ਸੂਬੇ ਪੰਜਾਬ ਦੇ ਸਿਆਸੀ ਹਾਲਾਤ ਨਿੱਤ ਪ੍ਰਤੀ ਬਦਲ ਰਹੇ ਹਨ। ਪਾਰਲੀਮੈਂਟ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ (ਬ) ਨੇ ਬਹੁਤ ਕੁਝ ਗੁਆ ਲਿਆ ਹੈ, ਹੁਣ ਉਹ ਵੋਟ ਪ੍ਰਤੀਸ਼ਤ ਸ਼੍ਰੋਮਣੀ ਅਕਾਲੀ ਦੇ ਪੱਲੇ ਨਹੀਂ ਰਹੀ, ਜੋ ਕਦੇ ਉਸਦਾ ਇੱਕ ਇਲਾਕਾਈ ਪਾਰਟੀ ਦੇ ਤੌਰ ‘ਤੇ ਪ੍ਰਭਾਵੀ ਸਿਆਸੀ ਪਾਰਟੀ ਵਾਲਾ ਅਕਸ ਉਭਾਰਦੀ ਸੀ।
ਪਾਰਲੀਮੈਂਟ ਚੋਣਾਂ ਉਪਰੰਤ ਪੰਜਾਬ ‘ਚ ਪੰਜ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਹਨਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ (ਬ) ਨੇ ਬਹੁਜਨ ਸਮਾਜ ਪਾਰਟੀ ਨਾਲ ਮੁੜ ਸਾਂਝ ਭਿਆਲੀ ਪਾਈ ਹੈ ਅਤੇ ਜਲੰਧਰ ਪੱਛਮੀ, ਚੱਬੇਵਾਲ (ਦੋਵੇਂ ਰਾਖਵੇਂ ਹਲਕੇ) ਚੋਣ ਹਲਕੇ ਤੋਂ ਬਸਪਾ ਚੋਣ ਲੜੇਗੀ ਅਤੇ ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਗਿੱਦੜਵਾਹਾ ਤੋਂ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਚੋਣ ਲੜਨਗੇ। ਇਹ ਜ਼ਿਮਨੀ ਚੋਣਾਂ ਅਗਲੇ ਛੇ ਮਹੀਨਿਆਂ ‘ਚ ਹੋਣਗੀਆਂ। ਸ਼ਾਇਦ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਵੀ ਇਹ ਸਾਂਝ ਭਿਆਲੀ ਜਾਰੀ ਰਹੇ ਅਤੇ ਸਾਰੀਆਂ ਰਾਖਵੀਆਂ ਸੀਟਾਂ ਬਸਪਾ ਅਤੇ ਅਣ-ਰਾਖਵੀਆਂ ਸੀਟਾਂ ਉਤੇ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਖੜੇ ਹੋਣ। ਪਰ ਇਥੇ ਇਹ ਗੱਲ ਕਰਨੀ ਬਣਦੀ ਹੈ ਕਿ ਹੁਣ ਨਾ ਬਸਪਾ ਦਾ ਰਾਖਵੀਆਂ ਸੀਟਾਂ ਉਤੇ ਕੋਈ ਵੱਡਾ ਬੋਲਬਾਲਾ ਹੈ ਅਤੇ ਨਾ ਹੀ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਆਪਣਾ ਅਧਾਰ ਬਚਾਕੇ ਰੱਖ ਸਕਿਆ ਹੈ।
