
ਮੀਂਹ ਦੇ ਛਟਾਕਿਆਂ ਵਰਗੀ ਸਤ ਸ਼੍ਰੀ ਅਕਾਲ। ਅਸੀਂ ਇੱਥੇ ਹੁੰਮਸ ਵਿੱਚ ਵੀ ਨਾਨਕੇ ਆਏ ਜਵਾਕਾਂ ਵਾਂਗ ਦੁੜੰਗੇ ਲਾਂਉਂਦੇ ਹਾਂ। ਰੱਬ ਜੀ ਤੁਹਾਨੂੰ ਸਾਡੇ ਨਾਲ ਜੋੜੀ ਰੱਖਣ ਦੀ ਤੌਫੀਕ ਬਖ਼ਸ਼ੇ। ਅੱਗੇ ਸਮਾਚਾਰ ਇਹ ਹੈ ਕਿ ਹਰ ਪਾਸੇ ਛੁੱਟੀਆਂ ਚ ਤੰਗ ਕਰਦੇ ਬੱਚੂਆਂ ਬਾਰੇ ਸਾਰੇ ਤਵੇ ਲਾ ਰਹੇ ਹਨ। ਚਿਰਾਂ ਤੋਂ ਉਡੀਕਦਿਆਂ ਨੂੰ, ਜਦੋਂ ਸਮਰ ਕੈਂਪ ਤੋਂ ਛੱਡੇ ਨਿਆਣੇ ਆਂਉਂਦੇ ਹਨ ਤਾਂ ਰੌਣਕਾਂ ਲੱਗ ਜਾਂਦੀਆਂ ਹਨ। ਧੁੱਪ, ਗਰਮੀ, ਮੁੜਕਾ ਅਤੇ ਸੇਕ ਦੀ ਪ੍ਰਵਾਹ ਕੀਤੇ ਬਿਨਾਂ, ਲੰਡੀਆਂ ਜੀਆਂ ਕੱਛਾਂ ਪਾ, ਸਾਰੇ ਘਰਾਂ
ਚ ਗੇੜਾ ਦਿੰਦੇ ਦੋਹਤਵਾਨ, ਕੂੰਜਾਂ ਹੀ ਲੱਗਦੇ ਹਨ। ਸ਼ਹਿਰੀ ਮਹਿੰਗੇ ਸਕੂਲਾਂ ਆਲੇ ਬੱਚੇ, ਆਪਣੇ ਨਾਲ, ਰੰਗ-ਬਿਰੰਗੇ ਖਿਡੌਣੇ ਲਿਆਂਉਂਦੇ ਹਨ। ਦੋ ਕੁ ਦਿਨ ਤਾਂ ਧਿਆਨ ਰੱਖਦੇ ਹਨ ਫੇਰ ਖਿਲਾਰਾ ਪੈ ਜਾਂਦਾ ਹੈ। ਪਿੰਡਾਂ ਆਲੇ ਤਾਂ ਲੱਕੜ/ਲੋਹੇ ਦੇ ਟਰੈਕਟਰ-ਟਰਾਲੀ ਨੂੰ ਚਲਾ, ਮੂੰਹ ਨਾਲ ਛੁਰਰ-ਛੁਰਰ ਕਰਕੇ, ਮਿੱਟੀ ਚ ਲੱਥਪੱਥ ਹੋ ਨਜਾਰੇ ਲੈਂਦੇ ਹਨ। ਛੇਤੀ ਹੀ ਪਿੰਡ ਅਤੇ ਸ਼ਹਿਰੀ ਨਿਆਣੇ ਖੁਰਲੀਆਂ, ਕੰਧੋਲੀਆਂ ਅਤੇ ਗਲੀਆਂ ਤੱਕ ਰਲ ਕੇ ਮਸ਼ਕਾਂ ਕਰਦੇ ਹਨ। ਹਵਾ ਭਰਕੇ ਪਲਾਸਟਿਕ ਵਾਲੇ ਟੱਬ ਨੂੰ ਛੱਡ, ਸਾਰੇ ਨਿਆਂਈਂ ਆਲੀ ਮੋਟਰ ਉੱਤੇ, ਜਿਲਬ ਲੱਗੀ ਹੌਦੀ
ਚ ਨਹਾ, ਕੱਛਾਂ ਪੜ੍ਹਾਂਉਂਦੇ ਹਨ। ਮਾਂਵਾਂ ਦੇ ਕੰਮਾਂ, ਗੱਲਾਂ ਅਤੇ ਹੋਰ ਰੁਝੇਵਿਆਂ ਦਾ ਫਾਇਦਾ ਉਠਾਉਂਦੇ ਛਲਾਰੂ, ਖੂਬ ਮਜੇ ਕਰਦੇ ਹਨ। ਡੱਡੀਆਂ, ਮੱਛੀਆਂ ਅਤੇ ਕਿਰਲੀਆਂ ਨਾਲ ਸੂਹ-ਸਿਆਣ ਕੱਢਦੇ, ਨਾਨਕੀ ਆਏਂ ਬੱਚੇ, ਵਾਪਸ ਜਾ ਕੇ ਲੈਟੇ ਲੈ-ਲੈ ਗੱਲਾਂ ਕਰਦੇ ਰਹਿੰਦੇ ਹਨ। ਝਗੜੇ ਚ ਇੱਕ-ਦੂਜੇ ਨੂੰ ਘੂਰੀਆਂ ਵੱਟਦੇ ਲੜਾਕੂਆਂ ਦੀ ਵੱਡੀ ਧਮਕੀ ਹੁੰਦੀ ਹੈ, ‘ਨਾਨੀ ਨੂੰ ਦੱਸ ਦੇਂਊਂ, ਮੈਂ, ਦੇਊਗੀ ਪਤਾ ਤੈਨੂੰ।
