ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਖੜ੍ਹੀ ਗੱਡੀ ‘ਚੋਂ ਬਰਾਮਦ ਹੋਈ ਲਾਸ਼

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਬਰਨਬੀ ਵਿਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਪਛਾਣ 29 ਸਾਲਾ ਗਗਨਦੀਪ ਸਿੰਘ ਸੰਧੂ ਵਜੋਂ ਹੋਈ। ਉਸ ਦੀ ਲਾਸ਼ ਪਾਰਕਿੰਗ ਵਿਚ ਖੜ੍ਹੀ ਇੱਕ ਗੱਡੀ ਵਿਚੋਂ ਬਰਾਮਦ ਹੋਈ। ਹਾਲਾਂਕਿ ਘਟਨਾ ਸਥਾਨ ਤੋਂ ਕੁਝ ਕਿਲੋਮੀਟਰ ਦੂਰ ਇੱਕ ਹੋਰ ਗੱਡੀ ਬਰਾਮਦ ਹੋਈ, ਜੋ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜੀ ਪਈ ਸੀ।

ਪੁਲਿਸ ਨੇ ਮੁਢਲੀ ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ ‘ਤੇ ਇਸ ਵਾਰਦਾਤ ਨੂੰ ਟਾਰਗੇਟਡ ਸ਼ੂਟਿੰਗ ਕਰਾਰ ਦਿੱਤਾ ਹੈ। ਦਰਅਸਲ, ਬੀਤੇ ਦਿਨੀਂ ਬਰਨਬੀ ਆਰਸੀਐਮਪੀ ਨੂੰ 16 ਸਤੰਬਰ ਨੂੰ ਸ਼ਾਮ 5 ਵਜ ਕੇ 7 ਮਿੰਟ ‘ਤੇ ਨੌਰਥ ਰੋਡ ਦੇ 3400 ਬਲਾਕ ਵਿਚ ਗੋਲੀਬਾਰੀ ਹੋਣ ਸਬੰਧੀ ਸੂਚਨਾ ਮਿਲੀ ਸੀ। ਇਸ ‘ਤੇ ਜਦੋਂ ਪੁਲਿਸ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਉੱਥੇ ਅੰਡਰਗਰਾਊਂਡ ਪਾਰਕਿੰਗ ਵਿਚ ਖੜ੍ਹੀ ਇੱਕ ਗੱਡੀ ਵਿਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਚੁੱਕੀ ਸੀ।

ਪੁਲਿਸ ਨੂੰ ਇਸ ਘਟਨਾ ਤੋਂ 15 ਕੁ ਮਿੰਟ ਬਾਅਦ ਬਰਨਬੀ ਵਿਚ ਹੀ ਗਰੀਨਵੁੱਡ ਸਟਰੀਟ ਅਤੇ ਬੇਨਬ੍ਰਿਜ ਐਵੇਨਿਊ ਵਿਖੇ ਇੱਕ ਗੱਡੀ ਨੂੰ ਅੱਗ ਲੱਗਣ ਸਬੰਧੀ ਸੂਚਨਾ ਮਿਲੀ, ਜਦੋਂ ਪੁਲਿਸ ਟੀਮ ‘ ਮੌਕੇ ‘ਤੇ ਪੁੱਜੀ ਤਾਂ ਉੱਥੇ ਇੱਕ ਹੌਡਾ ਪਾਇਲਟ ਐਸਯੂਵੀ ਗੱਡੀ ਬਰਾਮਦ ਹੋਈ, ਜੋ ਕਿ ਅੱਗ ਨਾਲ ਪੂਰੀ ਤਰ੍ਹਾਂ ਸੜ ਚੁੱਕੀ ਸੀ। ਇਹ ਗੱਡੀ ਕਤਲ ਵਾਲੀ ਥਾਂ ਤੋਂ ਪੱਛਮ ਵੱਲ ਲਗਭਗ 5 ਕਿਲੋਮੀਟਰ ਦੂਰੋਂ ਬਰਾਮਦ ਹੋਈ ਹੈ।