ਪਿਛਲੀਆਂ ਦੋ-ਤਿੰਨ ਚੋਣਾਂ ‘ਚ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਉਤੇ ਵੱਡੇ ਸਵਾਲ ਖੜੇ ਹੋ ਰਹੇ ਹਨ। ਉਸ ਦੀ ਪਾਰਟੀ ਦੇ ਵੱਡੇ ਨੇਤਾ ਉਸਦਾ ਸਾਥ ਛਡ ਰਹੇ ਹਨ। ਬਾਗੀ ਹੋ ਰਹੇ ਹਨ। ਇੱਕ ਪਲੇਟਫਾਰਮ ‘ਤੇ ਇਕੱਠੇ ਹੋ ਕੇ ਸੁਖਬੀਰ ਸਿੰਘ ਬਾਦਲ ਤੋਂ ਪ੍ਰਧਾਨਗੀ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਕਾਟੋ-ਕਲੇਸ਼ ਇਥੋਂ ਤੱਕ ਵਧ ਚੁੱਕਾ ਹੈ ਕਿ ਜਲੰਧਰ ਪੱਛਮੀ ਤੋਂ ਸੁਖਬੀਰ ਸਿੰਘ ਬਾਦਲ ਨੇ ਬੀਬੀ ਸੁਰਜੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਥਾਪਿਆ ਸੀ, ਇਹ ਨਾਂਅ ਬੀਬੀ ਜਗੀਰ ਕੌਰ ਨੇ ਸੁਝਾਇਆ ਸੀ ਪਰ ਕਿਉਂਕਿ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬਮਧਕ ਕਮੇਟੀ ਹੁਣ ਵਿਰੋਧੀਆਂ ਦੇ ਖੇਮੇ ਦੀ ਮੁੱਖ ਨੇਤਾ ਹੈ, ਇਸ ਲਈ ਸੁਖਬੀਰ ਸਿੰਘ ਬਾਦਲ ਨੇ ਸੁਰਜੀਤ ਕੌਰ ਨੂੰ ਆਪਣੇ ਉਮੀਦਵਾਰ ਵਜੋਂ ਹਿਮਾਇਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਬਸਪਾ ਉਮੀਦਵਾਰ ਨੂੰ ਵੋਟਾਂ ਪਾਉਣ ਦਾ ਐਲਾਨ ਕੀਤਾ ਹੈ। ਇਸ ਸਥਿਤੀ ਨਾਲ ਸੁਖਬੀਰ ਸਿੰਘ ਬਾਦਲ ਪ੍ਰਤੀ ਪਾਰਟੀ ਦੇ ਵਿਰੋਧੀ ਖੇਮੇ ‘ਚ ਵੱਡਾ ਰੋਸ ਹੈ।
ਖਡੂਰ ਸਾਹਿਬ ਅਤੇ ਫਰੀਦਕੋਟ ਪਾਰਲੀਮਾਨੀ ਚੋਣਾਂ ‘ਚ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਦੀ ਜਿੱਤ ਉਪਰੰਤ ਉਤਸ਼ਾਹਤ ਹੋਈਆਂ ਪੰਥਕ ਧਿਰਾਂ ਵਲੋਂ ਭਗਵੰਤ ਸਿੰਘ ਬਾਜੇਕੇ ਉਰਫ਼ ਪ੍ਰਧਾਨ ਮੰਤਰੀ ਗਿੱਦੜਵਾਹਾ, ਦਲਜੀਤ ਸਿੰਘ ਕਲਸੀ ਡੇਰਾ ਬਾਬਾ ਨਾਨਕ ਅਤੇ ਕੁਲਵੰਤ ਸਿੰਘ ਰਾਊਕੇ ਬਰਨਾਲਾ ਵਿਧਾਨ ਸਭਾ ਚੋਣ ਹਲਕੇ ਤੋਂ ਚੋਣ ਲੜਨਗੇ। ਚੱਬੇਵਾਲ ਰਾਖਵਾਂ ਹਲਕਾ ਹੈ, ਇਸ ਧਿਰ ਵਲੋਂ ਇਥੇ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਹੈ।
ਇਥੇ ਵੇਖਣ ਯੋਗ ਗੱਲ ਇਹ ਵੀ ਹੋਵੇਗੀ ਕਿ ਕੀ ਸ਼੍ਰੋਮਣੀ ਅਕਾਲੀ ਦਲ (ਬ) ਦੋ ਫਾੜ ਹੋ ਜਾਏਗਾ ਤੇ ਇੱਕ ਹੋਰ ਨਵਾਂ ਅਕਾਲੀ ਦਲ ਬਣੇਗਾ। ਇਹ ਅਕਾਲੀ ਦਲ ਦੀ ਦੂਜੀਆਂ ਪੰਥਕ ਧਿਰਾਂ ਨਾਲ ਹੱਥ ਮਿਲਾਏਗਾ? ਸਿਮਰਨਜੀਤ ਸਿੰਘ ਮਾਨ ਦਾ ਧੜਾ ਵੀ ਪਹਿਲਾਂ ਦੀ ਤਰ੍ਹਾਂ ਆਪਣੇ ਉਮੀਦਵਾਰ ਖੜੇ ਕਰੇਗਾ। ਖੱਬੀਆਂ ਧਿਰਾਂ ਵੀ ਮੈਦਾਨ ‘ਚ ਆਉਣਗੀਆਂ, ਕਿਉਂਕਿ ਪੰਜਾਬ ‘ਚ ਲਗਭਗ ਸਾਰੀਆਂ ਸਿਆਸੀ ਧਿਰਾਂ ਨੇ ਪਾਰਲੀਮਾਨੀ ਚੋਣਾਂ ਸਮੇਂ ਕੁਝ ਨਾ ਕੁਝ ਖੱਟਿਆ ਹੈ, ਇਸ ਕਰਕੇ ਕਿ ਚੋਣਾਂ ਆਹਮੋ-ਸਾਹਮਣੇ ਨਹੀਂ ਪੰਜ ਕੋਨੀਆਂ ਲੜੀਆਂ ਗਈਆਂ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਉਪਰੰਤ ਪੰਜਾਬ ਕਾਂਗਰਸ ਦੇ ਨੇਤਾਵਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸੂਬੇ ਪੰਜਾਬ ‘ਚ ਅਗਲੀਆਂ ਚੋਣਾਂ ‘ਚ ‘ਆਪ’ ਨਾਲ ਉਹ ਕੋਈ ਭਾਈਵਾਲੀ ਨਹੀਂ ਕਰਨਗੇ। ਪੰਜਾਬ ਵਿੱਚ ਵੱਖਰੀਆਂ ਚੋਣਾਂ ਲੜਕੇ ਕਾਂਗਰਸ ਨੇ ਕੁਝ ਖੱਟਿਆ ਹੀ ਹੈ, ਗੁਆਇਆ ਨਹੀ।
ਭਾਰਤੀ ਜਨਤਾ ਪਾਰਟੀ ਪੰਜਾਬ ‘ਚ ਪਾਰਲੀਮਾਨੀ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਧ ਵੋਟ ਪ੍ਰਤੀਸ਼ਤ ਪ੍ਰਾਪਤ ਕਰਕੇ ਉਤਸ਼ਾਹਤ ਹੈ ਅਤੇ ਜ਼ਿਮਨੀ ਚੋਣਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ। ਪਾਰਟੀ ਵਲੋਂ ਦੂਜੇ ਖੇਮਿਆਂ ‘ਚ ਸੰਨ ਲਾਉਣ ਦੀਆਂ ਤਰਤੀਬਾਂ ਲਗਾਤਾਰ ਜਾਰੀ ਹਨ। ਸਿਆਸੀ ਹਲਕੇ ਤਾਂ ਇਹ ਵੀ ਮੰਨਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਚ ਮੌਜੂਦਾ ਭੰਨ ਤੋੜ ਵੀ ਆਰ.ਐਸ.ਐਸ., ਭਾਜਪਾ ਦੀ ਸ਼ਹਿ ਉਤੇ ਹੋ ਰਹੀ ਹੈ।
