆਂ ਪੀਣ ਵਾਲੀਆਂ ਚੀਜ਼ਾਂ, ਬਿਸਕੁਟ ਚਾਕਲੇਟ ਬਣ ਗਈ ਹੈ, ਜਿਹਨਾਂ ਵਿਚ ਸਰੀਰ ਨੂੰ ਲੋੜੀਂਦੀ ਖੰਡ, ਚਰਬੀ ਦੀ ਮਾਤਰਾ ਦੀ ਭਰਮਾਰ ਹੈ, ਜੋ ਸਰੀਰ ਨੂੰ ਚਾਹੀਦੀ ਮਾਤਰਾ ਤੋਂ ਕਈ ਗੁਣਾ ਵਧੇਰੇ ਹੈ। ਇਹੀ ਸਾਡੀਆਂ ਬਿਮਾਰੀਆਂ ਦਾ ਵੱਡਾ ਕਾਰਨ ਹੈ।
ਮਨੁੱਖੀ ਸਰੀਰ ਦੇ ਪਾਲਣ ਪੋਸ਼ਣ ਅਤੇ ਨਵ ਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਚੁੰਘਾਉਣ ਦੇ ਮਾਮਲਿਆਂ 'ਤੇ ਕੰਮ ਕਰਦੀਆਂ ਦੋ ਸੰਸਥਾਵਾਂ ਨੇ ਇੱਕ ਰਿਪੋਰਟ ਛਾਪੀ ਹੈ, ਜਿਸ ਵਿੱਚ ਫਾਸਟ ਫੂਡ ਜਾਂ ਜੰਕ ਫੂਡ ਸਬੰਧੀ ਇੱਕ ਵਿਸਥਾਰਤ ਰਿਪੋਰਟ ਤਿਆਰ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇਸ਼ ਮੋਟਾਪੇ ਅਤੇ ਸ਼ੂਗਰ ਜਿਹੀਆਂ ਗੰਭੀਰ ਬਿਮਾਰੀਆਂ ਕਾਰਨ ਵੱਡੇ ਸਿਹਤ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਹ ਅਤਿਅੰਤ ਚਿੰਤਾ ਦਾ ਵਿਸ਼ਾ ਹੈ।
ਆਈ. ਸੀ. ਐਮ. ਆਰ ਦੇ ਇਕ ਅਧਿਐਨ ਅਨੁਸਾਰ ਭਾਰਤ 'ਚ ਦਸ ਕਰੋੜ ਤੋਂ ਵੱਧ ਲੋਕ ਸ਼ੂਗਰ ਦੇ ਸ਼ਿਕਾਰ ਹਨ। ਇਸ ਅਧਿਐਨ 'ਚ ਇਹ ਵੀ ਲਿਖਿਆ ਗਿਆ ਹੈ ਕਿ ਹਰ ਚਾਰਾਂ ਵਿਚੋਂ ਇਕ ਵਿਅਕਤੀ ਸ਼ੂਗਰ ਅਤੇ ਮੋਟਾਪੇ ਦਾ ਸ਼ਿਕਾਰ ਹੈ। ਅੰਕੜੇ ਦੱਸਦੇ ਹਨ ਕਿ ਪੰਜ ਸਾਲ ਦੀ ਉਮਰ ਤੋਂ ਘੱਟ ਉਮਰ ਦੇ 43 ਲੱਖ ਬੱਚੇ ਮੋਟਾਪੇ ਦੇ ਸ਼ਿਕਾਰ ਹੋ ਚੁੱਕੇ ਹਨ। ਸਾਡੇ ਇਹ ਅੰਕੜੇ ਸਿਹਤ 'ਚ ਆਏ ਵਿਗਾੜ ਅਤੇ ਬੱਚਿਆਂ ਦੀ ਪਾਲਣਾ ਪੋਸ਼ਣਾ 'ਚ ਕਮੀ ਦਾ ਸਪੱਸ਼ਟ ਸੰਕੇਤ ਹਨ। ਕੀ ਇੰਜ ਸਾਡੀ ਅਗਲੀ ਪੀੜੀ ਸਿਹਤਮੰਦ ਨਜ਼ਰ ਆਏਗੀ?
