ਭਾਰਤੀ ਵਿਦਿਆਰਥਣ ਦੀ ਮੌਤ ’ਤੇ ਬਾਈਡਨ ਪ੍ਰਸ਼ਾਸਨ ਦਾ ਪਹਿਲਾ ਬਿਆਨ; ਤੁਰਤ ਜਾਂਚ ਦਾ ਦਿਤਾ ਭਰੋਸਾ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦੇ ਪ੍ਰਸ਼ਾਸਨ ਨੇ ਭਾਰਤ ਸਰਕਾਰ ਨੂੰ ਸਿਆਟਲ ਵਿਚ ਪੁਲਿਸ ਦੀ ਗਸ਼ਤੀ ਕਾਰ ਦੀ ਲਪੇਟ ਵਿਚ ਆਉਣ ਨਾਲ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਮੌਤ ਦੀ ਤੁਰਤ ਜਾਂਚ ਕਰਨ ਅਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦਾ ਭਰੋਸਾ ਦਿਤਾ ਹੈ। ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵਲੋਂ ਵਾਸ਼ਿੰਗਟਨ ਵਿਚ ਉਚ ਪਧਰ ’ਤੇ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਉਣ ਅਤੇ ਕੰਦੂਲਾ ਦੇ ਕਤਲ ਅਤੇ ਵਾਸ਼ਿੰਗਟਨ ਸੂਬੇ ਦੇ ਸਿਆਟਲ ਵਿਚ ਪੁਲਿਸ ਅਧਿਕਾਰੀ ਦੇ ਅਤਿ ਅਸੰਵੇਦਨਸ਼ੀਲ ਰਵੱਈਏ ’ਤੇ ਤੁਰਤ ਕਾਰਵਾਈ ਦੀ ਮੰਗ ਦੇ ਬਾਅਦ ਅਮਰੀਕੀ ਸਰਕਾਰ ਹਰਕਤ ਵਿਚ ਆਈ ਹੈ।

ਕੰਦੂਲਾ ਦੀ ਜਨਵਰੀ ਵਿਚ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਸ ਨੂੰ ਅਧਿਕਾਰੀ ਕੇਵਿਨ ਡੇਵ ਵਲੋਂ ਚਲਾਏ ਜਾ ਰਹੇ ਇਕ ਪੁਲਿਸ ਵਾਹਨ ਨੇ ਟੱਕਰ ਮਾਰ ਦਿਤੀ ਸੀ। ‘ਸਿਆਟਲ ਟਾਈਮਜ਼’ ਅਖ਼ਬਾਰ ਦੀ ਰੀਪੋਰਟ ਅਨੁਸਾਰ ਉਹ ਓਵਰਡੋਜ਼ ਦੀ ਰੀਪੋਰਟ ਮਿਲਣ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਜਾਂਦੇ ਸਮੇਂ 119 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਸਿਆਟਲ ਪੁਲਿਸ ਵਿਭਾਗ ਵਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਬਾਡੀਕੈਮ ਫੁਟੇਜ ਵਿਚ, ਅਧਿਕਾਰੀ ਡੈਨੀਅਲ ਆਰਡਰਰ ਨੇ ਇਸ ਘਾਤਕ ਹਾਦਸੇ ਨੂੰ ਹੱਸ ਕੇ ਟਾਲ ਦਿਤਾ ਅਤੇ ਇਸ ਗੱਲ ਨੂੰ ਖਾਰਜ ਕਰ ਦਿਤਾ ਕਿ ਡੇਵ ਦੋਸ਼ੀ ਹੈ ਜਾਂ ਮਾਮਲੇ ਵਿਚ ਅਪਰਾਧਿਕ ਜਾਂਚ ਦੀ ਲੋੜ ਹੈ।

ਅਮਰੀਕੀ ਸੰਸਦ ਮੈਂਬਰਾਂ ਅਤੇ ਭਾਰਤੀ-ਅਮਰੀਕੀਆਂ ਨੇ ਕੰਦੂਲਾ ਦੀ ਮੌਤ ‘ਤੇ ਗੁੱਸਾ ਜ਼ਾਹਰ ਕੀਤਾ ਹੈ। ਬਾਈਡਨ ਪ੍ਰਸ਼ਾਸਨ ਨੇ ਭਾਰਤ ਸਰਕਾਰ ਨੂੰ ਘਟਨਾ ਦੀ ਤੁਰਤ ਜਾਂਚ ਕਰਨ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦਾ ਭਰੋਸਾ ਦਿਤਾ ਹੈ। ਮੰਨਿਆ ਜਾਂਦਾ ਹੈ ਕਿ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਰਾਜਦੂਤ ਅਤੇ ਭਾਰਤ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨੇ ਪੂਰੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ‘ਹੈਰਾਨ’ ਅਤੇ ‘ਸਹਿਮੇ’ ਹੋਏ ਹਨ। ਸਾਨ ਫਰਾਂਸਿਸਕੋ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਬੁਧਵਾਰ ਨੂੰ ਕੰਦੂਲਾ ਦੀ ਮੌਤ ਦੀ ਜਾਂਚ ਦੇ ਤਰੀਕਿਆਂ ਨੂੰ “ਬਹੁਤ ਪਰੇਸ਼ਾਨ ਕਰਨ ਵਾਲਾ” ਦਸਿਆ।

ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਪੋਸਟ ਵਿਚ ਕਿਹਾ, “ਅਸੀਂ ਇਸ ਦੁਖਦਾਈ ਮਾਮਲੇ ਵਿਚ ਸ਼ਾਮਲ ਲੋਕਾਂ ਵਿਰੁਧ ਜਾਂਚ ਅਤੇ ਕਾਰਵਾਈ ਕਰਨ ਲਈ ਸਿਆਟਲ ਅਤੇ ਵਾਸ਼ਿੰਗਟਨ ਰਾਜ ਦੇ ਸਥਾਨਕ ਅਧਿਕਾਰੀਆਂ ਦੇ ਨਾਲ-ਨਾਲ ਵਾਸ਼ਿੰਗਟਨ, ਡੀ.ਸੀ. ਦੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਇਸ ਮਾਮਲੇ ਨੂੰ ਮਜ਼ਬੂਤੀ ਨਾਲ ਚੁਕਿਆ ਹੈ।”