ਸੂਡਾਨ ਵਿਚ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ, ਸੁਡਾਨ ਦੀ ਫੌਜ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਦੇਸ਼ ਉੱਤੇ ਕਬਜ਼ਾ ਕਰਨ ਲਈ ਖੂਨੀ ਸੰਘਰਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਜਿਹੇ ਵਿਚ ਸੂਡਾਨ ਦੇ ਆਮ ਲੋਕ ਖਾਨਾਜੰਗੀ ਦੀ ਅੱਗ ਵਿਚ ਸੜ ਰਹੇ ਹਨ। ਇਸ ਦੌਰਾਨ ਐਤਵਾਰ ਨੂੰ ਰਾਜਧਾਨੀ ਖਾਰਤੂਮ ਵਿਚ ਹੋਏ ਡਰੋਨ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ।
ਦਿ ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ, ਖਾਰਤੂਮ ਦੇ ਇੱਕ ਬਾਜ਼ਾਰ ‘ਤੇ ਹੋਏ ਹਵਾਈ ਹਮਲੇ ਵਿਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਡਰੋਨ ਹਮਲੇ ਕਾਰਨ 36 ਤੋਂ ਵੱਧ ਲੋਕ ਗੰਭੀਰ ਜ਼ਖਮੀ ਹਨ। ਜ਼ਖਮੀਆਂ ਨੂੰ ਇਲਾਜ ਲਈ ਬਸ਼ੀਰ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਹੈ।
ਰਿਪੋਰਟ ਮੁਤਾਬਕ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਐਤਵਾਰ ਨੂੰ ਹੋਏ ਡਰੋਨ ਹਮਲੇ ਪਿੱਛੇ ਕਿਸ ਪਾਰਟੀ ਦਾ ਹੱਥ ਹੈ। ਪਰ ਇਸ ਹਵਾਈ ਹਮਲੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਸੂਡਾਨ ‘ਚ 5 ਅਪ੍ਰੈਲ ਨੂੰ ਸ਼ੁਰੂ ਹੋਏ ਘਰੇਲੂ ਯੁੱਧ ਤੋਂ ਬਾਅਦ ਨਾਗਰਿਕਾਂ ਦੀ ਮੌਤ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।