ਨੈਸ਼ਨਲ ਫੈਮਿਲੀ ਹੈਲਥ ਸਰਵੇ ਦਰਸਾਉਂਦਾ ਹੈ ਕਿ ਭਾਰਤ ਦੀਆਂ ਕੁੱਲ ਔਰਤਾਂ ਵਿਚੋਂ 23 ਫੀਸਦੀ ਅਤੇ ਮਰਦਾਂ ਵਿਚੋਂ 22 ਫੀਸਦੀ ਦਾ ਔਸਤਨ ਭਾਰ ਵੱਧ ਹੈ ਅਤੇ 40 ਫੀਸਦੀ ਔਰਤਾਂ ਅਤੇ 12 ਫੀਸਦੀ ਮਰਦ ਮੋਟਾਪੇ ਤੋਂ ਪੀੜਤ ਹਨ।
ਅਗਸਤ 2023 ਦੀ ਡਬਲਯੂ ਐੱਚ. ਓ. (ਵਿਸ਼ਵ ਸਿਹਤ ਸੰਸਥਾ) ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤ ਵਿਚ 2011 ਤੋਂ 2021 ਦੇ ਵਿਚਕਾਰ ਹਰ ਵਰ੍ਹੇ ਖਾਣ ਕਰਕੇ ਪਦਾਰਥਾਂ ਦੀ ਵਿਕਰੀ 'ਚ 13.37 ਫ਼ੀਸਦੀ ਵਾਧਾ ਹੋ ਗਿਆ ਹੈ। ਇੰਜ ਭਾਰਤ ਵਿਚ ਵੱਧ ਖਾਣ ਪਦਾਰਥਾਂ ਦੀ ਵਰਤੋਂ 'ਚ ਵਾਧਾ ਮੋਟਾਪੇ ਜਿਹੀਆਂ ਬਿਮਾਰੀਆਂ 'ਚ ਵਾਧਾ ਕਰੇਗਾ। ਕਿਹਾ ਜਾ ਰਿਹਾ ਹੈ ਕਿ 2035 ਤੱਕ ਅੱਧੀ ਦੁਨੀਆਂ ਵੱਧ ਖਾਣ ਪੀਣ ਨਾਲ ਮੋਟਾਪੇ ਦੀ ਲਪੇਟ 'ਚ ਆਏਗੀ।
ਜੇਕਰ ਮੋਟਾਪੇ ਤੋਂ ਬਚਾਅ ਨਾ ਕੀਤਾ ਗਿਆ ਜਾਂ ਫਾਸਟ ਫੂਡ ਉੱਤੇ ਲਗਾਮ ਨਾ ਕੱਸੀ ਗਈ ਤਾਂ ਦੁਨੀਆਂ ਦੇ ਦੋ ਅਰਬ ਲੋਕ ਮੋਟਾਪੇ ਦਾ ਸ਼ਿਕਾਰ ਹੋ ਜਾਣਗੇ। ਇਹ ਗੱਲ ਸਮਝਣ ਵਾਲੀ ਹੈ ਕਿ ਮੋਟਾਪਾ ਮਨੁੱਖੀ ਸਰੀਰ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਸਗੋਂ ਦੇਸ਼ ਦੀ ਆਰਥਿਕਤਾ ਵੀ ਇਸ ਨਾਲ ਪ੍ਰਭਾਵਿਤ ਹੁੰਦੀ ਹੈ। ਜੇਕਰ ਕੁੱਲ ਮਿਲਾ ਕੇ ਚਾਰ ਵਿਅਕਤੀਆਂ ਵਿਚੋਂ ਇਕ ਮੋਟਾਪੇ ਦਾ ਸ਼ਿਕਾਰ ਹੋ ਜਾਏਗਾ, ਦੁਨੀਆ ਭਰ ਵਿਚ ਤਾਂ ਇਹ ਇੱਕ ਅਜੀਬ ਅਤੇ ਵਿਸਫੋਟਕ ਸਥਿਤੀ ਹੋਏਗੀ।
ਆਓ ਨਜ਼ਰ ਮਾਰੀਏ ਜੰਕ ਫੂਡ ਦਾ ਕਾਰੋਬਾਰ ਕਿਵੇਂ ਵੱਧ ਰਿਹਾ ਹੈ? ਕਿਵੇਂ ਇਹ ਸਾਡੇ ਵਰਤਮਾਨ ਅਤੇ ਭਵਿੱਖ ਨੂੰ ਪ੍ਰਭਾਵਿਤ ਕਰ ਰਿਹਾ ਹੈ? ਇਹ ਜੰਕ ਜਾਂ ਫਾਸਟ ਫੂਡ ਦਾ ਖਾਣ ਪਾਣ ਸਾਡੇ ਕੁਪੋਸ਼ਨ ਨੂੰ ਵਧਾ ਰਿਹਾ ਹੈ। ਭਾਰਤ ਇਸ ਦੇ ਮਾਮਲੇ 'ਚ ਪੂਰੀ ਤਰ੍ਹਾਂ ਸ਼ਿਕੰਜੇ 'ਚ ਹੈ। ਜਾਂ ਇੰਜ ਕਹਿ ਲਈਏ ਕਿ ਵਿਸ਼ਵ ਭਰ ਦੇ ਖਾਣ ਪਾਣ ਵਿਉਪਾਰੀ ਭਾਰਤ 'ਚ ਆਪਣਾ ਭਵਿੱਖ ਵੇਖਦੇ ਹਨ।