ਆਮ ਆਦਮੀ ਪਾਰਟੀ ਦਾ ਚੋਣ ਗ੍ਰਾਫ ਘਟਿਆ ਹੈ। ਵੋਟ ਪ੍ਰਤੀਸ਼ਤ ਵੀ ਗੜਬੜ ਹੋਈ ਹੈ ਅਤੇ ਪਾਰਲੀਮੈਂਟ ‘ਚ ਉਸਦੇ ਸਿਰਫ਼ ਤਿੰਨ ਉਮੀਦਵਾਰ ਜੇਤੂ ਰਹੇ ਹਨ, ਹਾਲਾਂਕਿ ਉਸ ਵਲੋਂ ਆਪਣੇ ਕੰਮ ਦੇ ਅਧਾਰ ‘ਤੇ 13 ਸੀਟਾਂ ਜਿੱਤਣ ਦਾ ਦਾਅਵਾ ਸੀ। ਇਹ ਦਾਅਵਾ ਉਂਜ ਕਾਂਗਰਸ ਵਲੋਂ ਵੀ ਕੀਤਾ ਗਿਆ ਸੀ। ਪੰਜਾਬ ਦੀ ਹਾਕਮ ਧਿਰ ਪੰਜਾਬ ‘ਚ ਪੂਰੀਆਂ ਸੀਟਾਂ ਜਿੱਤਣ ਦੇ ਮਾਮਲੇ ‘ਚ ਉਸੇ ਤਰ੍ਹਾਂ ਭਰੋਸੇ ‘ਚ ਸੀ, ਜਿਵੇਂ ਦਿੱਲੀ ਦਾ ਹਾਕਮ 400 ਸੀਟਾਂ ਜਿੱਤਣ ਦੀ ਗੱਲ, ਦੇਸ਼ ‘ਚ ਵਿਕਾਸ, ਲੋਕ ਹਿਤੂ ਕਾਰਜਾਂ ਅਤੇ ਧਾਰਮਿਕ ਪੱਤਾ ਖੇਲ੍ਹਣ ਉਪਰੰਤ ਕਰ ਰਿਹਾ ਸੀ।
ਪਰ ਉਪਰ ਦਿੱਲੀ ‘ਚ ਵੀ ਅਤੇ ਇਥੇ ਪੰਜਾਬ ‘ਚ ਵੀ ਹਾਕਮ ਧਿਰ ਦੀ ਕਾਰਗੁਜ਼ਾਰੀ ਨੇ ਦਰਸਾ ਦਿੱਤਾ ਕਿ ਲੋਕ ਕੰਮ ਚਾਹੁੰਦੇ ਹਨ, ਰੁਜ਼ਗਾਰ ਚਾਹੁੰਦੇ ਹਨ, ਚੰਗਾ ਜੀਵਨ ਚਾਹੁੰਦੇ ਹਨ, ਸਿਰਫ਼ ਮੁਫ਼ਤ ਬਿਜਲੀ, ਪਾਣੀ ਜਾਂ ਕੁਝ ਲੋਕ ਲਭਾਊ ਨਾਹਰੇ ਜਾਂ ਸਹੂਲਤਾਂ ਤੱਕ ਸੀਮਤ ਨਹੀਂ ਰਹਿ ਸਕਦੇ।
ਪੰਜਾਬ ਇਸ ਵੇਲੇ ਸਿਆਸੀ ਦੁਬਿਧਾ ਵਿੱਚ ਹੈ। ਪੰਜਾਬ ਧੱਕਾ ਨਹੀਂ ਚਾਹੁੰਦਾ। ਪੰਜਾਬ ਵਾਸੀ ਫਰੇਬ ਵਾਲੀ ਰਾਜਨੀਤੀ ਨਹੀਂ ਚਾਹੁੰਦੇ। ਸਿੱਧਾ ਸਾਦਾ ਉਹਨਾ ਦਾ ਸਵਾਲ ਹੈ ਕਿ ਪੰਜਾਬ ਮੌਜੂਦਾ ਸਥਿਤੀ ਵਿੱਚੋਂ ਨਿਕਲੇਗਾ ਕਿਵੇਂ? ਕਿਵੇਂ ਪੰਜਾਬ ਬਚਿਆ ਰਹੇਗਾ ਪ੍ਰਵਾਸ ਤੋਂ ? ਇਸ ਧਰਤੀ ਦੇ ਉਜਾੜੇ ਤੋਂ ? ਆਰਥਿਕ ਮੰਦਹਾਲੀ ਤੋਂ? ਪੰਜਾਬ ਨਾਲ ਜੋ ਨਿਰੰਤਰ ਧੱਕਾ ਹੋਇਆ ਹੈ, ਉਸ ਦਾ ਇਨਸਾਫ ਕੌਣ ਕਰੇਗਾ?
