ਲੰਡਨ: ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ‘ਚ ਸ਼ਾਮਲ 11 ਭਾਰਤੀਆਂ ਸਮੇਤ 16 ਦੋਸ਼ੀਆਂ ਨੂੰ ਸਜ਼ਾ

ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਿਚ ਸ਼ਾਮਲ 11 ਭਾਰਤੀਆਂ ਸਮੇਤ 16 ਦੋਸ਼ੀਆਂ ਨੂੰ ਲੰਡਨ ਵਿਚ ਸਜ਼ਾ ਸੁਣਾਈ ਗਈ ਹੈ। 11 ਭਾਰਤੀਆਂ ਵਿਚ 2 ਔਰਤਾਂ ਵੀ ਸ਼ਾਮਲ ਹਨ। ਦਰਅਸਲ, ਇੰਗਲੈਂਡ ਦੀ ਰਾਸ਼ਟਰੀ ਅਪਰਾਧ ਏਜੰਸੀ NCA ਵੱਲੋਂ ਕੀਤੀ ਗਈ ਜਾਂਚ ਵਿਚ ਇਹ ਖੁਲਾਸਾ ਹੋਇਆ ਹੈ ਕਿ ਉਹਨਾਂ ਨੇ 2017 ਤੋਂ 2019 ਦਰਮਿਆਨ ਦੁਬਈ ਅਤੇ ਯੂਏਈ ਦੀਆਂ ਕਈ ਯਾਤਰਾਵਾਂ ਕਰਕੇ ਬ੍ਰਿਟੇਨ ਤੋਂ ਲਗਭਗ 70 ਮਿਲੀਅਨ ਪੌਂਡ (720 ਕਰੋੜ ਰੁਪਏ) ਦੀ ਤਸਕਰੀ ਕੀਤੀ ਸੀ।

ਤੁਹਾਨੂੰ ਦੱਸ ਦਈਏ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਕਿਸੇ ਨਾ ਕਿਸੇ ਰੂਪ ਵਿਚ ਭਾਰਤੀ ਮੰਨੇ ਜਾ ਰਹੇ ਹਨ। ਜਿਸ ਵਿਚ ਕਈਆਂ ਨੇ ਕੁਝ ਸਮਾਂ ਪਹਿਲਾਂ ਭਾਰਤ ਛੱਡ ਦਿੱਤਾ ਅਤੇ ਕਈ ਛੋਟੇ ਦੇਸ਼ਾਂ ਵਿਚ ਜਾ ਕੇ ਵੱਸ ਗਏ। NCA ਅਫ਼ਸਰਾਂ ਦਾ ਮੰਨਣਾ ਹੈ ਕਿ ਪੈਸਾ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਤਸ਼ੱਦਦ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਤੋਂ ਪੈਦਾ ਕੀਤਾ ਗਿਆ ਸੀ। ਏਜੰਸੀ ਨੇ ਬ੍ਰਿਟੇਨ ਦੇ ਇਕ ਕੋਰੀਅਰ ਤੋਂ ਕਰੀਬ ਡੇਢ ਲੱਖ ਪੌਂਡ ਜ਼ਬਤ ਕੀਤੇ ਸਨ। ਜਿਸ ਦੀ ਜਾਂਚ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਦੀ ਪਛਾਣ ਸਾਹਮਣੇ ਆਈ।

NCA ਅਫ਼ਸਰਾਂ ਨੇ OCG ਦੇ ਮੈਂਬਰਾਂ ਦੀ ਇੱਕ ਸਾਜ਼ਿਸ਼ ਦਾ ਵੀ ਪਰਦਾਫਾਸ਼ ਕੀਤਾ ਸੀ ਜਿਸ ਵਿਚ 2019 ਵਿਚ ਟਾਇਰ ਲੈ ਕੇ ਜਾ ਰਹੀ ਇੱਕ ਵੈਨ ਦੇ ਪਿੱਛੇ ਪੰਜ ਬੱਚਿਆਂ ਅਤੇ ਇੱਕ ਗਰਭਵਤੀ ਔਰਤ ਸਮੇਤ 17 ਪ੍ਰਵਾਸੀਆਂ ਨੂੰ ਯੂਕੇ ਵਿਚ ਤਸਕਰੀ ਕਰਨ ਦੀ ਸਾਜਿਸ਼ ਸੀ। ਵੈਨ ਨੂੰ ਡੱਚ ਪੁਲਿਸ ਦੁਆਰਾ ਰੋਕਿਆ ਗਿਆ ਸੀ, ਜੋ ਕਿ ਹੁੱਕ ਆਫ਼ ਹਾਲੈਂਡ ਵਿਚ ਕਿਸ਼ਤੀ ਤੱਕ ਪਹੁੰਚਣ ਤੋਂ ਪਹਿਲਾਂ NCA ਦੇ ਨਾਲ ਕੰਮ ਕਰ ਰਹੇ ਸਨ।

ਕ੍ਰੋਏਡਨ ਕ੍ਰਾਊਨ ਕੋਰਟ ‘ਚ ਤਿੰਨ ਦਿਨਾਂ ਦੀ ਸਜ਼ਾ ਦੀ ਸੁਣਵਾਈ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ। ਜਿਸ ਵਿਚ ਚਰਨ ਸਿੰਘ ਨੂੰ ਸਾਢੇ 12 ਸਾਲ ਦੀ ਕੈਦ ਹੋਈ ਸੀ। ਉਸ ਦੇ ਸੱਜੇ ਹੱਥ ਵਾਲੇ ਵਲਜੀਤ ਸਿੰਘ ਨੂੰ 11 ਸਾਲ, ਭਰੋਸੇਮੰਦ ਲੈਫਟੀਨੈਂਟ ਸਵੰਦਰ ਸਿੰਘ ਢੱਲ ਨੂੰ ਮਨੀ ਲਾਂਡਰਿੰਗ ਲਈ 10 ਸਾਲ ਅਤੇ ਲੋਕਾਂ ਦੀ ਤਸਕਰੀ ਲਈ ਵਾਧੂ ਪੰਜ ਸਾਲ ਦੀ ਸਜ਼ਾ ਮਿਲੀ ਹੈ।

ਸਮੂਹ ਦੇ ਬਾਕੀ 15 ਮੈਂਬਰਾਂ ਨੂੰ ਨੌਂ ਸਾਲ ਤੋਂ 11 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮਾਂ ਤੋਂ ਉਨ੍ਹਾਂ ਦੇ ਹੋਰ ਮੈਂਬਰਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।