ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗੈਂਗ ਨਸ਼ਿਆਂ ਦੀ ਤਸਕਰੀ ਅਤੇ ਆਪਸੀ ਕਤਲੋਗਾਰਤ ਕਾਰਨ ਸਾਰੇ ਕੈਨੇਡਾ ਵਿੱਚ ਬਦਨਾਮ ਹਨ। ਇਨ੍ਹਾਂ ਦੀਆਂਕਰਤੂਤਾਂ ਕਾਰਨ ਸਾਰੇ ਭਾਈਚਾਰੇ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਇੰਗਲਿਸ਼ ਮੀਡੀਆ ਇੰਡੋ ਕੈਨੇਡੀਅਨ ਗੈਂਗ ਦੱਸ ਕੇ ਪ੍ਰਮੁੱਖਤਾ ਨਾਲ ਇਨ੍ਹਾਂ ਬਾਰੇ ਨੈਗੇਟਿਵ ਖਬਰਾਂ ਲਗਾਉਂਦਾ ਹੈ। ਇਨ੍ਹਾਂ ਦੇ ਕਾਲੇ ਕਾਰਨਾਮਿਆਂ ਦਾ ਖਮਿਆਜ਼ਾ ਅਮਰੀਕਾ ਕੈਨੇਡਾ ਬਾਰਡਰ ‘ਤੇ ਸ਼ਰੀਫ ਪੰਜਾਬੀ ਟਰੱਕ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਹੈ।ਬਾਰਡਰ ਪੁਲਿਸ ਵੱਲੋਂ ਖੋਜੀ ਕੁੱਤਿਆਂ ਅਤੇ ਸਪੈਸ਼ਲ ਸਕੈਨਰਾਂ ਦੁਆਰਾ ਚੈੱਕਿੰਗ ਕਰ ਕੇ ਕਈ ਕਈ ਘੰਟੇ ਖੱਜਲ ਖੁਆਰ ਕੀਤਾ ਜਾਂਦਾ ਹੈ। ਨਸ਼ਿਆਂ ਦੇ ਵਪਾਰ ਤੋਂ ਇਲਾਵਾ ਹੁਣ ਤਿੰਨ ਚਾਰ ਮਹੀਨਿਆਂ ਤੋਂ ਗੈਂਗਸਟਰਾਂ ਨੇ ਫਿਰੌਤੀਆਂ ਮੰਗਣ ਦਾ ਨਵਾਂ ਤੇ ਸੌਖਾ ਧੰਦਾ ਸ਼ੁਰੂ ਕਰ ਲਿਆ ਹੈ।ਫਿਰੌਤੀ ਨਾ ਮਿਲਣ ‘ਤੇ ਸ਼ਿਕਾਰ ਦੇ ਘਰ ‘ਤੇ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਕਾਰੋਬਾਰੀ ਥਾਵਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਪ੍ਰਵਾਸੀ ਪੰਜਾਬੀ ਜਿਹੜੇ ਕੈਨੇਡਾ ਦੇ ਅਮਨ ਕਾਨੂੰਨ ਦੇ ਹਾਲਾਤ ਦੀਆਂ ਤਾਰੀਫਾਂ ਕਰਦੇ ਨਹੀਂ ਸੀ ਥੱਕਦੇ, ਹੁਣ ਇਸ ਤਰਾਂ ਮਹਿਸੂਸ ਕਰ ਰਹੇ ਹਨ ਜਿਵੇਂ ਲਾਰੈਂਸ ਬਿਸ਼ਨੋਈ ਭੱਜ ਕੇ ਕੈਨੇਡਾ ਆ ਗਿਆ ਹੋਵੇ।ਫਿਰੌਤੀਆਂ ਮੰਗਣ ਦੀ ਬੁਰਾਈਵੈਨਕੂਵਰ ਸਰੀ ਖੇਤਰ ਤੋਂ ਸ਼ੁਰੂ ਹੋਈ ਸੀ ਤੇ ਹੁਣ ਐਬਸਫੋਰਡ, ਕੈਲਗਰੀ, ਐਡਮਿੰਟਨ, ਟਰਾਂਟੋ ਅਤੇਬਰੈਂਪਟਨਆਦਿ ਤੋਂ ਹੁੰਦੀ ਹੋਈ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਈ ਹੈ।
