5 ਅਗਸਤ 1965 ਨੂੰ ਪਾਕਿਸਤਾਨੀ ਸੈਨਾ ਨੇ ਉਪਰੇਸ਼ਨ ਗਰੈਂਡ ਸਲੈਮ ਅਧੀਨ ਕਸ਼ਮੀਰ ‘ਤੇ ਹਮਲਾ ਕਰ ਦਿੱਤਾ ਸੀ। ਪਾਕਿਸਤਾਨੀ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੇ ਸੋਚਿਆ ਸੀ ਕਿ ਉਹ ਕੁਝ ਹੀ ਦਿਨਾਂ ਵਿੱਚ ਕਸ਼ਮੀਰ ‘ਤੇ ਕਬਜ਼ਾ ਕਰ ਲਵੇਗਾ। ਪਰ ਭਾਰਤ ਦੇ ਦੂਰਦਰਸ਼ੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਪੰਜਾਬ ਦਾ ਫਰੰਟ ਖੋਲ੍ਹ ਕੇ ਉਸ ਦੇ ਸਾਰੇ ਮਨਸੂਬੇ ਮਿੱਟੀ ਵਿੱਚ ਮਿਲਾ ਦਿੱਤੀ। ਇਸ ਕਾਰਨ ਪਾਕਿਸਤਾਨੀ ਫੌਜ ਵੰਡੀ ਗਈ ਤੇ ਕੁਝ ਹੀ ਦਿਨਾਂ ਵਿੱਚ ਉਸ ਨੂੰ ਲੱਕ ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੀ ਫੌਜ ਇੱਕ ਵਾਰ ਤਾਂ ਖੇਮਕਰਨ ਅਤੇ ਛੰਭ ਜੌੜੀਆਂ ਸੈਕਟਰ ਵਿੱਚ ਕਾਫੀ ਅੱਗੇ ਵੱਧ ਆਈ ਸੀ। ਜੰਗਬੰਦੀ ਹੋਣ ਤੋਂ ਬਾਅਦ ਜਦੋਂ ਲੋਕ ਵਾਪਸ ਘਰਾਂ ਨੂੰ ਗਏ ਸਨ ਤਾਂ ਪਾਕਿਸਤਾਨੀ ਧਾੜਾਂ ਮਕਾਨਾਂ ਦੀਆਂ ਨੀਹਾਂ ਤੱਕ ਪੁੱਟ ਕੇ ਲੈ ਗਈਆਂ ਸਨ। ਕੋਈ ਕੋਠਾ, ਮੋਟਰ, ਬਿਜਲੀ ਦੀ ਤਾਰਾਂ, ਖੰਭਾ, ਵੱਡਾ ਦਰਖਤ ਅਤੇ ਡੰਗਰ ਨਹੀਂ ਸੀ ਛੱਡਿਆ। ਭਾਰਤ-ਪਾਕਿ ਫੌਜ ਵੱਲੋਂ ਖੇਤਾਂ ਵਿੱਚ ਸੈਂਕੜੇ ਬਰੂਦੀ ਸੁਰੰਗਾਂ ਦੱਬੀਆਂ ਗਈਆਂ ਸਨ। ਭਾਰਤੀ ਫੌਜ ਵੱਲੋਂ ਬਹੁਤ ਖੋਜ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਵਿੱਚ ਥੋੜ੍ਹੀਆਂ ਬਹੁਤ ਬਚੀਆਂ ਰਹਿ ਗਈਆਂ ਸਨ ਜਿਨ੍ਹਾਂ ਦੇ ਫਟਣ ਕਾਰਨ ਕਈ ਲੋਕ ਮਾਰੇ ਗਏ ਤੇ ਕਈ ਅੰਗਹੀਣ ਹੋ ਗਏ ਸਨ। ਟਰੈਕਟਰ ਵਾਹੁਣ ਵੇਲੇ ਸਾਰੇ ਦੇਵੀ ਦੇਵਤੇ ਧਿਆ ਕੇ ਖੇਤ ਵਿੱਚ ਵੜੀਦਾ ਸੀ ਕਿ ਪਤਾ ਨਹੀਂ ਵਾਪਸ ਆਉਣਾ ਹੈ ਜਾਂ ਸੁਰੰਗ ਫਟਣ ਕਾਰਨ ਮਾਰੇ ਜਾਣਾ ਹੈ।