ਇਕ ਰਿਪੋਰਟ ਅਨੁਸਾਰ ਦੇਸ਼ ਭਾਰਤ ਦੇ ਅੰਦਰ 80 ਫੀਸਦੀ ਤੋਂ ਵੱਧ ਬੱਚੇ ''ਲੁਕਵੀ ਭੁੱਖ'' ਦਾ ਸ਼ਿਕਾਰ ਹਨ। ਇਹ ਲੁਕਵੀਂ ਭੁੱਖ ਦਾ ਭਾਵ ਹੈ ਕਿ ਬੱਚੇ ਨੂੰ ਜਨਮ ਤੋਂ ਵੀ ਜੰਕ ਫੂਡ ਦੇਣਾ। ਮਾਂ ਦੇ ਦੁੱਧ ਤੋਂ ਵਿਰਵੇ ਰੱਖ ਕੇ ਡੱਬੇ ਦਾ ਦੁੱਧ ਉਹਨਾਂ ਨੂੰ ਦਿੱਤਾ ਜਾਂਦਾ ਹੈ। ਅਜ਼ੀਬ ਕਿਸਮ ਦੇ ਭੋਜਨ ਉਹਨਾਂ ਦੇ ਸਰੀਰ 'ਚ ਧੱਕੇ ਜਾਂਦੇ ਹਨ, ਜਿਵੇਂ ਸੈਰੇਲਿਕ ਆਦਿ ਜਿਨਾਂ ਵਿਚ ਭੋਜਨ ਦੇ ਉਹ ਤੱਤ ਨਹੀਂ ਮਿਲਦੇ ਜਿਹੜੇ ਕੁਦਰਤੀ ਭੋਜਨ ਦਾਲ ਦਾ ਪਾਣੀ, ਸੂਜੀ ਦੀ ਖੀਰ ਆਦਿ ਪਦਾਰਥਾਂ ਤੋਂ ਮਿਲਦੇ ਹਨ। ਜਿਸ ਕਾਰਨ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ।
ਇਹੋ ਜਿਹਾ ਜੰਕ ਫੂਡ ਅਤੇ ਫਾਸਟ ਫੂਡ ਦੇ ਮਨੁੱਖੀ ਸਰੀਰ ਉੱਤੇ ਭੈੜੇ ਪ੍ਰਭਾਵ ਨੂੰ ਵੇਖਦਿਆਂ ਹੋਇਆਂ ਦਿੱਲੀ ਦੇ ਹਾਈਕੋਰਟ ਨੇ ਭਾਰਤੀ ਖਾਧ ਸੁਰੱਖਿਆ ਸੰਸਥਾ ਨੂੰ ਸਕੂਲਾਂ ਅਤੇ ਉਹਨਾਂ ਦੀ ਨਜ਼ਦੀਕ ਵਾਧੂ ਚਰਬੀ ਵਾਲੇ, ਲੂਣ ਅਤੇ ਖੰਡ ਵਾਲੇ ਪਦਾਰਥਾਂ ਦੀ ਵਿਕਰੀ ਉੱਤੇ ਰੋਕ ਲਾਗੂ ਕਰਨ ਦੇ ਹੁਕਮ ਦਿੱਤੇ ਸਨ। ਪਰ ਬਹੁਤ ਸਾਰੇ ਹੋਰ ਹੁਕਮਾਂ ਵਾਂਗਰ ਹੀ ਇਹ ਹੁਕਮ, ਕਦੇ ਵੀ ਲਾਗੂ ਨਹੀਂ ਹੋ ਸਕਿਆ। ਇਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਦੇਸ਼ ਦੀ 80 ਕਰੋੜ ਵਸੋਂ ਨੂੰ ਸਰਕਾਰ ਰਾਸ਼ਟਰ ਖਾਧ ਸੁਰੱਖਿਆ ਐਕਟ ਅਨੁਸਾਰ ਭਾਰਤ ਸਰਕਾਰ ਜੋ ਭੋਜਨ ਮੁਹੱਈਆ ਕਰਦੀ ਹੈ, ਉਹ ਕਿੰਨਾ ਕੁ ਪੋਸ਼ਕ ਹੈ ਅਤੇ ਸਕੂਲਾਂ, ਆਂਗਨਵਾੜੀਆਂ 'ਚ ਦਿੱਤਾ ਜਾਂਦਾ ਭੋਜਨ ਕੀ ਬੱਚੇ ਦੇ ਸਰੀਰਕ ਵਾਧੇ ਲਈ ਕਾਫ਼ੀ ਹੈ?
