ਭਾਰਤ ਦੀ ਪ੍ਰਧਾਨਗੀ ‘ਚ ਹੋਏ ਜੀ-20 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਆਯੋਜਿਤ ਜੀ-20 ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਸੰਮੇਲਨ ਨੂੰ ‘ਸਫਲ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਸਿਖਰ ਵਾਰਤਾ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਚੰਗੀ ਦੁਵੱਲੀ ਗੱਲਬਾਤ ਹੋਈ। ਇਸ ਦਾ ਜ਼ਿਕਰ ਉਹਨਾਂ ਐਕਸ ‘ਤੇ ਇਕ ਪੋਸਟ ਵਿਚ ਕੀਤਾ। ਉਨ੍ਹਾਂ ਨੇ ਪੀ.ਐੱਮ ਮੋਦੀ ਨਾਲ ਸੈਲਫੀ ਵੀ ਲਈ।
ਨਿਊਜ਼ ਏਜੰਸੀ ਏਐਨਆਈ ਅਨੁਸਾਰ ਐਕਸ ‘ਤੇ ਇੱਕ ਪੋਸਟ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਵਿਆਪਕ ਆਰਥਿਕ ਸਹਿਯੋਗ ਸਮਝੌਤਾ (ਸੀਈਸੀਏ) ਨੂੰ ਪੂਰਾ ਕਰਨ ਬਾਰੇ ਪੀ.ਐੱਮ ਮੋਦੀ ਨਾਲ ਗੱਲਬਾਤ ਕਰਨ ਦੀ ਜਾਣਕਾਰੀ ਦਿੱਤੀ। ਅਲਬਾਨੀਜ਼ ਨੇ ਐਕਸ ‘ਤੇ ਲਿਖਿਆ ਕਿ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਯੋਜਿਤ ਇਕਸਫਲ ਜੀ-20 ਬੈਠਕ ਦੇ ਬਾਅਦ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਦੇ ਸਮਾਪਨ ਬਾਰੇ ਇਕ ਚੰਗੀ ਦੁਵੱਲੀ ਗੱਲਬਾਤ ਹੋਈ।
ਇੱਥੇ ਦੱਸ ਦੇਈਏ ਕਿ ਐਂਥਨੀ ਅਲਬਾਨੀਜ਼ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਪਹੁੰਚੇ ਸਨ। ਇਸ ਤੋਂ ਪਹਿਲਾਂ ਮਈ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ‘ਤੇ ਸਨ, ਜਦੋਂ ਉਹ ਆਸਟ੍ਰੇਲੀਆ ਵੀ ਗਏ ਸਨ। ਅਲਬਾਨੀਜ਼ ਨੇ ਕਿਹਾ ਕਿ ਪੀ.ਐੱਮ ਮੋਦੀ ਦੇ ਆਸਟ੍ਰੇਲੀਆ ਦੌਰੇ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਏ ਹਨ। ਐਂਥਨੀ ਮੁਤਾਬਕ ‘ਇਹ ਇੱਕ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਸਾਨੂੰ ਨਿਵੇਸ਼ ਕਰਨ ਦੀ ਲੋੜ ਹੈ। ਭਾਰਤ ਨਾਲ ਸਾਡੀ ਮਜ਼ਬੂਤ ਸਾਂਝੇਦਾਰੀ ਵਪਾਰ, ਨਿਵੇਸ਼ ਅਤੇ ਕਾਰੋਬਾਰ ਅਤੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਵਿੱਚ ਆਸਟ੍ਰੇਲੀਆ ਨੂੰ ਲਾਭ ਪਹੁੰਚਾਏਗੀ। ਆਸਟ੍ਰੇਲੀਆ ਵੱਲੋਂ ਭਾਰਤ ਨੂੰ ਦਿੱਤੇ ਜਾਣ ਵਾਲੇ ਮਹੱਤਵ ਬਾਰੇ ਦੱਸਦਿਆਂ ਅਲਬਾਨੀਜ਼ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਛੇ ਵਾਰ ਮਿਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਦੋਵਾਂ ਦੇਸ਼ਾਂ ਦਰਮਿਆਨ ਹੋਰ ਵਧੀਆ ਸਬੰਧ ਦੇਖਣਾ ਚਾਹੁੰਦੇ ਹਨ।