ਜਦੋਂ ਇਹਨਾ ਸਵਾਲਾਂ ਦੇ ਜਵਾਬ ਜਾਂ ਆਸ ਕਿਸੇ ਸਿਆਸੀ ਧਿਰ ਵਲੋਂ ਮਿਲਦਾ ਹੈ ਜਾਂ ਉਸਨੂੰ ਇਹਨਾ ਸਵਾਲਾਂ ਦੇ ਜਵਾਬ ਦੀ ਆਸ ਬੱਝਦੀ ਹੈ, ਉਹ ਉਸ ਵੱਲ ਹੀ ਉਲਰ ਪੈਂਦਾ ਹੈ। ਮਿਸਾਲ ਆਮ ਆਦਮੀ ਪਾਰਟੀ ਦੀ ਪਿਛਲੀ ਸਰਕਾਰ ਦੀ ਹੈ, ਜਦੋਂ 2022 ‘ਚ 92 ਵਿਧਾਨ ਸਭਾ ਪ੍ਰਤੀਨਿਧ ਉਸਦੇ ਹੀ ਪੰਜਾਬੀਆਂ ਚੁਣ ਦਿੱਤੇ ਤੇ ਧੁਰੰਤਰ ਸਿਆਸਤਦਾਨਾਂ ਨੂੰ ਸਮੇਤ ਪ੍ਰਕਾਸ਼ ਸਿੰਘ ਬਾਦਲ ਦੇ ਉਹਨਾ ਨੂੰ ਚਿੱਤ ਕਰ ਦਿੱਤਾ। ਪਰ ਦੋ ਵਰ੍ਹੇ ਹੀ ਬੀਤੇ ਹਨ, ਹਾਲਾਤ ਮੁੜ ਗੇੜ ਖਾ ਗਏ ਹਨ, ਉਲਾਰੂ ਸਿਆਸਤ ਨੇ ਫਿਰ ਖੰਭ ਫੈਲਾ ਲਏ ਹਨ।
ਪਰ ਸਵਾਲ ਪੈਦਾ ਹੁੰਦਾ ਹੈ ਕਿ ਇਸ ਸਿਆਸਤ ਨਾਲ ਪੰਜਾਬ ਦਾ ਕੁਝ ਸੌਰੇਗਾ? ਕੀ ਪੰਜਾਬ ਸਾਜ਼ਿਸ਼ਾਂ ਦਾ ਸ਼ਿਕਾਰ ਹੁੰਦਾ ਰਹੇਗਾ? ਕੀ ਪੰਜਾਬ ਦੀ ਜਵਾਨੀ ਇੰਜ ਹੀ ਰੁਲਦੀ ਰਹੇਗੀ। ਅੱਜ ਪੰਜਾਬ ਨਸ਼ਿਆਂ ਦੀ ਲਪੇਟ ‘ਚ ਹੈ। ਪੰਜਾਬ ਦੀਆਂ ਜੇਲ੍ਹਾਂ ‘ਚ ਨਸ਼ਿਆਂ ਦੇ ਕੇਸਾਂ ‘ਚ, ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ‘ਚ ਬੈਠੇ ਹਨ। ਕਾਰਨ ਪੰਜਾਬ ‘ਚ ਫੈਲਿਆ ਗੈਂਗਸਟਰ ਮਾਫੀਆ ਤੇ ਨਸ਼ਿਆਂ ਦੇ ਸੌਦਾਗਰ ਹਨ। ਕੀ ਇਹ ਸਿਆਸੀ ਸਰਪ੍ਰਸਤੀ ਤੋਂ ਬਿਨ੍ਹਾਂ ਵੱਧ-ਫੁੱਲ ਸਕਦੇ ਹਨ? ਕਦਾਚਿਤ ਵੀ ਨਹੀਂ। ਕੀ ਇਹ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਕਿ ਇਹਨਾ ਦੀ ਸਰਪ੍ਰਸਤੀ ਕੌਣ ਕਰ ਰਿਹਾ ਹੈ?
