ਯੂ.ਕੇ. ਦੇ 70 ਸੰਸਦ ਮੈਂਬਰਾਂ ਨੇ PM ਸੂਨਕ ਨੂੰ ਜਗਤਾਰ ਸਿੰਘ ਜੌਹਲ ਦੀ ਰਿਹਾਈ ਦਾ ਮੁੱਦਾ ਮੋਦੀ ਨਾਲ ਚੁੱਕਣ ਦੀ ਕੀਤੀ ਮੰਗ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ 70 ਤੋਂ ਵੱਧ ਸੰਸਦ ਮੈਂਬਰਾਂ ਦੇ ਸਮੂਹ ਨੇ ਜੀ-20 ਸ਼ਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਦੀ ਯਾਤਰਾ ਦੌਰਾਨ ਭਾਰਤ ’ਚ ਨਜ਼ਰਬੰਦ ਬ੍ਰਿਟਿਸ਼ ਸਿੱਖ ਦੀ ‘ਤੁਰਤ ਰਿਹਾਈ’ ਦੀ ਮੰਗ ਕਰਨ ਲਈ ਕਿਹਾ ਹੈ।

ਬੀ.ਬੀ.ਸੀ. ਦੀ ਰੀਪੋਰਟ ਅਨੁਸਾਰ ਇਕ ਚਿੱਠੀ ਰਾਹੀਂ ਸੰਸਦ ਮੈਂਬਰਾਂ ਨੇ ਸੂਨਕ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਗਤਾਰ ਸਿੰਘ ਜੌਹਲ ਨੂੰ ‘ਤੁਰਤ ਰਿਹਾਅ’ ਕਰਨ ਲਈ ਕਹਿਣ, ਜੋ ਕਿ ਭਾਰਤ ’ਚ ਪੰਜ ਸਾਲਾਂ ਤੋਂ ‘ਆਹੁਦਰੇ ਤਰੀਕੇ ਨਾਲ ਨਜ਼ਰਬੰਦ’ ਹੈ।

ਡੰਬਰਟਨ ਵਾਸੀ ਜੌਹਲ ਅਪਣੇ ਵਿਆਹ ਲਈ ਪੰਜਾਬ ’ਚ ਆਇਆ ਸੀ ਜਦੋਂ ਉਸ ਨੂੰ 4 ਨਵੰਬਰ, 2017 ਨੂੰ ਇਕ ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਵਲੋਂ ਕਤਲਾਂ ’ਚ ਉਸ ਦੀ ਕਥਿਤ ਸਮੂਲੀਅਤ ਲਈ ਜਲੰਧਰ ’ਚ ਗ੍ਰਿਫਤਾਰ ਕੀਤਾ ਗਿਆ ਸੀ।

ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ 36 ਵਰ੍ਹਿਆਂ ਦੇ ਜੌਹਲ ਨੂੰ ਇਕ ਖਾਲੀ ਕਬੂਲਨਾਮੇ ਦੇ ਦਸਤਾਵੇਜ਼ ’ਤੇ ਦਸਤਖਤ ਕਰਵਾਉਣ ਤੋਂ ਪਹਿਲਾਂ, ਬਿਜਲੀ ਦੇ ਝਟਕਿਆਂ ਸਮੇਤ ਕਈ ਤਸੀਹੇ ਦਿਤੇ ਗਏ ਸਨ। ਹਾਲਾਂਕਿ ਇਨ੍ਹਾਂ ਇਲਜ਼ਾਮਾਂ ਤੋਂ ਭਾਰਤੀ ਅਧਿਕਾਰੀਆਂ ਨੇ ਖ਼ਾਰਜ ਕੀਤਾ ਹੈ।

ਜੌਹਲ ਇਸ ਸਮੇਂ ਤਿਹਾੜ ਜੇਲ੍ਹ ’ਚ ਬੰਦ ਹੈ ਅਤੇ ਕਤਲ ਅਤੇ ਕਤਲ ਦੀ ਸਾਜ਼ਸ਼ ਰਚਣ ਦੇ 10 ਦੋਸ਼ਾਂ ’ਚ ਸੰਭਾਵਤ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ।

ਟੋਰੀ ਐਮ.ਪੀ. ਡੇਵਿਡ ਡੇਵਿਸ ਨੇ ਬੀ.ਬੀ.ਸੀ. ਨੂੰ ਦਸਿਆ ਕਿ ‘‘ਕਿਸੇ ਦੇਸ਼ ਦਾ ਪਹਿਲਾ ਫਰਜ਼ ਅਪਣੇ ਕਿਸੇ ਨਾਗਰਿਕ ਨੂੰ ਨੁਕਸਾਨ ਹੋਣ ਤੋਂ ਰੋਕਣਾ ਹੋਣਾ ਚਾਹੀਦਾ ਹੈ’’, ਅਤੇ ਜੇਕਰ ਉਸ ਦੇ ਕਿਸੇ ਨਾਗਰਿਕ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਬੇਇਨਸਾਫ਼ੀ ਕੀਤੀ ਗਈ ਹੈ, ਤਾਂ ‘‘ਸਰਕਾਰ ਨੂੰ ਸਭ ਤੋਂ ਗੰਭੀਰ ਵਿਰੋਧ ਪ੍ਰਦਰਸ਼ਨ ਕਰਨਾ ਚਾਹੀਦਾ ਹੈ।’’

