ਨਵਜੰਮੇ ਬੱਚਿਆਂ ਨੂੰ ਮਾਰਨ ਵਾਲੀ ਯੂਕੇ ਦੀ ਸੀਰੀਅਲ ਕਿਲਰ ਨਰਸ ਦੋਸ਼ੀ ਕਰਾਰ

ਯੂ.ਕੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਜਿਊਰੀ ਨੇ ਨਰਸ ਲੂਸੀ ਲੈਟਬੀ ਨੂੰ ਇੱਕ ਨਵਜੰਮੇ ਯੂਨਿਟ ਵਿੱਚ ਸੱਤ ਬੱਚਿਆਂ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਹੈ, ਜਿਸ ਨਾਲ ਉਹ ਮੌਜੂਦਾ ਸਮੇਂ ਵਿੱਚ ਯੂਕੇ ਦੀ ਸਭ ਤੋਂ ਵੱਡੀ ਬਾਲ ਸੀਰੀਅਲ ਕਿਲਰ ਬਣ ਗਈ ਹੈ। 33 ਸਾਲਾ ਨਰਸ ਲੂਸੀ ਨੂੰ ਜੂਨ 2015 ਤੋਂ ਜੂਨ 2016 ਦਰਮਿਆਨ ਕਾਊਂਟੇਸ ਆਫ ਚੈਸਟਰ ਹਸਪਤਾਲ ਵਿੱਚ ਛੇ ਹੋਰ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ੀ ਠਹਿਰਾਇਆ ਗਿਆ ਹੈ।

ਲੇਟਬੀ ਨੇ ਜਾਣਬੁੱਝ ਕੇ ਬੱਚਿਆਂ ਨੂੰ ਗ਼ਲਤ ਟੀਕਾ ਲਗਾਇਆ, ਦੂਜਿਆਂ ਨੂੰ ਜ਼ਬਰਦਸਤੀ ਦੁੱਧ ਪਿਲਾਇਆ ਅਤੇ ਦੋ ਬੱਚਿਆਂ ਨੂੰ ਇਨਸੁਲਿਨ ਨਾਲ ਜ਼ਹਿਰ ਦਿੱਤਾ। ਬੁੱਧਵਾਰ ਤੋਂ ਲੂਸੀ ਨੇ ਫ਼ੈਸਲਿਆਂ ਲਈ ਕਟਹਿਰੇ ਵਿੱਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ 76 ਘੰਟੇ ਦੇ ਵਿਚਾਰ ਵਟਾਂਦਰੇ ਦੇ ਬਾਅਦ 8 ਅਗਸਤ ਨੂੰ ਜਿਊਰੀ ਦੇ ਫੋਰਮੈਨ ਦੁਆਰਾ ਪਹਿਲੇ ਦੋਸ਼ ਵਿਚ ਫ਼ੈਸਲਾ ਸੁਣਾਇਆ ਗਿਆ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗੀ। 11 ਅਗਸਤ ਨੂੰ ਦੂਜੇ ਦੋਸ਼ ਵਿਚ ਫੈਸਲਾ ਸੁਣਾਇਆ ਗਿਆ ਤਾਂ ਲੂਸੀ ਆਪਣਾ ਸਿਰ ਝੁਕਾ ਕੇ ਰੋ ਪਈ। ਉਸ ਨੂੰ ਕਤਲ ਦੀ ਕੋਸ਼ਿਸ਼ ਦੇ ਦੋ ਦੋਸ਼ਾਂ ਲਈ ਦੋਸ਼ੀ ਨਹੀਂ ਪਾਇਆ ਗਿਆ ਅਤੇ ਚਾਰ ਬੱਚਿਆਂ ਨਾਲ ਸਬੰਧਤ ਕਤਲ ਦੀ ਕੋਸ਼ਿਸ਼ ਦੇ ਹੋਰ ਦੋਸ਼ਾਂ ‘ਤੇ ਜਿਊਰੀ ਦਾ ਫ਼ੈਸਲਾ ਆਉਣਾ ਬਾਕੀ ਹੈ।

ਅਕਤੂਬਰ 2022 ਵਿੱਚ ਸ਼ੁਰੂ ਹੋਏ ਮੁਕੱਦਮੇ ਦੌਰਾਨ ਇਸਤਗਾਸਾ ਪੱਖ ਨੇ ਲੈਟਬੀ ਨੂੰ ਚਲਾਕ ਤੇ ਮੌਕਾਪ੍ਰਸਤ ਵਜੋਂ ਨਿਸ਼ਾਨਬੱਧ ਕੀਤਾ, ਜਿਸਨੇ ਉਸਦੇ “ਖੂਨੀ ਹਮਲਿਆਂ” ਨੂੰ ਕਵਰ ਕਰਨ ਲਈ ਸਾਥੀਆਂ ਨੂੰ “ਬਲੈਕਮੇਲ” ਕੀਤਾ। ਹਸਪਤਾਲ ਵਿੱਚ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੀਆਂ ਮੌਤਾਂ ਵਿੱਚ ਚਿੰਤਾਜਨਕ ਅਤੇ ਅਣਜਾਣ ਵਾਧੇ ਮਗਰੋਂ ਪੁਲਸ ਦੁਆਰਾ ਦੋ ਸਾਲਾਂ ਦੀ ਜਾਂਚ ਤੋਂ ਬਾਅਦ ਉਸਨੂੰ ਦੋਸ਼ੀ ਠਹਿਰਾਇਆ ਗਿਆ ਸੀ।