ਬ੍ਰਿਟਿਸ਼ ਪੁਲਿਸ ਨੇ 10 ਸਾਲਾ ਸਾਰਾ ਸ਼ਰੀਫ ਦੀ ਹਤਿਆ ਦੇ ਸ਼ੱਕ ‘ਚ ਪਾਕਿਸਤਾਨੀ ਮੂਲ ਦੇ ਉਸ ਦੇ ਤਿੰਨ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਇਕ ਵਿਚ ਉਸ ਦਾ ਪਿਤਾ, ਮਤਰੇਈ ਮਾਂ ਅਤੇ ਇਕ ਉਸ ਦਾ ਚਾਚਾ ਸ਼ਾਮਲ ਹੈ। 10 ਅਗਸਤ ਨੂੰ ਸਾਰਾ ਸ਼ਰੀਫ ਦੀ ਲਾਸ਼ ਦੱਖਣੀ ਪੂਰਬੀ ਇੰਗਲੈਂਡ ਦੇ ਵੋਕਿੰਗ ਵਿਚ ਉਸ ਦੇ ਘਰ ਦੇ ਨੇੜੇ ਮਿਲੀ ਸੀ।
ਉਸ ਦੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਸਾਰਾ ਦੀ ਮੌਤ ਤੋਂ ਬਾਅਦ ਹੀ ਉਸ ਦੇ ਰਿਸ਼ਤੇਦਾਰ ਬ੍ਰਿਟੇਨ ਤੋਂ ਭੱਜ ਗਏ। ਕੱਲ੍ਹ ਪਾਕਿਸਤਾਨ ਤੋਂ ਵਾਪਸ ਆਉਂਦੇ ਹੀ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ। ਮੀਡੀਆ ਰੀਪੋਰਟ ਮੁਤਾਬਕ ਤਿੰਨੇ ਮੁਲਜ਼ਮ ਪਾਕਿਸਤਾਨ ਦੇ ਸਿਆਲਕੋਟ ਤੋਂ ਦੁਬਈ ਗਏ ਸਨ। ਉਥੋਂ ਵਾਪਸ ਬਰਤਾਨੀਆ ਪਰਤੇ।
ਪੁਲਿਸ ਲਗਾਤਾਰ ਉਸ ਦੀ ਉਡਾਣ ‘ਤੇ ਨਜ਼ਰ ਰੱਖ ਰਹੀ ਸੀ। ਜਹਾਜ਼ ਦੇ ਉਤਰਨ ਤੋਂ ਪਹਿਲਾਂ ਹੀ ਹਵਾਈ ਅੱਡੇ ਦੇ ਬਾਹਰ ਪੁਲਿਸ ਬਲ ਤਾਇਨਾਤ ਕਰ ਦਿਤੇ ਗਏ ਸਨ। ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਸਾਰਾ ਦੀ ਮਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਮੋਢਿਆਂ ਤੋਂ ਵੱਡਾ ਬੋਝ ਹਟ ਗਿਆ ਹੈ। ਸਾਰਾ ਦੇ ਕਤਲ ਦੇ ਮੁਲਜ਼ਮ ਪਿਤਾ ਅਤੇ ਮਤਰੇਈ ਮਾਂ ਨੇ ਪਾਕਿਸਤਾਨ ਤੋਂ ਇਕ ਵੀਡੀਉ ਵੀ ਜਾਰੀ ਕੀਤਾ ਸੀ। ਇਸ ਵਿਚ ਉਸ ਨੇ ਅਪਣੇ ਆਪ ਨੂੰ ਬੇਕਸੂਰ ਦਸਿਆ ਹੈ। ਉਸ ਨੇ ਕਿਹਾ ਸੀ ਕਿ ਉਹ ਪੁਲਿਸ ਦੇ ਡਰ ਕਾਰਨ ਪਾਕਿਸਤਾਨ ਵਿਚ ਲੁਕੇ ਹਨ। ਜੇਕਰ ਪੁਲਿਸ ਉਨ੍ਹਾਂ ਨੂੰ ਤੰਗ ਨਾ ਕਰੇ ਤਾਂ ਉਹ ਜਾਂਚ ਵਿਚ ਪੂਰਾ ਸਹਿਯੋਗ ਦੇਣਗੇ।
ਤਿੰਨੇ ਮੁਲਜ਼ਮ ਸਾਰਾ ਦੇ 5 ਭੈਣ-ਭਰਾਵਾਂ ਨੂੰ ਅਪਣੇ ਨਾਲ ਲੈ ਗਏ ਸਨ। ਪਾਕਿਸਤਾਨੀ ਅਦਾਲਤ ਨੇ ਉਨ੍ਹਾਂ ਨੂੰ ਸਰਕਾਰੀ ਸਹੂਲਤ ਵਿਚ ਰੱਖਣ ਦੇ ਨਿਰਦੇਸ਼ ਦਿਤੇ ਹਨ। ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਬ੍ਰਿਟੇਨ ਵਲੋਂ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤਾ ਗਿਆ ਸੀ। ਮਲਿਕ ਦੇ ਛੋਟੇ ਭਰਾ ਨੇ ਮੀਡੀਆ ਨੂੰ ਦਸਿਆ ਕਿ ਪੁਲਿਸ ਨੇ ਪਿਛਲੇ ਹਫ਼ਤੇ ਦੋ ਵਾਰ ਸਾਡੇ ਘਰ ਛਾਪਾ ਮਾਰਿਆ ਸੀ। ਪ੍ਰਵਾਰ ਦੇ ਹੋਰ ਮੈਂਬਰਾਂ ਦੀਆਂ ਤਸਵੀਰਾਂ ਲਈਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਵਾਰ ਨੂੰ ਤਿੰਨਾਂ ਮੁਲਜ਼ਮਾਂ ਦਾ ਪਤਾ ਲੱਗਦਿਆਂ ਹੀ ਤੁਰਤ ਪੁਲਿਸ ਨੂੰ ਸੂਚਿਤ ਕਰਨ ਦੀ ਚਿਤਾਵਨੀ ਦਿਤੀ ਗਈ।