ਪੰਜਾਬੀ ਸੂਫ਼ੀ – ਕਾਵਿ ਦਾ ਪਿਤਾਮਾ:- ਬਾਬਾ ਫ਼ਰੀਦ ਜੀ

12 ਵੀਂ ਸਦੀ ਦੇ ਪਿਛਲੇ ਪੱਖ ਤੋਂ ਸ਼ੁਰੂ ਹੋਕੇ ਸੂਫ਼ੀਵਾਦ ਨੇ ਘੱਟੋ -ਘੱਟ 19ਵੀਂ ਸਦੀ ਦੇ ਅੰਤ ਤੱਕ ਅਤੇ ਉਸ ਤੋਂ ਅਗੇ ਤਕਰੀਬਨ ਹੁਣ ਤਕ ਵੀ ਪੰਜਾਬੀ -ਕਾਵਿ ਦੇ ਰੂਪ ਅਤੇ ਵਿਸ਼ਾ- ਵਸਤੂ ਤੇ ਸੁਭਾਅ ਉਤੇ ਲਗਾਤਾਰ ਸਦੀਆਂ ਬੱਧਾ ਪ੍ਰਭਾਵ ਪਾਇਆ ਹੈ, ਇਸ ਦੀ ਤੋਰ ਨੂੰ ਕਾਇਮ ਕਰਨ ਵਿਚ ਇਸ ਦੇ ਵਿਕਾਸ ਵਿਚ ਰਸ -ਦਰਸਾਉਂਦਾ ਕੰਮ ਵੀ ਕੀਤਾ ਹੈ ।ਇਉਂ ਜਾਪਦਾ ਹੈ ਕਿ ਸੂਫ਼ੀਵਾਦ ਨੇ ਪੰਜਾਬੀ -ਕਾਵਿ ਦੀ ਉਸਾਰੀ ਵਿਚ ਭਰਭੂਰ ਤੇ ਨਿਰਵਿਘਨ ਭੂਮਿਕਾ ਨਿਭਾਈ ਹੈ ਅਤੇ ਸਮੇਂ -ਸਮੇ ਸਿਰ ਇਸ ਦੀ ਕਾਇਆ ਦਾ ਅਸਲੋਂ ਤਕੜਾ ਪਾਸਾ ਸਿਰਜਿਆ ਅਤੇ ਸਾਂਭੀ ਰੱਖਿਆ ਹੈ ।

ਕਬੀਰ ਅਤੇ ਰਵੀਦਾਸ ਵਾਂਗ ਬਾਬਾ ਫ਼ਰੀਦ ਗੁਰੂ ਨਾਨਕ ਦੇਵ ਤੋਂ ਪਹਿਲੋ ਹੋ ਚੁੱਕੇ ਸਨ ।ਸਿੱਖ ਧਰਮ ਦੇ ਬਾਨੀ ਦੀ ਜੀਵਨੀ ਵਿਚ ਆਉਂਦਾ ਹੈ ਕਿ ਉਹ ਆਪਣੀਆਂ ਉਦਾਸੀਆਂ ਦੌਰਾਨ ਸੋਚੇ- ਸਮਝੇ ਟਿਕਾਣਿਆਂ ਦੀ ਜ਼ਿਆਰਤ ਕਰਦੇ ਸਨ ਅਤੇ ਮਿੱਥੇ ਵਿਅਕਤੀਆਂ ਨਾਲ ਮੁਲਾਕਾਤਾਂ ਤੇ ਗਿਆਨ ਚਰਚਾ ਕਰਦੇ ਸਨ ।ਇਹ ਸਿੱਧ ਹੋ ਚੁੱਕਿਆ ਕਿ ਗੁਰੂ ਸਾਹਬ ਨੇ ਇਸੇ ਮਨੋਰਥ ਲਈ ਬਾਬਾ ਫ਼ਰੀਦ ਦੀ ਦਰਗਾਹ ‘ਤੇ ਵੀ ਪਹੁੰਚੇ ਅਤੇ ਉੱਥੋਂ ਦੇ ਗੱਦੀ -ਨਸ਼ੀਨ ਕੋਲੋੰ ਉਹਨਾਂ ਦੀ ਰਚਨਾ ਹਾਸਿਲ ਕਰਕੇ ਤੁਰੇ ਸਨ। ਪ੍ਰਗਟ ਹੈ ਕਿ ਗੁਰੂ ਜੀ ਨੂੰ ਆਪਣੇ ਹਮ -ਵਤਨੀ ਇਸ ਪੰਜਾਬੀ ਦਰਵੇਸ ਦੀ ਨਾ ਸਿਰਫ ਜਾਣਕਾਰੀ ਸੀ ਸਗੋਂ ਉਹ ਉਹਨਾਂ ਦੀ ਪੰਜਾਬੀ ਕਾਵਿ -ਰਚਨਾ ਤੋਂ ਵੀ ਵਾਕਿਫ਼ ਸਨ।
ਜਦੋਂ ਵੀ ਕਦੇ ਸੂਫੀ ਕਾਵਿ ਦਾ ਜ਼ਿਕਰ ਹੁੰਦਾ ਏ ਤਾਂ ਬਾਬਾ ਫ਼ਰੀਦ ਦਾ ਨਾਂ ਅਵੱਲ ਆਉਂਦਾ ਏ।

