ਲੀਬੀਆ ‘ਚ ਹੜ੍ਹ ਨੇ ਮਚਾਈ ਤਬਾਹੀ, 2000 ਤੋਂ ਵੱਧ ਲੋਕਾਂ ਦੀ ਮੌਤ, ਹਜ਼ਾਰਾਂ ਲਾਪਤਾ

ਉੱਤਰੀ ਅਫਰੀਕੀ ਦੇਸ਼ ਲੀਬੀਆ ‘ਚ ਤੂਫਾਨ ਤੋਂ ਬਾਅਦ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਕਾਰਨ ਹੁਣ ਤੱਕ ਲਗਭਗ 2,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਲਾਪਤਾ ਹਨ। ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਦਰਅਸਲ ਲੀਬੀਆ ਦੇ ਪੂਰਬੀ ਇਲਾਕੇ ਭਾਰੀ ਮੀਂਹ ਅਤੇ ਤੂਫਾਨ ਦੀ ਲਪੇਟ ‘ਚ ਆ ਗਏ ਹਨ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।

ਲੀਬੀਆ ਦੇ ਪ੍ਰਧਾਨ ਮੰਤਰੀ ਓਸਾਮਾ ਹਮਾਦ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਪੂਰਬੀ ਸ਼ਹਿਰ ਡੇਰਨਾ ਵਿੱਚ ਹੋਈਆਂ ਹਨ। ਤੂਫਾਨ ਕਾਰਨ ਕਈ ਸੂਬਿਆਂ ‘ਚ ਭਾਰੀ ਮੀਂਹ ਅਤੇ ਅਚਾਨਕ ਹੜ੍ਹ ਆ ਗਿਆ। ਅਜਿਹੇ ‘ਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਹਾਲਾਂਕਿ ਸੈਂਕੜੇ ਲੋਕ ਅਜੇ ਵੀ ਲਾਪਤਾ ਹਨ। ਇਸ ਦੇ ਨਾਲ ਹੀ ਹਜ਼ਾਰਾਂ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ। ਮ੍ਰਿਤਕਾਂ ਲਈ ਦੇਸ਼ ਵਿੱਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ।

ਪੂਰਬੀ ਲੀਬੀਆ ਪ੍ਰਸ਼ਾਸਨ ਦੇ ਇੱਕ ਮੰਤਰੀ ਨੇ ਮੰਗਲਵਾਰ (12 ਸਤੰਬਰ) ਨੂੰ ਦੱਸਿਆ ਕਿ ਪੂਰਬੀ ਲੀਬੀਆ ਦੇ ਸ਼ਹਿਰ ਡਰਨਾ ਵਿੱਚ ਆਏ ਹੜ੍ਹ ਵਿੱਚੋਂ 1,000 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹਾਲਾਂਕਿ, ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰਿਸੇਂਟ ਸੋਸਾਇਟੀਸ ਦੇ ਟੈਮਰ ਰਮਜ਼ਾਨ ਨੇ ਕਿਹਾ ਕਿ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੈ। ਕਰੀਬ 10 ਹਜ਼ਾਰ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।