ਹੁਣ ਸਵਾਲ ਉਠਦੇ ਹਨ। ਫ਼ਰੀਦਕੋਟ ਤੇ ਖਡੂਰ ਸਾਹਿਬ ਤੋਂ ਉੱਠਦੀਆਂ ਗਰਮ ਹਵਾਵਾਂ ਕੀ ਪੰਜਾਬ ਵਿੱਚ ਭਗਵਿਆਂ ਨੂੰ ਆਪਣੀ ਸਿਆਸਤ ਜ਼ਰਖੇਜ਼ ਕਰਨ ਦਾ ਕਾਰਨ ਨਹੀਂ ਬਣੇਗੀ? ਤਾਂ ਫਿਰ ਪੰਜਾਬ ਦਾ ਭਵਿੱਖ ਕੀ ਹੋਵੇਗਾ? ਜੇਕਰ ਇੰਜ ਨਹੀਂ ਹੁੰਦਾ ਤਾਂ ਕੀ ਪੰਜਾਬ ਵੀ ਜੰਮੂ-ਕਸ਼ਮੀਰ ਵਾਂਗਰ ਤਿੰਨ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ‘ਚ ਵੰਡਿਆ ਜਾਏਗਾ?
ਜੇਕਰ ਸੁਖਬੀਰ ਸਿੰਘ ਬਾਦਲ ਤੋਂ ਬਾਗੀ ਅਸਤੀਫ਼ਾ ਲੈ ਵੀ ਲੈਂਦੇ ਹਨ, ਤਾਂ ਕੀ ਸ਼੍ਰੋਮਣੀ ਅਕਾਲੀ ਦਲ ਫਿਰ ਵੀ ਬਚ ਜਾਏਗਾ? ਕੀ ਪੰਜਾਬ ਦੇ ਬਾਗੀ ਆਪਣੀਆਂ ਗਲਤੀਆਂ ਦੀ ਮੁਆਫ਼ੀ ਲਈ ਅਕਾਲ ਤਖ਼ਤ ਪੇਸ਼ ਹੋਕੇ ਸਜ਼ਾਵਾਂ ਲਗਵਾਕੇ ਆਪ ਦੁੱਧ ਧੋਤੇ ਹੋ ਜਾਣਗੇ?ਕੀ ਸੁਖਬੀਰ ਸਿੰਘ ਬਾਦਲ ਪਿਛਲੇ ਕੀਤਿਆਂ ਦੀਆਂ ਭੁਲਾ ਬਖ਼ਸ਼ਾਕੇ ਸਾਫ਼ ਸੁਥਰਾ ਹੋ ਗਿਆ? ਕੀ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦਾ ਹੋਏਗਾ।
ਕਦੇ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਤਾਕਤਵਰ ਇਲਾਕਈ ਪਾਰਟੀ ਵਜੋਂ ਚਿਤਵਿਆ ਸੀ, ਜਿਹੜੀ ਇਸ ਇਲਾਕੇ ਦੇ ਲੋਕਾਂ ਦੇ ਦੁੱਖਾਂ, ਦਰਦਾਂ ਦੀ ਭਾਈਵਾਲ ਬਣੇ, ਦੇਸ਼ ਦੇ ਸੰਘਵਾਦ ਢਾਂਚੇ ‘ਚ ਰਾਜਾਂ ਲਈ ਵਧ ਅਧਿਕਾਰ ਲੈਕੇ ਸੂਬੇ ਦਾ ਕੁਝ ਸੁਆਰ ਸਕੇ। ਇਸ ਧਿਰ ਨੇ ਬਹੁਤ ਕੁਝ ਸਾਰਥਿਕ ਕੀਤਾ, ਪਰ ਹਿੰਦੂ ਰਾਸ਼ਟਰ ਦੀ ਮੁਦੱਈ ਭਾਜਪਾ ਨਾਲ ਸਾਂਝ ਭਿਆਲੀ ਪਾਕੇ, ਆਪਣੇ ਆਪ ਨੂੰ ਰਾਸ਼ਟਰੀ ਪਾਰਟੀ ਬਨਾਉਣ ਦੇ ਚੱਕਰ ‘ਚ ਸਭ ਕੁਝ ਗੁਆ ਲਿਆ। ਹੁਣ ਸਥਿਤੀ ਇਹ ਬਣੀ ਹੋਈ ਹੈ ਕਿ 100 ਸਾਲ ਪੁਰਾਣੀ ਪਾਰਟੀ ਦੀ ਹੋਂਦ ਉਤੇ ਸਵਾਲ ਖੜੇ ਹੋ ਗਏ ਹਨ।
ਪੰਜਾਬ ਦੇ ਕੁਝ ਵਿਰਾਸਤੀ ਮੁੱਦੇ ਹਨ। ਇਹ ਮੁੱਦੇ ਪੰਜਾਬ ਦੇ ਅਣਖੀਲੇ ਲੋਕਾਂ ਦੀ ਸੋਚ ਨਾਲ ਜੁੜੇ ਹੋਏ ਹਨ। ਪੰਜਾਬ ਦੀ ਕੋਈ ਵੀ ਸਿਆਸੀ ਧਿਰ ਪਿਛਲੇ ਕੁਝ ਦਹਾਕਿਆਂ ਤੋਂ ਇਹਨਾ ਦੇ ਹੱਲ ਲਈ ਯਤਨਸ਼ੀਲ ਨਹੀਂ ਰਹੀ। ਸਿਆਸੀ ਧਿਰਾਂ ਬੱਸ ਓਪਰੇ -ਓਪਰੇ ਇਹਨਾ ਮੁੱਦਿਆਂ ਨੂੰ ਹੱਥ ਤਾਂ ਲਾਉਂਦੀਆਂ ਰਹੀਆਂ, ਪਰ ਇਹਨਾ ਦੇ ਹੱਲ ਕਰਨ ਲਈ ਹੌਂਸਲਾ ਨਹੀਂ ਕਰ ਰਹੀਆਂ। ਸਗੋਂ ਕਈ ਹਾਲਤਾਂ ‘ਚ ਇਹਨਾ ਮੁੱਦਿਆਂ ਨੂੰ ਉਲਝਾ ਰਹੀਆਂ ਹਨ। ਜਿਸ ਨਾਲ ਪੰਜਾਬ ਦੀ ਸਮਾਜਿਕ, ਸਭਿਆਚਾਰਕ , ਆਰਥਿਕ ਸਥਿਤੀ ਪਚੀਦਾ ਹੁੰਦੀ ਜਾ ਰਹੀ ਹੈ।
ਪੰਜਾਬ ‘ਚ ਇਸ ਵੇਲੇ ਵੱਡਾ ਸਿਆਸੀ ਖਿਲਾਅ ਹੈ, ਜੋ ਵਧਦਾ ਜਾ ਰਿਹਾ ਹੈ। ਵੱਡੀ ਗਿਣਤੀ ਪੰਜਾਬੀ ਸੂਬੇ ਦੇ ਹਾਲਤਾਂ ਅਤੇ ਮੌਜੂਦਾ ਹਾਕਮਾਂ ਤੇ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹੋ ਚੁੱਕੇ ਹਨ। ਪੰਜਾਬੀਆਂ ਦੇ ਮਨਾਂ ਨੂੰ ਕੋਈ ਸਿਆਸੀ ਪਾਰਟੀ ਪੜ੍ਹ ਹੀ ਨਹੀਂ ਰਹੀ ਅਤੇ ਪੰਜਾਬੀ ਜਿਧਰੋਂ ਵੀ ਰਤਾ ਕੁ ਆਸ ਦੀ ਕਿਰਨ ਉਹਨਾ ਨੂੰ ਦਿਖਦੀ ਹੈ, ਉਧਰ ਹੀ ਤੁਰ ਪੈਂਦੇ ਦਿਖਦੇ ਹਨ।
-ਗੁਰਮੀਤ ਸਿੰਘ ਪਲਾਹੀ
-9815802070