ਖਾਧ ਅਤੇ ਜਾਂਚ ਏਜੰਸੀ ਅਨੁਸਾਰ ਦੇਸ਼ ਦੇ ਅੰਦਰ 2019 ਤੱਕ ਡੱਬਾ ਬੰਦ ਖਾਣੇ ਦੀ ਸੰਖਿਆ 25 ਫੀਸਦੀ ਸੀ, ਜੋ 2022 ਤੱਕ 40 ਫੀਸਦੀ ਨੂੰ ਪਾਰ ਕਰ ਚੁੱਕੀ ਹੈ। ਇਸ ਤਰ੍ਹਾਂ ਡੱਬਾ ਬੰਦ ਭੋਜਨ ਦੀ ਉਪਲੱਧਤਾ ਵਿਚ ਸਾਡਾ ਦੇਸ਼ ਦੁਨੀਆ ਭਰ 'ਚ 13ਵੇਂ ਨੰਬਰ ਤੇ ਪੁੱਜ ਗਿਆ ਹੈ। ਜਦਕਿ ਅਮਰੀਕਾ ਅਤੇ ਬਰਤਾਨੀਆ ਪਹਿਲੇ ਦਰਜ਼ੇ 'ਤੇ ਹਨ। ਜੰਕ ਕਾਰੋਬਾਰ ਪੂਰੀ ਤੇਜ਼ੀ ਨਾਲ ਵਧ ਫੁਲ ਰਿਹਾ ਹੈ, 2021 ਤੱਕ ਵਿਸ਼ਵ ਪੱਧਰ 'ਤੇ ਜੰਕ ਬਜ਼ਾਰ 5775 ਕਰੋੜ ਰੁਪਏ ਸੀ ਜੋ 2030 ਤੱਕ 7900 ਕਰੋੜ ਪੁੱਜਣ ਦਾ ਅੰਦਾਜ਼ਾ ਹੈ।
ਇਸ ਸਭ ਕੁਝ ਦੇ ਵਿਚਕਾਰ ਬਹੁਤੇ ਫਿਕਰ ਵਾਲੀ ਗੱਲ ਇਹ ਹੈ ਕਿ ਜਿਹੜੇ 43 ਫੀਸਦੀ ਡੱਬਾ ਬੰਦ ਭੋਜਨ ਮਿਲਦੇ ਹਨ, ਉਹਨਾਂ ਵਿਚੋਂ ਇਕ ਤਿਹਾਈ ਵਿਚ ਖੰਡ, ਚਰਬੀ, ਸੋਡੀਅਮ ਦੀ ਮਾਤਰਾ ਸਥਾਪਿਤ ਭੋਜਨ ਮਾਣਕਾਂ ਤੋਂ ਵੱਧ ਹੈ। ਇਹ ਦਿਲ ਦੀਆਂ ਬਿਮਾਰੀਆਂ ਲਈ ਜਾਨਲੇਵਾ ਹੈ। ਜੰਕ ਫੂਡ ਦਾ ਅਸਰ ਬੱਚਿਆਂ ਦੀ ਸਿਹਤ ਉੱਤੇ ਸਭ ਤੋਂ ਵੱਧ ਹੈ।
ਬੱਚੇ ਜੰਕ ਫੂਡ ਦੀ ਵਰਤੋਂ ਕਰਕੇ ਬੇਡੋਲ ਬਣਦੇ ਹਨ, ਉਹਨਾਂ ਦੇ ਸਰੀਰ ਨੂੰ ਬਿਮਾਰੀਆਂ ਛੋਟੀ ਉਮਰ ਵਿਚ ਹੀ ਪ੍ਰੇਸ਼ਾਨ ਕਰਨ ਲੱਗਦੀਆਂ ਹਨ। ਉਂਜ ਵੀ ਜੰਕ ਫੂਡ ਦੇ ਨਾਲ-ਨਾਲ ਮੋਬਾਇਲ ਫੋਨ, ਇੰਟਰਨੈੱਟ, ਟੀ. ਵੀ. ਦੀ ਵਧ ਵਰਤੋਂ ਉਹਨਾਂ ਦੇ ਸਰੀਰ ਉੱਤੇ ਭੈੜਾ ਅਸਰ ਪਾਉਂਦੀ ਹੈ। ਬਾਲਗਾਂ ਉਤੇ ਵੀ ਜੰਕ ਫੂਡ ਦਾ ਅਸਰ ਘੱਟ ਨਹੀਂ ਹੈ।