ਸੂਫ਼ੀ ਫ਼ਕੀਰ ਧਾਰਮਿਕ ਕੱਟੜਤਾ ਨੂੰ ਨਹੀਂ ਸਨ ਮੰਨਦੇ । ਇਸ ਲਈ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਲੋਕ -ਬੋਲੀ ਵਿੱਚ ਪ੍ਰਚੱਲਿਤ ਬਿੰਬਾਂ ,ਪ੍ਰਤੀਕਾਂ ਅਤੇ ਸਥਾਨਕ ਕਾਵਿ -ਰੂਪਾਂ ਅਤੇ ਛੰਦਾਂ ਵਿਚ ਪ੍ਰਗਟਾਇਆ।
ਔਰੰਗਜ਼ੇਬ ਨੇ ਤਲਵਾਰ ਦੇ ਜ਼ੋਰ ‘ਤੇ ਓਨੇ ਲੋਕ ਮੁਸਲਮਾਨ ਨਹੀਂ ਬਣਾਏ ਜਿੰਨੇ ਬਾਬਾ ਫਰੀਦ ਸਾਹਬ ਦੀ ਮਿੱਠੀ ਬਾਣੀ ਨੇ ਬਣਾਏ..ਅੱਜ ਦੇ ਔਰੰਗਜ਼ੇਬਾਂ ਨੂੰ ਬਾਬਾ ਫ਼ਰੀਦ ਜੀ ਤੋਂ ਸਿਖਣ ਦੀ ਲੋੜ ਹੈ..!!
ਫ਼ਰੀਦ ਜੀ ਨੇ ਆਧੁਨਿਕ ਪੰਜਾਬੀ ਨੂੰ ਆਪਣੀ ਰਚਨਾ ਦਾ ਮਾਧਿਅਮ ਬਣਾਇਆ ਤੇ ਪੰਜਾਬੀ ਸੂਫ਼ੀ – ਕਾਵਿ ਦੇ ਪਿਤਾਮਾ ਹੋ ਨਿਬੜੇ ।

ਬਾਬਾ ਫ਼ਰੀਦ (ਫਰੀਦ -ਦੀਨ ਮਸਉਦ) ਦਾ ਜਨਮ ਜਿਲ੍ਹਾ ਮੁਲਤਾਨ ਦੇ ਪਿੰਡ ਖੋਤਵਾਲ 1173 ਈ :ਵਿੱਚ ਰਮਜ਼ਾਨ ਦੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਜਮਾਲੁਦੀਨ ਸੁਲੇਮਾਨ ਤੇ ਬੀਬੀ ਕਸੂਮ ਦੇ ਘਰ ਹੋਇਆ।
ਫਰੀਦ ਜੀ ਦੇ ਜੀਵਨ ਨੂੰ ਢਾਲਣ ਵਿੱਚ ਆਪ ਜੀ ਦੇ ਮਾਤਾ ਦਾ ਬਹੁਤ ਹੱਥ ਰਿਹਾ ।ਮਾਤਾ ਦੇ ਪ੍ਰਭਾਵ ਸਦਕਾ ਹੀ ਆਪ ਬਚਪਨ ਵਿਚ ਹੀ ਪੱਕੇ ਨਮਾਜ਼ੀ ਬਣ ਗਏ ।
ਆਪ ਦੀ ਜ਼ਬਾਨ ਅਤੇ ਕਵਿਤਾ ਦੀ ਮਿਠਾਸ ਕਰਕੇ ਹੀ ਆਪ ਨੂੰ ਸ਼ਕਰ-ਗੰਜ ਦੀ ਉਪਾਧੀ ਹਾਸਲ ਹੈ..!!ਚਾਹੇ ਧਾਰਮਿਕ ਦੁਕਾਨਦਾਰਾਂ ਵੱਲੋੰ ਆਪ ਨਾਲ ਬਹੁਤ ਸਾਰੀਆਂ ਕਰਾਮਾਤਾਂ ਕਹਾਣੀਆਂ ਜੋੜ ਦਿੱਤੀਆਂ ਗਈਆਂ ਨੇ ਪਰ ਆਪ ਨੇ ਆਪਣੇ ਜੀਵਨ ਵਿਚ ਕਰਾਮਾਤ ਨਾਲੋੰ ਮੁਲਾਕਾਤ ਤੇ ਮਨੁੱਖੀ ਫਰਜ਼ਾਂ ਨੂੰ ਮਹੱਹਤਾ ਦਿੱਤੀ ਹੈ..!!
ਆਪ ਨੇ ਦਿੱਲੀ ਵਿੱਚ ਚਿਸ਼ਤੀ ਸੂਫ਼ੀ ਸੰਪ੍ਰਦਾਇ ਵਿਚ ਸਾਮੂਲੀਅਤ ਕੀਤੀ ਅਤੇ ਉਹ ਮਸ਼ਹੂਰ ਸੂਫ਼ੀ ਦਰਵੇਸ਼ ਸਾਈਂ ਕੁਤਬੁਦੀਨ ਬਖ਼ਤਿਆਰ ਕਾਕੀ ਦੇ ਮੁਰੀਦ ਬਣੇ..!!ਆਪ ਦਾ ਮੁਰਸ਼ਦ ਪਿਆਰ ਵਿਚ ਏਥੋਂ ਤਕ ਕਿਹਾ..

ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸ
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਦੀ ਆਸ ॥

ਆਪ ਆਪਣੇ ਸਮੇਂ ਦੀ ਉੱਚ -ਕੋਟੀ ਦੀ ਸ਼ਖ਼ਸੀਅਤ, ਮਹਾਨ ਵਿਦਵਾਨ, ਸਤਿਕਾਰੇ ਗਏ ਬਜ਼ੁਰਗ ਨੇਤਾ ਅਤੇ ਮੰਨੇ ਪ੍ਰਮੰਨੇ ਕਵੀ ਸਨ ।
ਬਾਬਾ ਫ਼ਰੀਦ ਜੀ ਨੇ ਆਪਣੇ ਪਿਆਰੇ ਪ੍ਰੀਤਮ ਨੂੰ ਪਾਉਣ ਲਈ ਬਹੁਤ ਕਰੜੀ ਤਪੱਸਿਆ ਕੀਤੀ। ਪਰਮਾਤਮਾ ਜਿਸ ਦੀ ਭਾਲ ਵਿੱਚ ਉਹਨਾਂ ਭੁੱਖੇ ਢਿੱਡ ਭਗਤੀ ਕੀਤੀ ਤੇ ਜੰਗਲਾਂ ਵਿੱਚ ਭਟਕਦੇ ਰਹੇ,ਓੜਕ ਉਹਨਾਂ ਇਹ ਅਨੁਭਵ ਕੀਤਾ ਕਿ ਪਰਮਾਤਮਾ ਕਿਤੇ ਜਾ ਕੇ ਲੱਭਣ ਦੀ ਲੋੜ ਨਹੀਂ ਉਹ ਸਾਡੇ ਅੰਦਰ ਹੀ ਵਸਦਾ ਏ। ਫ਼ਰੀਦ ਜੀ ਅਨੁਸਾਰ ਸਿਰਫ਼ ਹਿਰਦਾ ਸੱਚਾ ਹੋਣਾ ਚਾਹੀਦਾ…

ਫ਼ਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ।।
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ।।

ਬਾਬਾ ਫਰੀਦ ਜੀ ਦੀ ਸਮੁੱਚੀ ਰਚਨਾ ਉਹਨਾਂ ਦੀ ਜਿੰਦਗੀ ਦਾ ਨਿਚੋੜ ਹੈ । ਬਾਬਾ ਫਰੀਦ ਜੀ ਦੇ ਵਿਚਾਰਾਂ ਦਾ ਘੇਰਾ ਐਨਾ ਵਿਸ਼ਾਲ ਹੈ ਕਿ ਉਹਨਾਂ ਦੀ ਕਵਿਤਾ ਨੂੰ ਉੱਚ ਪੱਧਰ ਦੀ ਅਤੇ ਗੁਰਮਤਿ ਅਨੁਸਾਰ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਸਾਮਿਲ ਕੀਤਾ ਗਿਆ ।
ਪੰਜਾਬੀ ਐਨੀ ਅਮੀਰ ਭਾਸ਼ਾ ਹੈ ਕਿ ਅੱਜ ਤੋਂ ਅੱਠ ਸੋ ਸਾਲ ਪਹਿਲਾਂ ਮਹਾਨ ਫ਼ਕੀਰ ਨੇ ਆਪਣੇ ਭਾਵਾਂ ਨੂੰ ਪ੍ਰਗਟ ਕਰਨ ਲਈ ਪੰਜਾਬੀ ਭਾਸ਼ਾ ਨੂੰ ਚੁਣਿਆ । ਐਨੀ ਅਮੀਰੀ ਹੋਰ ਕਿਸ ਭਾਸ਼ਾ ‘ਚ ਹੈ ।
ਫਰੀਦ ਜੀ ਜੀਵਨ ਦੀ ਨਾਸ਼ਮਾਨਤਾ ਤੋਂ ਮਨੁੱਖ ਨੂੰ ਜਾਣੂ ਕਰਾਉਂਦੇ ਹਨ :-

ਫ਼ਰੀਦਾ ਮੰਡਪ ਮਾੜੀਆ ਏਤੁ ਨ ਲਾਏ ਚਿਤੁ ।।
ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ।।

ਬਾਬਾ ਜੀ ਅਨੁਸਾਰ ਉਪਰੋਕਤ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਜੀਵਨ ਤੋਂ ਹੀ ਮੂੰਹ ਮੋੜ ਲਿਆ ਜਾਵੇ ।ਇਸ ਦਾ ਉਦੇਸ਼ ਇਹ ਹੈ ਕਿ ਭੋਗ ਵਿਲਾਸ ਦਾ ਜੀਵਨ ਮਾਰਗ ਛੱਡਕੇ ਸਾਦਾ ਪਰ ਅਰਥ ਭਰਭੂਰ ਜੀਵਨ ਜੀਵਿਆ ਜਾਵੇ ।

ਬਾਬਾ ਫ਼ਰੀਦ ਜੀ ਰੱਬ ਦੀ ਰਜ਼ਾ ‘ਚ ਰਹਿਣ ਵਾਲਾ ਤੇ ਸਦਾਚਾਰੀ ਭਰਿਆ ਜੀਵਨ ਜਿਉਣ ਲਈਪ੍ਰੇਰਦੇ ਹਨ ..!
ਦਿਲ ਦੀ ਭਟਕਣਾ ਦੂਰ ਕਰਕੇ ਮਾਲਕ ਦੀ ਬੰਦਗੀ ਕਰ, ਫ਼ਕੀਰਾਂ ਨੂੰ ਤਾਂ ਰੁੱਖਾਂ ਵਰਗਾ ਜਿਗਰਾ ਕਰਨਾ ਚਾਹੀਦਾ ਹੈ ਜਿੰਨ੍ਹਾਂ ਨੂੰ ਲੋਕ ਕੱਟ ਕੇ ਵੀ ਲੈ ਜਾਂਦੇ ਹਨ ਫਿਰ ਵੀ ਉਹ ਫ਼ਲ ਦਿੰਦੇ ਰਹਿੰਦੇ ਹਨ।

ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ
ਦਰਵੇਸਾਂ ਨੋ ਲੋੜੀਅੈ ਰੁੱਖਾਂ ਦੀ ਜੀਰਾਂਦਿ ॥

ਉਹ ਜੀਵਨ- ਜਾਚ ਅਸਲ ਵਿੱਚ ਪੰਛੀਆਂ ਕੋਲੋੰ ਸਿੱਖਣ ਲਈ ਕਹਿੰਦੇ ਹਨ :-

ਫਰੀਦਾ ਹਉ ਬਲਿਹਾਰੀ ਤਿਨ੍ਹ ਪੰਖੀਆ ਜੰਗਲਿ ਜਿਨ੍ਹਾ ਵਾਸੁ ॥
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨ੍ਹਿ ਪਾਸੁ ॥

ਫ਼ਰੀਦ ਜੀ ਜੀਵ ਨੂੰ ਦੁੱਖ ਤੇ ਸੁਖ ਇਕ ਕਰਕੇ ਮੰਨ ਕੇ ਬੁਰਾਈਆਂ ਨੂੰ ਮਨੋ ਕੱਢਣ ਲਈ ਕਹਿੰਦੇ ਹਨ ਫ਼ੇਰ ਜੋ ਪਰਮਾਤਮਾ ਨੂੰ ਭਾਵੇ ਓਹੀ ਚੰਗਾ ਕਰਕੇ ਜਾਣ। ਤਦ ਹੀ ਤੈਨੂੰ ਦਰਗਾਹ ਦੀ ਪ੍ਰਾਪਤੀ ਹੋਵੇਗੀ …

ਫ਼ਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ।।
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰ ।।

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਇ ।।
ਜੇ ਤੂੰ ਏਵੇ ਰਖਸੀ ਜੀਉ ਸਰੀਰਹੁ ਲੇਹਿ ।।

ਬਾਬਾ ਫ਼ਰੀਦ ਜੀ ਅਨੁਸਾਰ ਇਹ ਜੀਵਨ ਨਾਸ਼ਮਾਨ ਹੈ ।ਅਸੀਂ ਇਥੇ ਸਦਾ ਲਈ ਨਹੀਂ ਬਹਿਣਾ ।ਧੰਨ ਦੋਲਤ, ਮਾਲ ਔਲਾਦ ਸਭ ਦਿਖਾਵਾ ਹੈ ਅਤੇ ਜ਼ਿੰਦਗੀ ਦੀ ਸੋਭਾ ਹਨ ।ਪਰ ਨੇਕ ਕੰਮਾਂ ਨੇ ਚਿਰ ਸਥਾਈ ਰਹਿਣਾ ਹੈ ।ਇਸ ਲਈ ਫ਼ਰੀਦ ਜੀ ਜੀਵ ਨੂੰ ਕੁਰਾਹੇ ਜਾਣ ਤੋਂ ਮੋੜਦੇ ਹੋਏ ਮੌਤ ਦਾ ਚੇਤਾ ਵਾਰ ਵਾਰ ਕਰਵਾਉਂਦੇ ਹਨ:-

ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰ ॥
ਫਰੀਦਾ ਕਚੈ ਭਾਂਡੈ ਰਖੀਐ ਕਿਚਰਕ ਤਾਈ ਨੀਰੁ ॥

ਉਹਨਾਂ ਦੇ ਸਲੋਕਾਂ ਸ਼ਬਦਾਂ ਵਾਂਗ ਹੀ ਉਹਨਾਂ ਦੇ ਕੀਤੇ ਪ੍ਰਵਚਨ ਵੀ ਮਨੁੱਖ ਦਾ ਮਾਰਗ -ਦਰਸ਼ਨ ਕਰਦੇ ਰਹਿਣਗੇ ਉਹ ਮਨੁੱਖ ਨੂੰ ਆਪਣੇ ਪ੍ਰਵਚਨਾਂ ਰਾਹੀ ਸਮਝਾਉਂਦੇ ਹੋਏ ਕਹਿੰਦੇ ਹਨ :-

ਜਿਹੋ ਜਿਹਾ ਮਨੁੱਖ ਹੋਵੇ ਉਹ ਹੀ ਲੋਕਾਂ ਨੂੰ ਵਿਖਾਵੇ, ਵਰਨਾ ਅਸਲੀਅਤ ਖ਼ੁਦ -ਬਖ਼ੁਦ ਜ਼ਾਹਰ ਹੋ ਜਾਂਦੀ ਹੈ ।

ਉਹ ਚੀਜ਼ ਨਾ ਵੇਚੋ ਜੋ ਖਰੀਦੀ ਨਹੀਂ ਜਾ ਸਕਦੀ ।

ਹਰ ਸ਼ਖਸ਼ ਦੀ ਰੋਟੀ ਨਾ ਖਾਹ, ਹਰ ਸ਼ਖਸ਼ ਨੂੰ ਆਪਣੀ ਰੋਟੀ ਖਵਾ।

ਜੋ ਤੈਥੋੰ ਡਰਦਾ ਹੈ ਉਸ ਤੋਂ ਹਮੇਸ਼ਾ ਫਿਕਰਮੰਦ ਰਹਿ ਅਤੇ ਖਤਰਾ ਮਹਿਸੂਸ ਕਰ ।

ਜ਼ਲੀਲ ਹੋ ਕੇ ਵੀ ਜੇ ਕੋਈ ਹੁਨਰ ਸਿੱਖਿਆ ਜਾ ਸਕਦਾ ਹੈ ਤਾਂ ਸਿੱਖ ਲੈ ।

ਆਪਣੇ ਜੀਵਨ ਦੀ ਗਰਮਾਈ ਤੇ ਇੱਕ ਕੰਮ ਕਰਨ ਦੀ ਤੀਬਰਤਾ ਨੂੰ ਲੋਕਾਂ ਦੀਆਂ ਠੰਡੀਆਂ ਗੱਲਾਂ ਸੁਣ ਕੇ ਛੱਡ ਨਹੀਂ ਦੇਣਾ ਚਾਹੀਦਾ ।

ਅਸਲ ਵਿਚ ਨਾਦਾਨ ਪਰ ਬਾਹਰੋਂ ਆਪਣੇ ਆਪ ਨੂੰ ਅਕਲਮੰਦ ਜ਼ਾਹਰ ਕਰਨ ਵਾਲੇ ਨੂੰ ਮਿਲਣ ਤੋਂ ਪ੍ਰਹੇਜ਼ ਕਰ ।

ਰੱਬ ਦੀ ਰਜ਼ਾ ਨੂੰ ਜੀਵਨ ਦਾ ਮਨੋਰਥ ਮਿੱਥਿਆ ਹੈ! ਬਾਬਾ ਫ਼ਰੀਦ ਜੀ ਜਿੱਥੇ ਇਕ ਸੱਚੇ ਸੂਫ਼ੀ ਵਜੋਂ ਸਾਡਾ ਜੀਵਨ ਮਾਰਗ- ਦਰਸ਼ਕ ਕਰਦੇ ਹਨ ਉਥੇ ਹੀ ਉਹਨਾਂ ਨੇ ਕਾਵਿ ਬਣਤਰ ਦੇ ਵੱਡੇ ਗਿਆਤਾ ਹੋਣ ਕਰਕੇ ਉੱਚ- ਪੱਧਰ ਦੀ ਸੂਫ਼ੀ ਰਚਨਾ ਪੰਜਾਬੀ ਸਾਹਿਤ ਦੀ ਝੋਲ਼ੀ ਪਾਈ। ਏਸੇ ਕਰਕੇ ਬਾਬਾ ਫ਼ਰੀਦ ਜੀ ਅੱਜ ਪੰਜਾਬੀ ਅਦਬ ਦਾ ਵੱਡਾ ਨਾਂ ਏ। ਆਓ, ਬਾਬਾ ਫ਼ਰੀਦ ਦੇ ਸਲੋਕਾਂ ਤੇ ਪ੍ਰਵਚਨਾਂ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਈਏ ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾ ਹੋਵੇਗੀ ।ਨਹੀਂ ਬਾਬਾ ਫਰੀਦ ਸਾਡਾ ਹਾਲ ਦੇਖੁ ਕੇ ਫਿਰ ਕਹਿਣਗੇ…
ਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ ॥
ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਢੇ ਕਚਿਆ ॥
ਰਤੇ ਇਸ਼ਕ ਖੁਦਾਇ ਰੰਗਿ ਦੀਦਾਰ ਕੇ ॥
ਵਿਸਰਿਆ ਜਿਨ੍ਹ ਨਾਮੁ ਤੇ ਭੁਇ ਭਾਰੁ ਥੀਏ

ਮਲਕੀਤ ਕੋਟਲੀ
(ਸ੍ਰੀ ਮੁਕਤਸਰ ਸਾਹਿਬ)
94177 30049