1965 ਅਤੇ 1971 ਦੀਆਂ ਜੰਗਾਂ ਵੇਲੇ ਪੰਜਾਬ ਦੇ ਸਰਹੱਦੀ ਲੋਕਾਂ ਦਾ ਹੌਂਸਲਾ ਸਲਾਹਣ ਯੋਗ ਸੀ। ਅੰਮ੍ਰਿਤਸਰ ਵਿੱਚੋਂ ਲੰਘਣ ਵੇਲੇ ਲੋਕ ਫੌਜ ਦੇ ਟਰੱਕਾਂ ਵਿੱਚ ਭੁੱਜੇ ਛੋਲੇ ਤੇ ਹੋਰ ਖਾਣ ਪੀਣ ਦਾ ਸਮਾਨ ਸੁੱਟੀ ਜਾਂਦੇ ਸਨ। ਪਿੰਡਾਂ ਦੇ ਨੌਜਵਾਨ ਮੋਰਚਿਆ ‘ਤੇ ਜਾ ਕੇ ਤੋਪਚੀਆਂ ਦੀ ਗੋਲੇ ਲੋਡ ਕਰਨ ਵਿੱਚ ਮਦਦ ਕਰਦੇ ਸਨ ਤੇ ਫੌਜੀਆਂ ਨੂੰ ਅਗਲੇ ਮੋਰਚਿਆਂ ਤੱਕ ਰੋਟੀਆਂ ਪਹੁੰਚਾਉਂਦੇ ਸਨ। ਕਹਿੰਦੇ ਹਨ 1965 ਦੀ ਜੰਗ ਵੇਲੇ ਇੰਗਲੈਂਡ ਦੀ ਇੱਕ ਅਖਬਾਰ ਦਾ ਰਿਪੋਟਰ ਅੰਮ੍ਰਿਤਸਰ ਆਇਆ ਸੀ। ਉਹ ਲੋਕਾਂ ਦਾ ਵਤੀਰਾ ਵੇਖ ਕੇ ਹੈਰਾਨ ਰਹਿ ਗਿਆ ਕਿ ਹਵਾਈ ਹਮਲੇ ਦਾ ਸਾਰਿੲਨ ਵੱਜਣ ‘ਤੇ ਲੋਕ ਬੰਕਰਾਂ ਵਿੱਚ ਲੁਕਣ ਦੀ ਬਜਾਏ ਬਜ਼ਾਰਾਂ ਵਿੱਚ ਹਵਾਈ ਜਹਾਜ ਵੇਖਣ ਨਿਕਲ ਆਉਂਦੇ ਸਨ। 1965 ਦੀ ਜੰਗ ਸਮੇਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਤਾਇਨਾਤ ਹਵਾਈ ਜਹਾਜ ਡੇਗਣ ਵਾਲੀਆਂ ਤੋਪਾਂ ਦਾ ਇੰਚਾਰਜ ਇੱਕ ਦੱਖਣ ਭਾਰਤੀ ਸੂਬੇਦਾਰ ਸੀ। ਕਿਸੇ ਨੂੰ ਉਸ ਦਾ ਪੂਰਾ ਨਾਮ ਤਾਂ ਨਹੀਂ ਯਾਦ, ਪਰ ਉਸ ਦਾ ਸਰ ਨੇਮ ਰਾਜੂ ਅੱਜ ਵੀ ਲੋਕ ਇੱਕ ਹੀਰੋ ਵਜੋਂ ਯਾਦ ਕਰਦੇ ਹਨ। ਦੂਰੋਂ ਦੂਰੋਂ ਲੋਕ ਉਸ ਨੂੰ ਵੇਖਣ ਆਉਂਦੇ ਸਨ। ਉਸ ਦੀ ਸਟੀਕ ਗੋਲਾਬਾਰੀ ਕਾਰਨ ਇਸ ਸਰਹੱਦੀ ਸ਼ਹਿਰ ‘ਤੇ ਪਾਕਿਸਤਾਨੀ ਜਹਾਜ ਕੋਈ ਬੰਬ ਨਹੀਂ ਸਨ ਸੁੱਟ ਸਕੇ। ਜੰਗ ਬੰਦੀ ਹੋਣ ਤੋਂ ਬਾਅਦ 23 ਸਤੰਬਰ ਸ਼ਾਮ ਨੂੰ ਛੇਹਰਟੇ ਦੇ ਬਜ਼ਾਰ ਵਿੱਚ 2-3 ਬੰਬ ਸੁੱਟ ਕੇ ਕਾਹਲੀ ਕਾਹਲੀ ਵਾਪਸ ਦੌੜ ਗਏ ਸਨ।
