ਅਮਰੀਕਾ : 9/11 ਹਮਲਿਆਂ ‘ਚ ਮਾਰੇ ਗਏ ਦੋ ਲੋਕਾਂ ਦੀ 22 ਸਾਲ ਬਾਅਦ ਹੋਈ ਪਛਾਣ

ਮਰੀਕਾ ਦੇ ਨਿਊਯਾਰਕ ਵਿੱਚ 11 ਸਤੰਬਰ, 2001 ਨੂੰ ਵਰਲਡ ਟਰੇਡ ਸੈਂਟਰ ‘ਤੇ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਦੋ ਹੋਰ ਲੋਕਾਂ ਦੀ ਹੁਣ ਪਛਾਣ ਹੋ ਗਈ ਹੈ। 9/11 ਵਜੋਂ ਜਾਣੇ ਜਾਂਦੇ ਦਹਿਸ਼ਤੀ ਹਮਲਿਆਂ ਦੀ 22ਵੀਂ ਬਰਸੀ ਤੋਂ ਪਹਿਲਾਂ ਅਧਿਕਾਰੀਆਂ ਨੇ ਡੀ.ਐਨ.ਏ ਟੈਸਟਿੰਗ ਰਾਹੀਂ ਮ੍ਰਿਤਕਾਂ ਦੀ ਪਛਾਣ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੇਅਰ ਦੇ ਦਫ਼ਤਰ ਦਾ ਕਹਿਣਾ ਹੈ ਕਿ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਦੀ ਬੇਨਤੀ ’ਤੇ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਹੈ। ਉਸ ਨੂੰ ਹੁਣ ਤੱਕ ਮੌਤ ਨੰਬਰ 1648 ਅਤੇ 1649 ਕਰਾਰ ਦਿੱਤਾ ਗਿਆ ਹੈ। ਜਿੰਨਾਂ ਦੀ ਪਛਾਣ ਹੋਈ ਹੈ, ਉਨ੍ਹਾਂ ਵਿੱਚ ਇੱਕ ਔਰਤ ਅਤੇ ਇੱਕ ਪੁਰਸ਼ ਸ਼ਾਮਲ ਹੈ।

ਡੀ.ਐਨ.ਏ ਟੈਸਟਿੰਗ ਲਈ ਹਾਲ ਹੀ ਵਿੱਚ ਅਪਣਾਈ ਗਈ ਅਗਲੀ ਪੀੜ੍ਹੀ ਦੀ ਸੀਕਵੈਂਸਿੰਗ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ। ਜੋ ਕਿ ਮੌਜੂਦਾ ਡੀ.ਐਨ.ਏ ਟੈਸਟਿੰਗ ਟੈਕਨਾਲੋਜੀ ਨਾਲੋਂ ਕਿਤੇ ਜ਼ਿਆਦਾ ਉੱਨਤ ਹੈ। ਅਮਰੀਕੀ ਫੌਜ ਇਸ ਤਕਨੀਕ ਦੀ ਵਰਤੋਂ ਲਾਪਤਾ ਸੈਨਿਕਾਂ ਦੇ ਅਵਸ਼ੇਸ਼ਾਂ ਦੀ ਪਛਾਣ ਕਰਨ ਲਈ ਕਰਦੀ ਹੈ। ਜ਼ਿਕਰਯੋਗ ਹੈ ਕਿ ਇੰਨੀ ਐਡਵਾਂਸ ਡੀ.ਐਨ.ਏ ਟੈਸਟਿੰਗ ਤਕਨੀਕ ਦੇ ਬਾਵਜੂਦ 9/11 ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚੋਂ 40 ਫੀਸਦੀ ਯਾਨੀ 1100 ਲੋਕ ਅਜੇ ਵੀ ਅਣਪਛਾਤੇ ਹਨ।

ਹਮਲੇ ਦੇ ਸਮੇਂ ਲੋਅਰ ਮੈਨਹਟਨ ਖੇਤਰ ਵਿੱਚ ਕੁੱਲ 2,753 ਲੋਕ ਲਾਪਤਾ ਦੱਸੇ ਗਏ ਸਨ। ਸਾਰਿਆਂ ਦੇ ਮੌਤ ਦੇ ਸਰਟੀਫਿਕੇਟ ਵੀ ਜਾਰੀ ਕੀਤੇ ਗਏ। ਨਿਊਯਾਰਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ‘ਚ ਮਾਰੇ ਗਏ ਲੋਕਾਂ ਦੀ ਪਛਾਣ ਕਰਨ ਲਈ ਅਮਰੀਕੀ ਇਤਿਹਾਸ ਦੀ ਸਭ ਤੋਂ ਗੁੰਝਲਦਾਰ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਦੋਵਾਂ ਵਿਅਕਤੀਆਂ ਦੀ ਪਛਾਣ ਹੋਣ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਕੁਝ ਰਾਹਤ ਮਿਲੇਗੀ। ਦੱਸਣਯੋਗ ਹੈ ਕਿ 11 ਸਤੰਬਰ, 2001 ਨੂੰ ਵਰਲਡ ਟ੍ਰੇਡ ਸੈਂਟਰ ਨਿਊਯਾਰਕ ‘ਤੇ ਹੋਏ ਅੱਤਵਾਦੀ ਹਮਲੇ ਵਿੱਚ 2996 ਦੇ ਕਰੀਬ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ।