ਬਠਿੰਡਾ ( ਬੀ ਐੱਸ ਭੁੱਲਰ ) ਬਾਬਾ ਫ਼ਰੀਦ ਕਾਲਜ ਅਤੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵੱਲੋਂ ਐਮ.ਕਾਮ., ਐਮ.ਏ.(ਹਿਸਟਰੀ, ਪੰਜਾਬੀ, ਅੰਗਰੇਜ਼ੀ, ਇਕਨਾਮਿਕਸ, ਪੁਲਿਟੀਕਲ ਸਾਇੰਸ), ਬੀ.ਕਾਮ., ਬੀ.ਬੀ.ਏ., ਬੀ.ਏ., ਬੀ.ਐਸ.ਸੀ. (ਏ.ਟੀ.ਐਚ.ਐਮ.), ਐਮ.ਐਸ.ਸੀ. (ਜੌਗਰਫ਼ੀ) ਅਤੇ ਐਮ.ਬੀ.ਏ. ਦੇ ਸਾਰੇ ਪਾਸ ਹੋ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਕਨਵੋਕੇਸ਼ਨ ਕਰਵਾਈ ਗਈ । ਇਸ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਪ੍ਰੋ.(ਡਾ.) ਰਾਘਵੇਂਦਰ ਪੀ ਤਿਵਾੜੀ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਸਨ । ਇਸ ਕਨਵੋਕੇਸ਼ਨ ਦੀ ਸ਼ੁਰੂਆਤ ਮੁੱਖ ਮਹਿਮਾਨ ਪ੍ਰੋ.(ਡਾ.) ਰਾਘਵੇਂਦਰ ਪੀ ਤਿਵਾੜੀ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ, ਬੀ.ਐਫ.ਜੀ.ਆਈ. ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਡਾ. ਮਨੀਸ਼ ਗੁਪਤਾ, ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਅਤੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ. ਰਜਿੰਦਰ ਕੁਮਾਰ ਉੱਪਲ ਦੁਆਰਾ ਸ਼ਮ੍ਹਾ ਰੌਸ਼ਨ ਕਰ ਕੇ ਕੀਤੀ ਗਈ।
ਕਨਵੋਕੇਸ਼ਨ ਆਰੰਭ ਕਰਨ ਦੀ ਘੋਸ਼ਣਾ ਤੋਂ ਬਾਦ ਬੀ.ਐਫ.ਜੀ.ਆਈ. ਦੇ ਡੀਨ ਡਾ. ਮਨੀਸ਼ ਗੁਪਤਾ ਨੇ ਮੁੱਖ ਮਹਿਮਾਨ ਅਤੇ ਹੋਰ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਬੀ.ਐਫ.ਜੀ.ਆਈ. ਦੀਆਂ ਹੁਣ ਤੱਕ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਸੰਸਥਾ ਦੇ ਹੁਨਰਮੰਦ ਤੇ ਸਮਰਪਿਤ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਦਿੱਤਾ। ਸੰਸਥਾ ਦੇ ਵਿਦਿਆਰਥੀਆਂ ਦੀਆਂ ਅਕਾਦਮਿਕ, ਪਲੇਸਮੈਂਟ, ਖੇਡਾਂ, ਸਭਿਆਚਾਰਕ ਅਤੇ ਰਿਸਰਚ ਖੇਤਰ ਵਿੱਚ ਕੀਤੀਆਂ ਅਹਿਮ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਨੇ ਪਲੇਸਮੈਂਟ ਅਤੇ ਖੋਜ ਤੇ ਨਵੀਨਤਾ ਦੇ ਖੇਤਰ ਵਿੱਚ ਸੰਸਥਾ ਵੱਲੋਂ ਕੀਤੇ ਜਾ ਰਹੇ ਨਿਵੇਕਲੇ ਉਪਰਾਲਿਆਂ ਬਾਰੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਇਸ ਕਨਵੋਕੇਸ਼ਨ ਵਿੱਚ ਵੱਖ ਵੱਖ ਕੋਰਸਾਂ ਦੇ ਪਾਸ ਹੋ ਚੁੱਕੇ 300 ਤੋਂ ਵਧੇਰੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਪ੍ਰੋ.(ਡਾ.) ਰਾਘਵੇਂਦਰ ਪੀ ਤਿਵਾੜੀ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ, ਬੀ.ਐਫ.ਜੀ.ਆਈ. ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਡਾ. ਮਨੀਸ਼ ਗੁਪਤਾ, ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਅਤੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ. ਰਜਿੰਦਰ ਕੁਮਾਰ ਉੱਪਲ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਦੀ ਰਸਮ ਨਿਭਾਈ। ਇਸ ਮੌਕੇ ਵਿਦਿਆਰਥੀਆਂ ਦਾ ਉਤਸ਼ਾਹ ਬਹੁਤ ਹੀ ਸ਼ਲਾਘਾਯੋਗ ਸੀ।
ਮੁੱਖ ਮਹਿਮਾਨ ਪ੍ਰੋ.(ਡਾ.) ਰਾਘਵੇਂਦਰ ਪੀ ਤਿਵਾੜੀ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਇਸ ਕਨਵੋਕੇਸ਼ਨ ਦੀ ਸਫਲਤਾ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਅਭਿਲਾਸ਼ਾ ਅਤੇ ਸਮਰਪਣ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਵਿਦਿਆਰਥੀਆਂ ਜੀਵਨ ਵਿੱਚ ਕਨਵੋਕੇਸ਼ਨ ਦਿਵਸ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਬੀ.ਐਫ.ਜੀ.ਆਈ. ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ । ਡਾ. ਤਿਵਾੜੀ ਨੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਆਪਣੇ ਹੁਨਰ ਅਤੇ ਪ੍ਰਤਿਭਾ ਨੂੰ ਦੇਸ਼ ਦੀ ਤਰੱਕੀ ਲਈ ਵਰਤਣ ਲਈ ਮਾਰਗ ਦਰਸ਼ਨ ਕੀਤਾ । ਵਿਦਿਆਰਥੀਆਂ ਵੱਲੋਂ ਅਨੁਸ਼ਾਸਨ ਵਿੱਚ ਰਹਿ ਕੇ ਇਸ ਕਨਵੋਕੇਸ਼ਨ ਵਿੱਚ ਭਾਗ ਲੈਣ ‘ਤੇ ਆਪਣੀ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ ।
ਅੰਤ ਵਿੱਚ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਨੇ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਰਸਮੀ ਧੰਨਵਾਦ ਕੀਤਾ ।