ਕਦੇ-ਕਦੇ ਜਦੋਂ ਭੂਆ, ਟੈਬ ਲੈ ਕੇ ਬੱਚੇ ਨੂੰ ‘ਗੂਗਲ ਐਪਉੱਤੇ ਕਈ ਤਰ੍ਹਾਂ ਦੀਆਂ ਗੇਮਾਂ ਅਤੇ ਪੜ੍ਹਾਈ ਵਾਲੀ ਐਪ ਤੋਂ ਜਾਣਕਾਰੀ ਦੇ ਸਵਾਲ ਕਰਾਂਉਂਦੀ ਹੈ ਤਾਂ ਪਿੰਡਾਂ ਆਲਿਆਂ ਲਈ ਇਹ ਸੁਪਨਮਈ ਸੰਸਾਰ ਬਣ ਜਾਂਦਾ ਹੈ। ਹੱਟੇ-ਕੱਟੇ, ਪਿੰਡ ਦੇ ਗੁੱਡੀਆਂ-ਪਟੋਲਿਆਂ ਨਾਲ ਖੇਡਣ ਵਾਲੇ ਬੋਟ, ਉਦੋਂ ਵਿਚਾਰੇ ਜੇ ਬਣ ਜਾਂਦੇ ਹਨ ਅਤੇ ਮੰਜੇ ਦੀ ਹੀਂਹ ਉੱਤੇ ਝੂਟਾ-ਮਾਟੀ ਕਰ ਹੋਰੂੰ ਜੇ ਦੇਖਦੇ ਹਨ। ਨਾਨੀ ਦਾ ਪਿਆਰ, ਬੜੀ ਨਿਰਛਲਤਾ ਨਾਲ, ਆਏ ਬਲੂੰਗੜਿਆਂ ਉੱਤੇ, ਲੀੜੇ ਬਣਾਉਣ, ਖਾਣ-ਪੀਣ ਦੇ ਢੇਰ ਲਾਉਣ ਅਤੇ ਹੋਰ ਸਹੂਲਤਾਂ ਦੇਣ ਲਈ ਨਿਛਾਵਰ ਹੋ ਰਿਹਾ ਹੈ। “ਵੇ ਆ-ਜੋ, ਨਾਹ ਲੋ, ਕੁਸ ਖਾ ਲੋ ਵੇ ਨਿਕੜਿਓ", ਵਾਲੇ ਵਾਕ ਨਾਲ, ਨਾਨਕੇ ਗੂੰਜ ਰਹੇ ਹਨ। ਖਰੂਦ ਪਾਂਉਂਦੇ, ਮਿੱਠਿਆਂ ਨੂੰ ਜਦੋਂ ਮਾਂ ਕੁੱਟ-ਕਟਹਿਰਾ ਕਰਦੀ ਹੈ ਤਾਂ ਇਹ ਸ਼ਬਦ ਨਾਨੀ ਹੀ ਕਹਿ ਸਕਦੀ ਹੈ, “ਨਾ ਨੀ ਧੀਏ, ਮਸਾਂ ਤਾਂ ਚਾਰ ਦਿਨ ਸੋਨੇ ਹੁਰੀਂ ਆਏ ਹਨ, ਆਵਦੇ ਘਰੇ ਜਾ ਕੇ ਕਰ ਲਿਓ ਜੋ ਕਰਨੈਂ।" ‘ਨਾਨੀ ਨਾਲ ਨਾਨਕੇ
ਵਾਲੀ ਅਸਲੀਅਤ ਹਰ ਪਾਸੇ ਵਿਦਮਾਨ ਹੈ। ਮਾਨਸੂਨ ਦੇ ਪਹਿਲੇ ਮੀਂਹ ਨੇ ਪੂੜਿਆਂ, ਗੁਲਗਲਿਆਂ ਦੀ ਖੁਸ਼ਬੋ ਫੈਲਾ ਦਿੱਤੀ ਹੈ। ਤੁਸੀਂ ਵੀ ਕਰੋ ਨਾਨਕੇ ਪਿੰਡ ਦੀਆਂ ਫੇਰੀਆਂ ਨੂੰ ਯਾਦ। ਮਿਲਾਂਗੇ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061