ਸਿੱਧੂ ਮੂਸੇਵਾਲਾ ਦਾ ਕਾਤਲ ਗੈਂਗਸਟਰ ਗੋਲਡੀ ਬਰਾੜ ਅਮਰੀਕਾ ਦੀ ਮੰਗ ਰਿਹਾ ਨਾਗਰਿਕਤਾ

ਭਾਰਤੀ ਖੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਕਾਨੂੰਨੀ ਚੈਨਲਾਂ ਜ਼ਰੀਏ ਕੈਲੀਫੋਰਨੀਆ ਵਿਚ ਸ਼ਰਨ (ਪਨਾਹ) ਮੰਗੀ ਹੈ। ਨਵੀਂ ਮਿਸਲ ਮੁਤਾਬਕ ਬਰਾੜ 15 ਅਗਸਤ 2017 ਨੂੰ ਕੈਨੇਡਾ ਪੁੱਜਾ ਸੀ ਤੇ ਮਗਰੋਂ ਅਮਰੀਕਾ ਭੱਜਣ ਵਿਚ ਸਫ਼ਲ ਰਿਹਾ। ਉਦੋਂ ਤੋਂ ਉਹ ਕੈਨੇਡਾ ਵਿੱਚ ਨਵੀਂ ਲੁਕਣਗਾਹ ਸਥਾਪਿਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ।

ਖੁਫ਼ੀਆ ਵਿਭਾਗ ਵੱਲੋਂ ਤਿਆਰ ਮਿਸਲ ਮੁਤਾਬਕ ਬਰਾੜ ਦੀ ਨਵੀਂ ਲੁਕਣਗਾਹ ਕੈਲੀਫੋਰਨੀਆ ਦੇ ਫਰੈਜ਼ਨੋ ਸ਼ਹਿਰ ਵਿੱਚ ਹੋਣ ਦੀ ਉਮੀਦ ਹੈ। ਇਸ ਮਿਸਲ ਵਿੱਚ ਹੋਰਨਾਂ ਖਾਲਿਸਤਾਨੀ ਕੱਟੜਪੰਥੀਆਂ ਤੇ ਉਨ੍ਹਾਂ ਦੇ ਸਹਾਇਕਾਂ ਬਾਰੇ ਵੀ ਜਾਣਕਾਰੀ ਮੌਜੂਦ ਹੈ। ਮਿਸਾਲ ਵਜੋਂ ਇਸ ਵਿਚ ਲਖਬੀਰ ਲੰਡਾ ਦੀ ਪਾਕਿਸਤਾਨ ਅਧਾਰਿਤ ਹਰਵਿੰਦਰ ਸਿੰਘ ਦੇ ਨੇੜਲੇ ਸਾਥੀ ਵਜੋਂ ਪਛਾਣ ਕੀਤੀ ਗਈ ਹੈ। ਦਸਤਾਵੇਜ਼ ਲੰਡਾ ਦੇ ਅਪਰਾਧਿਕ ਇਤਿਹਾਸ ਬਾਰੇ ਵਿਆਪਕ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ।

ਮਿਸਲ ਵਿਚ ਸਤਿੰਦਰਪਾਲ ਸਿੰਘ (66) ਦਾ ਵੀ ਜ਼ਿਕਰ ਹੈ, ਜਿਸ ਦੇ ਮਰਹੂਮ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਾਲ ਗੂੜ੍ਹੇ ਰਿਸ਼ਤੇ ਸਨ। ਸਿੰਘ ਇਸ ਵੇਲੇ ਵੈਨਕੂਵਰ ਵਿੱਚ ਰਹਿ ਰਿਹਾ ਹੈ। ਮਿਸਲ ਵਿੱਚ ਸਨੋਵਰ ਢਿੱਲੋਂ, ਸੁਲਿੰਦਰ ਸਿੰਘ, ਮਲਕੀਅਤ ਸਿੰਘ ਫੌਜੀ, ਗੁਰਪ੍ਰੀਤ ਸਿੰਘ, ਭਗਤ ਸਿੰਘ ਬਰਾੜ, ਗੁਰਜੀਤ ਸਿੰਘ ਚੀਮਾ, ਹਰਪ੍ਰੀਤ ਸਿੰਘ, ਗੋਲਡੀ ਬਰਾੜ, ਟਹਿਲ ਸਿੰਘ, ਲੰਡਾ (ਲਖਬੀਰ ਸਿੰਘ), ਮਨਵੀਰ ਸਿੰਘ ਧੂਰਾ, ਮੋਨਿੰਦਰ ਸਿੰਘ ਬੁਆਲ, ਗੁਰਜਿੰਦਰ ਸਿੰਘ ਪੰਨੂ, ਰਮਨਦੀਪ ਸਿੰਘ, ਮਨਦੀਪ ਧਾਲੀਵਾਲ, ਸੰਦੀਪ ਸਿੰਘ, ਪਰਵਕਾਰ ਸਿੰਘ ਦੁਲਾਈ, ਮਨਵੀਰ ਸਿੰਘ, ਅਰਸ਼ਦੀਪ ਸਿੰਘ ਡੱਲਾ ਤੇ ਹਰਦੀਪ ਸਿੰਘ ਨਿੱਝਰ ਦੇ ਨਾਂ ਵੀ ਸ਼ਾਮਲ ਹਨ।