ਜੰਕ ਫੂਡ ਦੇ ਭੈੜੇ ਪ੍ਰਭਾਵ ਦੇਖੋ। ਇਸ ਦੀ ਪੈਦਾਵਾਰ ਹੈ ਮੋਟਾਪਾ ਜਿਸ ਕਾਰਨ, ਦੁਨੀਆ ਭਰ ਵਿਚ ਹਰ ਸਾਲ ਲਗਭਗ 50 ਲੱਖ ਲੋਕ ਮਰ ਜਾਂਦੇ ਹਨ। ਤਸਵੀਰ ਦਾ ਦੂਜਾ ਪੱਖ ਹੋਰ ਵੀ ਤਕਲੀਫਦੇਹ ਹੈ। ਗਲੋਬਲ ਨਿਊਟ੍ਰੀਸ਼ਨ 2020 ਦੇ ਪ੍ਰਾਪਤ ਅੰਕੜਿਆਂ ਅਨੁਸਾਰ 82 ਕਰੋੜ ਲੋਕਾਂ ਨੂੰ ਪੇਟ ਭਰ ਭੋਜਨ ਨਸੀਬ ਨਹੀਂ ਹੁੰਦਾ। ਇਸ ਅਨੁਪਾਤ ਨਾਲ ਵੇਖੀਏ ਤਾਂ 9 ਵਿਚੋਂ ਇਕ ਵਿਅਕਤੀ ਭੁੱਖਮਰੀ ਦੀ ਮਾਰ ਝੱਲ ਰਿਹਾ ਹੈ। ਫਿਰ ਵੀ ਦੇਸ਼ ਵਿਚ ਮੋਟਾਪਾ ਕਿਸੇ ਵੀ ਬਿਮਾਰੀ ਵਾਂਗਰ ਫੈਲ ਰਿਹਾ ਹੈ। ਕੁਝ ਲੋਕ ਢਿੱਡ ਤੂਸਕੇ ਖਾਂਦੇ ਹਨ ਅਤੇ ਕੁਝ ਨੂੰ ਪੇਟ ਉਤੇ ਕੱਪੜਾ ਬੰਨ੍ਹਕੇ ਸਮਾਂ ਸਾਰਨਾ ਪੈਂਦਾ ਹੈ।
ਜੰਕ ਫੂਡ ਦੁਨੀਆ ਭਰ 'ਚ ਫੈਲਿਆ ਹੋਇਆ ਹੈ। ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਡੱਬਾ ਬੰਦ ਭੋਜਨ, ਪੀਣ ਵਾਲੇ ਪਦਾਰਥਾਂ ਸਮੇਤ ਬਣਾ ਰਹੀਆਂ ਹਨ। ਇਸ ਕਾਰੋਬਾਰ ਲਈ ਵੱਡੀ ਪੱਧਰ ਉੱਤੇ ਇਸ਼ਤਿਹਾਰਬਾਜ਼ੀ ਹੁੰਦੀ ਹੈ ਅਤੇ ਮਨੁੱਖਾਂ ਨੂੰ ਲੋਭਿਤ ਕਰਨ ਲਈ ਇਹਨਾਂ ਪਦਾਰਥਾਂ ਨੂੰ ਆਕਰਸ਼ਕ ਢੰਗ ਨਾਲ ਪੈਕਟਾਂ ਵਿਚ ਲੋਕਾਂ ਅੱਗੇ ਪੇਸ਼ ਕੀਤਾ ਜਾਂਦਾ ਹੈ।