ਮੇਰਾ ਪਿੰਡ ਪੰਡੋਰੀ ਸਿੱਧਵਾਂ ਜਿਲ੍ਹਾ ਤਰਨ ਤਾਰਨ ਬਾਰਡਰ ਤੋਂ ਸਿਰਫ 14-15 ਕਿ.ਮੀ. ਦੂਰ ਹੈ। ਜੰਗ ਵੇਲੇ ਗੋਲਾਬਾਰੀ ਕਾਰਨ ਖਿੜਕੀਆਂ ਦਰਵਾਜੇ ਇੰਜ ਖੜਕਦੇ ਸਨ ਜਿਵੇਂ ਜੰਗ ਘਰ ਦੇ ਬਾਹਰ ਹੋ ਰਹੀ ਹੋਵੇ। ਰਾਤਾਂ ਨੂੰ ਬਲੈਕ ਆਊਟ ‘ਤੇ ਬਹੁਤ ਸਖਤੀ ਨਾਲ ਅਮਲ ਕਰਾਇਆ ਜਾਂਦਾ ਸੀ। ਲੋਕ ਠੀਕਰੀ ਪਹਿਰਾ ਦੇਂਦੇ ਸਨ ਤੇ ਰਾਤ ਨੂੰ ਬਲਬ ਤਾਂ ਕੀ ਕਿਸੇ ਨੂੰ ਦੀਵਾ ਬੱਤੀ ਵੀ ਨਹੀਂ ਸੀ ਬਾਲਣ ਦੇਂਦੇ। ਸਾਡੇ ਗੁਆਂਢੀ ਘਰ ਵਿੱਚ ਜੰਗ ਦੇ ਦੌਰਾਨ ਇੱਕ ਲੜਕਾ ਪੈਦਾ ਹੋ ਗਿਆ। ਸ਼ਗਨ ਵਜੋਂ ਰਾਤ ਨੂੰ ਜੱਚਾ ਬੱਚਾ ਕੋਲ ਸਰੋ੍ਹਂ ਦੇ ਤੇਲ ਦਾ ਦੀਵਾ ਬਾਲ ਕੇ ਰੱਖਿਆ ਜਾਂਦਾ ਹੈ। ਲੋਕਾਂ ਨੇ ਉਸ ਦਾ ਘਰ ਘੇਰ ਲਿਆ ਕਿ ਤੂੰ ਸਾਰਾ ਪਿੰਡ ਮਰਵਾਉਣਾ ਹੈ? ਜੇ ਦੀਵਾ ਬਾਲਣਾ ਹੈ ਤਾਂ ਸਵੇਰੇ ਪਰਿਵਾਰ ਸਮੇਤ ਪਿੰਡ ਛੱਡ ਜਾਉ, ਵਿਚਾਰੇ ਨੂੰ ਦੀਵਾ ਬੰਦ ਕਰਨਾ ਪਿਆ ਸੀ।
1965 ਦੀ ਜੰਗ ਵੇਲੇ ਸਾਡੇ ਪਿੰਡ ਦੇ ਅਸਮਾਨ ‘ਤੇ ਇੱਕ ਬਹੁਤ ਭਿਆਨਕ ਹਵਾਈ ਲੜਾਈ ਹੋਈ ਸੀ। ਉਸ ਲੜਾਈ ਨੂੰ ਅੱਖੀਂ ਵੇਖਣ ਵਾਲੇ ਬਜ਼ੁਰਗ ਅੱਜ ਵੀ ਸੱਥ ਵਿੱਚ ਉਸ ਦੀ ਕਹਾਣੀ ਸੁਣਾਉਂਦੇ ਹਨ। ਜੰਗਬੰਦੀ ਤੋਂ ਇੱਕ ਦਿਨ ਪਹਿਲਾਂ 21 ਸਤੰਬਰ ਨੂੰ ਭਾਰਤ ਦੇ ਕੁਝ ਜਹਾਜ ਪਾਕਿਸਤਾਨ ਦੇ ਸ਼ਹਿਰ ਸਰਗੋਧੇ ਦੇ ਫੌਜੀ ਟਿਕਾਣਿਆਂ ‘ਤੇ ਬੰਬਾਰੀ ਕਰਨ ਗਏ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੇ ਪਿੱਛੇ ਪਾਕਿਸਤਾਨੀ ਸੇਬਰ ਜੈੱਟ ਲੱਗ ਗਏ। ਬਾਕੀ ਜਹਾਜ਼ ਤਾਂ ਪਤਾ ਨਹੀਂ ਕਿਸ ਪਾਸੇ ਗਏ, ਪਰ ਇੱਕ ਭਾਰਤੀ ਜਹਾਜ ਨੂੰ ਚਾਰ ਸੇਬਰਾਂ ਨੇ ਘੇਰ ਲਿਆ। ਉਹ ਇੱਕ ਦੂਸਰੇ ਨੂੰ ਸੁੱਟਣ ਦੀ ਕੋਸ਼ਿਸ਼ ਵਿੱਚਲੜਦੇ ਹੋਏ ਪਾਕਿਸਤਾਨ ਦੀ ਹੱਦ ਟੱਪ ਕੇ ਭਾਰਤ ਦੀ ਹਵਾਈ ਸੀਮਾ ਵਿੱਚ ਆਣ ਵੜੇ। ਸਾਡੇ ਪਿੰਡ ਉੱਪਰ ਆ ਕੇ ਭਾਰਤੀ ਜਹਾਜ ਦੀਆਂ ਮਸ਼ੀਨ ਗੰਨਾਂ ਦੀਆਂ ਗੋਲੀਆਂ ਖਤਮ ਹੋ ਗਈਆਂ। ਪਾਕਿਸਤਾਨੀ ਜਹਾਜਾਂ ਨੇ ਉਸ ਦੇ ਸੱਜੇ, ਖੱਬੇ, ਉੱਪਰ ਅਤੇ ਪਿੱਛਲੇ ਪਾਸੇ ਪੁਜੀਸ਼ਨਾਂ ਲੈ ਲਈਆਂ। ਉਹ ਭਾਰਤੀ ਜਹਾਜ ਨੂੰ ਘੇਰ ਕੇ ਪਾਕਿਸਤਾਨ ਵੱਲ ਲਿਜਾਣ ਦੀ ਸਿਰ ਤੋੜ ਕੋਸ਼ਿਸ਼ ਕਰ ਰਹੇ ਸਨ। ਸਾਰਾ ਪਿੰਡ ਕੋਠਿਆਂ ‘ਤੇ ਚੜ੍ਹ ਕੇ ਲੜਾਈ ਵੇਖ ਰਿਹਾ ਸੀ। ਭਾਰਤੀ ਜਹਾਜ ਹਲਵਾਰੇ ਜਾਂ ਆਦਮਪੁਰ ਹਵਾਈ ਅੱਡੇ ਵੱਲ ਬਚ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੇਬਰ ਜੈੱਟ ਉਸ ਦੀਆਂ ਸਾਈਡਾਂ ਤੋਂ ਗੋਲੀਆਂ ਲੰਘਾ ਕੇ ਉਸ ਨੂੰ ਡਰਾ ਕੇ ਪਾਕਿਸਤਾਨ ਵੱਲ ਮੁੜਨ ਲਈ ਮਜਬੂਰ ਕਰ ਰਹੇ ਸਨ। ਨੀਲੇ ਅਸਮਾਨ ਵਿੱਚ ਗੋਲੀਆਂ ਦੀਆਂ ਧਾਗੇ ਵਰਗੀਆਂ ਚਿੱਟੀਆਂ ਲਾਈਨਾਂ ਸਾਫ ਦਿਖਾਈ ਦੇ ਰਹੀਆਂ ਸਨ। ਅਸਲ੍ਹਾ ਖਤਮ ਹੋਣ ਕਾਰਨ ਭਾਰਤੀ ਜਹਾਜ ਜਵਾਬੀ ਫਾਇਰ ਨਹੀਂ ਸੀ ਕਰ ਰਿਹਾ। ਭਾਰਤੀ ਜਹਾਜ ਛੋਟਾ ਹੋਣ ਕਾਰਨ ਬਹੁਤ ਤੇਜ਼ੀ ਨਾਲ ਝਕਾਨੀਆਂ ਦੇ ਰਿਹਾ ਸੀ ਪਰ ਪਾਕਿਸਤਾਨੀ ਜਹਾਜ ਜਿਆਦਾ ਹੋਣ ਕਾਰਨ ਉਸ ਦੀ ਪੇਸ਼ ਨਹੀਂ ਸੀ ਜਾ ਰਹੀ। ਜਹਾਜ ਕਈ ਵਾਰ ਐਨੀ ਘੱਟ ਉੱਚਾਈ ‘ਤੇ ਆ ਜਾਂਦੇ ਕਿ ਵਿੱਚ ਬੈਠੇ ਪਾਇਲਟ ਵੀ ਦਿਖਾਈ ਦੇ ਰਹੇ ਸਨ।
ਹਵਾਈ ਜਹਾਜਾਂ ਦੀਆਂ ਗੋਲੀਆਂ ਕਾਰਨ ਡੰਗਰ ਚਾਰਦੇ ਕਈ ਵਾਗੀ ਬਹੁਤ ਮੁਸ਼ਕਲ ਨਾਲ ਜਾਨਾਂ ਬਚਾ ਕੇ ਨੱਸੇ ਸਨ ਤੇ ਇੱਕ ਕਿਸਾਨ ਦੀਆਂ ਦੋ ਮੱਝਾਂ ਮਾਰੀਆਂ ਗਈਆਂ ਸਨ। ਸਾਰਾ ਪਿੰਡ ਸਾਹ ਰੋਕ ਕੇ ਇਸ ਅਸਾਵੀਂ ਲੜਾਈ ਨੂੰ ਵੇਖ ਰਿਹਾ ਸੀ। ਸਾਫ ਦਿਸ ਰਿਹਾ ਸੀ ਕਿ ਭਾਰਤੀ ਪਾਇਲਟ ਹਾਰੀ ਹੋਈ ਲੜਾਈ ਲੜ ਰਿਹਾ ਹੈ। ਪਰ ਆਖਰ ਉਸ ਬਹਾਦਰ ਯੋਧੇ ਨੇ ਪਾਕਿਸਤਾਨ ਦਾ ਬੰਦੀ ਬਣ ਕੇ ਤਸੀਹੇ ਅਤੇ ਬੇਇੱਜ਼ਤੀ ਸਹਿਣ ਦੀ ਬਜਾਏ ਅਣਖ ਦੀ ਮੌਤ ਚੁਣ ਲਈ। ਉਸ ਨੇ ਅੰਨ੍ਹੇ ਵਾਹ ਜਹਾਜ ਪੂਰਬ ਵੱਲ ਭਜਾ ਲਿਆ। ਬਾਜ਼ੀ ਹੱਥੋਂ ਜਾਂਦੀ ਵੇਖ ਕੇ ਪਾਕਿਸਤਾਨੀ ਜਹਾਜਾਂ ਨੇ ਉਸ ਨੂੰ ਗੋਲੀਆਂ ਨਾਲ ਛਲਨੀ ਕਰ ਦਿੱਤਾ ਤੇ ਅੱਗ ਦਾ ਗੋਲਾ ਬਣਿਆ ਭਾਰਤੀ ਜਹਾਜ ਪਿੰਡ ਲਾਲੂਘੁੰਮਣ ਦੇ ਖੇਤਾਂ ਵਿੱਚ ਜਾ ਡਿੱਗਾ। ਬਹੁਤ ਘੱਟ ਉੱਚਾਈ ’ਤੇ ਹੋਣ ਕਾਰਨ ਪਾਇਲਟ ਬਾਹਰ ਨਾ ਨਿਕਲ ਸਕਿਆ ਤੇ ਸੜਨ ਕਾਰਨ ਵਿੱਚੇ ਹੀ ਮਾਰਿਆ ਗਿਆ। ਪਾਕਿਸਤਾਨੀ ਜਹਾਜ ਸੁਰੱਖਿਅਤ ਵਾਪਸ ਮੁੜ ਗਏ। ਉਸ ਦੇ ਡਿੱਗਣ ਤੋਂ ਬਾਅਦ ਜਲਦੀ ਹੀ ਆਰਮੀ ਅਤੇ ਹਵਾਈ ਫੌਜ ਦੇ ਅਫਸਰ ਮੌਕੇ ‘ਤੇ ਪਹੁੰਚ ਗਏ। ਅੱਖੀਂ ਵੇਖਣ ਵਾਲੇ ਦੱਸਦੇ ਹਨ ਕਿ ਏਅਰ ਫੋਰਸ ਦਾ ਇੱਕ ਸੀਨੀਅਰ ਅਫਸਰ ਉਸ ਬਹਾਦਰ ਦੀ ਬੁਰੀ ਤਰਾਂ ਸੜੀ ਹੋਈ ਲਾਸ਼ ਨੂੰ ਗਲ ਨਾਲ ਲਗਾ ਕੇ ਉੱਚੀ ਉੱਚੀ ਰੋਣ ਲੱਗ ਪਿਆ ਸੀ। ਲੋਕ ਅੱਜ ਤੱਕ ਉਸ ਸੂਰਮੇ ਪਾਇਲਟ ਦੀ ਬਹਾਦਰੀ ਨੂੰ ਯਾਦ ਕਰਦੇ ਹਨ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾ 9501100062