‘‘ਇਸ ਸਮੇਂ ਅਜਿਹਾ ਕੁਝ ਵੀ ਵਾਪਰਦਾ ਨਹੀਂ ਦਿਸ ਰਿਹਾ ਹੈ ਅਤੇ ਇਹ ਵਿਦੇਸ਼ ਦਫਤਰ ਦੀ ਅਪਣੀ ਸਭ ਤੋਂ ਬੁਨਿਆਦੀ ਫਰਜ਼ ਨਿਭਾਉਣ ’ਚ ਅਸਫਲਤਾ ਹੈ।’’

‘ਆਪਹੁਦਰੀ ਨਜ਼ਰਬੰਦੀ’ ’ਤੇ ਸੰਯੁਕਤ ਰਾਸ਼ਟਰ ਦੇ ਕਾਰਜਕਾਰੀ ਸਮੂਹ ਨੇ ਕਿਹਾ ਕਿ ਜੌਹਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਕਿਉਂਕਿ ਉਹ ਸਿੱਖ ਮਨੁੱਖੀ ਅਧਿਕਾਰਾਂ ਦਾ ਹਮਾਇਤੀ ਸੀ ਅਤੇ ਉਸ ਨੇ ‘‘ਅਧਿਕਾਰੀਆਂ ਵਲੋਂ ਸਿੱਖਾਂ ਵਿਰੁਧ ਕੀਤੀਆਂ ਕਥਿਤ ਕਾਰਵਾਈਆਂ ਲਈ ਜਵਾਬਦੇਹੀ ਦੀ ਮੰਗ ਕਰਨ ਵਾਲੀਆਂ ਜਨਤਕ ਪੋਸਟਾਂ’’ ਲਿਖੀਆਂ ਸਨ।

ਸੰਸਦ ਮੈਂਬਰਾਂ ਦੀ ਚਿੱਠੀ ’ਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਵਰਕਿੰਗ ਗਰੁਪ ਨੇ ‘‘ਅਪਣੇ ਨਿਚੋੜ ’ਚ ਦਸਿਆ ਹੈ ਕਿ ਜਗਤਾਰ ਦੀ ਲਗਾਤਾਰ ਨਜ਼ਰਬੰਦੀ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।’’

ਜਗਤਾਰ ਸਿੰਘ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ, ਜੋ ਡੰਬਰਟਨ ’ਚ ਇਕ ਵਕੀਲ ਅਤੇ ਲੇਬਰ ਕੌਂਸਲਰ ਹਨ, ਨੇ ਬੀ.ਬੀ.ਸੀ. ਨੂੰ ਦਸਿਆ ਕਿ ਸੂਨਕ ਦੇ ਮੋਦੀ ਨਾਲ ਚੰਗੇ ਸਬੰਧਾਂ ਨੂੰ ਵੇਖਦੇ ਹੋਏ, ਇਹ ਮੰਗ ਕਰਨਾ ਮੁਸ਼ਕਲ ਨਹੀਂ ਹੋਣਾ ਚਾਹੀਦਾ ਹੈ।

ਗੁਰਪ੍ਰੀਤ ਨੇ ਕਿਹਾ, ‘‘ਲਗਭਗ ਛੇ ਸਾਲ ਬੀਤ ਗਏ ਹਨ, ਜਗਤਾਰ ਵਿਰੁਧ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਇਹ ਸਿਰਫ ਉਸ ਦੇ ਵਿਰੁਧ ਲਗਾਏ ਗਏ ਦੋਸ਼ ਹਨ, ਅਤੇ ਦੋਸ਼ੀ ਸਾਬਤ ਹੋਣ ਤਕ ਉਹ ਨਿਰਦੋਸ਼ ਹੋਣਾ ਚਾਹੀਦਾ ਹੈ।’’

ਇਹ ਮੁੱਦਾ ਪਿਛਲੇ ਸਮੇਂ ’ਚ ਸਾਬਕਾ ਪ੍ਰਧਾਨ ਮੰਤਰੀਆਂ ਬੋਰਿਸ ਜੌਹਨਸਨ ਅਤੇ ਥੈਰੇਸਾ ਮੇਅ ਵਲੋਂ ਉਠਾਇਆ ਗਿਆ ਸੀ, ਮੇਅ ਨੇ ਮੰਨਿਆ ਸੀ ਕਿ ਜੌਹਲ ਨੂੰ ਬਿਨਾਂ ਕੋਈ ਮੁਕੱਦਮਾ ਸ਼ੁਰੂ ਕੀਤੇ ਆਪਹੁਦਰੇ ਤਰੀਕੇ ਨਾਲ ਹਿਰਾਸਤ ’ਚ ਲਿਆ ਗਿਆ ਹੈ।

ਵਿਰੋਧੀ ਧਿਰ ਦੀ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੇ ਫਰਵਰੀ ਦੇ ਸ਼ੁਰੂ ’ਚ ਸੂਨਕ ਨੂੰ ਚਿੱਠੀ ਲਿਖ ਕੇ ਪੁਛਿਆ ਸੀ ਕਿ ਉਹ ਇਸ ਮਾਮਲੇ ’ਤੇ ਕੀ ਕਾਰਵਾਈ ਕਰਨ ਦਾ ਇਰਾਦਾ ਰਖਦੇ ਹਨ।

ਜਵਾਬ ’ਚ, ਦਿ ਗਾਰਡੀਅਨ ਦੇ ਅਨੁਸਾਰ, ਸੂਨਕ ਨੇ ਸਿੱਧੇ ਸਵਾਲ ਤੋਂ ਪਰਹੇਜ਼ ਕਰਦੇ ਹੋਏ ਕਿਹਾ ਕਿ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ ਜੌਹਲ ਅਤੇ ਉਸ ਦੇ ਪਰਿਵਾਰ ਨੂੰ ‘ਕੌਂਸਲਰ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ’।