ਸਿੱਖ ਦਾ ਪਟਕਾ ਜ਼ਬਰਦਸਤੀ ਉਤਾਰਨ ਦੇ ਮਾਮਲੇ ’ਚ ਯੂ.ਕੇ. ਪੁਲਿਸ ਅਫ਼ਸਰ ਦੋਸ਼ਾਂ ਤੋਂ ਮੁਕਤ

ਉੱਤਰੀ ਇੰਗਲੈਂਡ ਵਿੱਚ ਵੈਸਟ ਮਿਡਲੈਂਡਜ਼ ਪੁਲਸ ਵਿੱਚ ਕੰਮ ਕਰ ਰਹੇ ਇੱਕ ਸਾਰਜੈਂਟ ਨੂੰ ਹਿਰਾਸਤ ਦੌਰਾਨ ਇੱਕ ਸਿੱਖ ਵਿਅਕਤੀ ਦਾ ਕਥਿਤ ਤੌਰ ’ਤੇ ਪਟਕਾ ਉਤਾਰਨ ਅਤੇ ਉਸ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਇੰਡੀਪੈਂਡੈਂਟ ਆਫਿਸ ਫਾਰ ਪੁਲਸ ਕੰਡਕਟ ਦੁਆਰਾ ਜਾਂਚ ਤੋਂ ਬਾਅਦ ਦੋਸ਼ੀ ਪੁਲਸ ਕਰਮਚਾਰੀ ਨੂੰ ਬਰੀ ਕਰ ਦਿੱਤਾ ਗਿਆ। ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਧਾਰਮਿਕ ਵਿਸ਼ਵਾਸਾਂ ਮੁਤਾਬਕ ਸਿਰ ‘ਤੇ ਪਹਿਨੇ ਜਾਣ ਵਾਲੇ ਪਟਕੇ ਨੂੰ ਬਰਮਿੰਘਮ ਵਿੱਚ ਪੈਰੀਜ਼ ਬਾਰ ਵਿੱਚ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਸਦਮੇ ਵਿਚ ਸੀ। ਉਸਨੇ ਦਾਅਵਾ ਕੀਤਾ ਕਿ ਅਕਤੂਬਰ 2021 ਵਿੱਚ ਵਾਪਰੀ ਘਟਨਾ ਵਿੱਚ ਉਸ ਨਾਲ ਅਪਮਾਨਜਕ ਵਿਵਹਾਰ ਕੀਤਾ ਗਿਆ ਸੀ ਅਤੇ ਇਹ ਨਸਲੀ ਵਿਤਕਰੇ ਦੀ ਘਟਨਾ ਸੀ।

ਵੈਸਟ ਮਿਡਲੈਂਡਜ਼ ਦੇ IOPC ਖੇਤਰੀ ਨਿਰਦੇਸ਼ਕ ਡੈਰਿਕ ਕੈਂਪਬੈਲ ਨੇ ਕਿਹਾ ਕਿ “ਸਾਡੇ ਵੱਲੋਂ ਉਕਤ ਘਟਨਾ ਦੀ ਜਾਂਚ ਕੀਤੀ ਗਈ, ਜਿਸ ਵਿਚ ਪੁਲਸ ਸ਼ਾਮਲ ਸੀ ਅਤੇ ਉਸ ਇਲਜ਼ਾਮ ਦਾ ਕਮਿਊਨਿਟੀ ‘ਤੇ ਮਹੱਤਵਪੂਰਣ ਪ੍ਰਭਾਵ ਪਿਆ ਸੀ। ਇਸ ਨਾਲ ਸਥਾਨਕ ਗੁੱਸਾ ਪੈਦਾ ਹੋਇਆ ਅਤੇ ਅਸੀਂ ਜਾਂਚ ਕੀਤੀ। ਪਿਛਲੀਆਂ ਰਿਪੋਰਟਾਂ ਦੇ ਉਲਟ ਇਹ ਪਾਇਆ ਗਿਆ ਸੀ ਕਿ ਜਿਸ ਕੱਪੜੇ ਨਾਲ ਵਿਅਕਤੀ ਨੇ ਆਪਣਾ ਸਿਰ ਢੱਕਿਆ ਸੀ, ਉਸ ‘ਤੇ ਕੋਈ ਧਾਰਮਿਕ ਚਿੰਨ੍ਹ ਨਹੀਂ ਸੀ।” ਉਨ੍ਹਾਂ ਕਿਹਾ ਕਿ ”ਅਸੀਂ ਡੂੰਘੀ ਜਾਂਚ ਕੀਤੀ ਅਤੇ ਜਿਹੜੇ ਸਬੂਤ ਇਕੱਠੇ ਕੀਤੇ, ਉਸ ਦੇ ਆਧਾਰ ‘ਤੇ ਇਹ ਸਿਫਾਰਸ਼ ਕੀਤੀ ਗਈ ਕਿ ਅਧਿਕਾਰੀ ਖ਼ਿਲਾਫ਼ ਦੁਰਵਿਵਹਾਰ ਦੀ ਜਾਂਚ ਹੋਣੀ ਚਾਹੀਦੀ ਹੈ।

ਉਹਨਾਂ ਸਬੂਤ ਦੇ ਆਧਾਰ ‘ਤੇ ਪੁਲਸ ਅਨੁਸ਼ਾਸਨੀ ਕਮੇਟੀ ਸਾਹਮਣੇ ਸੁਣਵਾਈ ਹੋਈ ਅਤੇ ਇਹ ਪਾਇਆ ਗਿਆ ਕਿ ਦੋਸ਼ ਸਾਬਤ ਨਹੀਂ ਹੋਏ ਸਨ।” ਇਸ ਹਫਤੇ ਦੇ ਸ਼ੁਰੂ ਵਿਚ ਕਾਨੂੰਨੀ ਮਾਹਿਰਾਂ ਦੀ ਇਕ ਸੁਤੰਤਰ ਕਮੇਟੀ ਸਾਹਮਣੇ ਦੋ ਦਿਨ ਦੀ ਸੁਣਵਾਈ ਵਿਚ ਪਾਇਆ ਗਿਆ ਕਿ ਜਿਸ ਸਾਰਜੈਂਟ ‘ਤੇ ਸਿਰ ਢੱਕਣ ਲਈ ਵਰਤਿਆ ਜਾਣ ਵਾਲਾ ਕੱਪੜਾ ਹਟਾਉਣ ਦਾ ਦੋਸ਼ ਸੀ, ਉਸ ਨੇ ਪੁਲਸ ਦੇ ਪੇਸ਼ੇਵਰ ਮਾਪਦੰਡਾਂ ਦੀ ਉਲੰਘਣਾ ਨਹੀਂ ਕੀਤੀ ਅਤੇ ਨਾ ਹੀ ਉਸਦੇ ਵਿਵਹਾਰ ਵਿੱਚ ਸਤਿਕਾਰ ਦੀ ਘਾਟ ਸੀ। ਉਸਨੇ ਤਾਕਤ ਦੀ ਵਰਤੋਂ ਵੀ ਨਹੀਂ ਕੀਤੀ ਅਤੇ ਸਮਾਨਤਾ ਅਤੇ ਵਿਭਿੰਨਤਾ ਦੇ ਮਾਪਦੰਡਾਂ ਦੀ ਵੀ ਉਲੰਘਣਾ ਨਹੀਂ ਕੀਤੀ।