ਇਹ ਅਸਲ ਅਰਥਾਂ 'ਚ ਕਾਰਪੋਰੇਟ ਜਗਤ ਦਾ ਇਕ ਕ੍ਰਿਸ਼ਮਾ ਹੈ। ਕਾਰਪੋਰੇਟੀਏ ਵੱਧ ਧਨ ਕਮਾਉਣ ਲਈ ਮਨੁੱਖ ਨੂੰ ਜੰਕ ਫੂਡ ਦੇ ਰਾਹ ਪਾਉਂਦੇ ਹਨ ਅਤੇ ਇਸੇ ਤਰ੍ਹਾਂ ਜੰਕ ਫੂਡ ਨਾਲ ਹੁੰਦੀਆਂ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਲਈ ਅਗਾਊਂ ਟੀਕੇ, ਮਹਿੰਗੀਆਂ ਦਵਾਈਆਂ ਮਾਰਕੀਟ 'ਚ ਇਹੋ ਕਾਰਪੋਰੇਟ ਕੰਪਨੀਆਂ ਵਾਲੇ ਹੀ ਲਿਆਉਂਦੇ ਹਨ। ਇਹ ਮੁਨਾਫ਼ੀ ਖੋਰੀ ਦੀ ਇੱਕ ਚੇਨ ਹੈ।
ਤੇਜ਼ ਜ਼ਿੰਦਗੀ ਦੇ ਵਹਾਅ 'ਚ ਮਨੁੱਖ ਕੁਦਰਤ ਦੀ ਗੋਦ ਤੋਂ ਵਿਰਵਾ ਕੀਤਾ ਜਾ ਰਿਹਾ ਹੈ। ਮਸ਼ੀਨੀਕਰਨ ਦੇ ਇਸ ਯੁਗ 'ਚ ਮਨੁੱਖ ਇਕ ਮਸ਼ੀਨੀ ਕਲ- ਪੁਰਜਾ ਬਣਾਇਆ ਜਾ ਰਿਹਾ ਹੈ। ਜਿੱਥੇ ਉਸਦੀ ਵਰਤੋਂ ਸਿਰਫ਼ ਲੋੜ ਤੱਕ ਸੀਮਤ ਕੀਤੀ ਜਾ ਰਹੀ ਹੈ।
ਮਨੁੱਖ ਦਾ ਕੁਦਰਤ ਨਾਲ ਲਗਾਅ, ਸ਼ੁੱਧ ਹਵਾ ਪਾਣੀ, ਕੁਦਰਤੀ ਫਸਲਾਂ, ਕੁਦਰਤੀ ਖਾਣ ਪਾਣ ਸਭ ਕੁਝ 'ਚ ਲਗਾਤਾਰ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਆਧੁਨਿਕਤਾ ਦੇ ਇਸ ਦੌਰ 'ਚ ਮਨੁੱਖੀ ਸਿਹਤ ਨਾਲ ਖਿਲਵਾੜ, ਜੀਵਨ ਸ਼ੈਲੀ 'ਚ ਤਬਦੀਲੀ ਗੰਭੀਰ ਬਿਮਾਰੀਆਂ ਦਾ ਕਾਰਨ ਬਣੀ ਹੋਈ ਹੈ ਜਾਂ ਬਣਾਈ ਜਾ ਰਹੀ ਹੈ। ਜੰਕ ਫੂਡ ਇਸ ਸਭ ਕੁਝ ਦਾ ਵੱਡਾ ਹਥਿਆਰ ਹੈ।
ਮਨੁੱਖ ਨੂੰ ਕੁਦਰਤ ਨਾਲ ਪ੍ਰੇਮ, ਆਪਣੇ ਸਰੀਰ ਅਤੇ ਸੋਚ ਨਾਲ ਲਗਾਓ ਵੱਲ ਵਧ ਕੇਂਦਰਤ ਹੋਣਾ ਪਵੇਗਾ ਤਾਂ ਕਿ ਆਪਣੇ ਭਵਿੱਖ, ਆਪਣੀ ਔਲਾਦ ਨੂੰ ਉਹ ਸਿਹਤਮੰਦ ਅਤੇ ਨਰੋਆ ਬਣਾ ਸਕੇ।
-ਗੁਰਮੀਤ ਸਿੰਘ ਪਲਾਹੀ
9815802070
gurmitpalahi@yahoo.com