31 ਦਸੰਬਰ ਤੱਕ ਪੁਲਿਸ ਕੋਲ 28 ਤੋਂ ਵੱਧ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਦੀ ਤਫਤੀਸ਼ ਚੱਲ ਰਹੀ ਹੈ। ਜਿਨ੍ਹਾਂ ਵਿਚਾਰਿਆਂ ਨੇ ਡਰਦੇ ਮਾਰੇ ਚੁੱਪ ਚੁਪੀਤੇ ਫਿਰੌਤੀਆਂ ਭਰ ਦਿੱਤੀਆਂ ਹਨ, ਉਨ੍ਹਾਂ ਦੀ ਗਿਣਤੀ ਫਿਲਹਾਲ ਪਤਾ ਨਹੀਂ ਚੱਲ ਸਕੀ। 27 ਦਸੰਬਰ ਨੂੰ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਬੇਟੇ ਦੇ ਘਰ ‘ਤੇ ਸਰੀ ਵਿਖੇ ਹੋਈ ਫਾਇਰਿੰਗ ਨੇ ਤਾਂ ਸਾਰੇ ਇੰਡੋਕੈਨੇਡੀਅਨਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੁਝ ਦਿਨ ਪਹਿਲਾਂ ਐਡਮਿੰਟਨਪੁਲਿਸ ਨੇ ਫਿਰੌਤੀ ਦੇ ਮਾਮਲਿਆਂ ਕਾਰਨ ਲਗਾਈਆਂ ਗਈਆਂ ਦਰਜ਼ਨ ਦੇ ਕਰੀਬਅੱਗਾਂ ਦੀਆਂ ਵਾਰਦਾਤਾਂ ਬਾਰੇ ਪ੍ਰੈੱਸ ਰਿਲੀਜ਼ ਜਾਰੀ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਕਿ ਜਿਆਦਾਤਰ ਧਮਕੀਆਂ ਭਾਰਤੀ ਤੇ ਖਾਸ ਤੌਰ ‘ਤੇ ਪੰਜਾਬੀ ਬਿਲਡਰਾਂ ਨੂੰ ਆ ਰਹੀਆਂ ਹਨ। ਹੁਣ ਤੱਕ ਅਨੇਕਾਂ ਉਸਾਰੀ ਅਧੀਨ ਘਰ, ਸ਼ੋਅਰੂਮ ਅਤੇ ਸ਼ੋਅਹਾਊਸ ਅੱਗ ਲਗਾ ਕੇ ਸਾੜ ਦਿੱਤੇ ਗਏ ਹਨ। ਅੱਗ ਲਗਾਉਣ ਤੋਂ ਬਾਅਦ ਫਿਰੌਤੀਦੀ ਮੰਗ ਦੋਗੁਣੀ ਹੋ ਜਾਂਦੀ ਹੈ ਤੇ ਪੂਰੀ ਨਾ ਹੋਣ ‘ਤੇ ਸ਼ਿਕਾਰ ਦੇ ਰਿਹਾਇਸ਼ੀ ਘਰ ਉੱਪਰ ਗੋਲੀਬਾਰੀ ਕੀਤੀ ਜਾਂਦੀ ਹੈ। ਸ਼ੁਕਰ ਹੈ ਕਿ ਅਜੇ ਤੱਕ ਕੋਈ ਜ਼ਖਮੀ ਜਾਂ ਹਲਾਕ ਨਹੀਂ ਹੋਇਆ।
ਇਨ੍ਹਾਂ ਵਾਰਦਾਤਾਂ ਵਿੱਚ ਛੋਟੀ ਉਮਰ ਦੇ ਤੇ ਜਲਦੀ ਅਮੀਰ ਹੋਣ ਦੀ ਚਾਹ ਰੱਖਣ ਵਾਲੇ ਨੌਜਵਾਨ ਸ਼ਾਮਲ ਹਨ। ਪੁਲਿਸ ਖਾਸ ਤੌਰ ‘ਤੇ ਅਜਿਹੇ ਨੌਜਵਾਨਾਂ ‘ਤੇ ਨਿਗ੍ਹਾ ਰੱਖ ਰਹੀ ਹੈ ਜਿਨ੍ਹਾਂ ਦੀਆਂ ਗੱਡੀਆਂ ਵਿੱਚ ਪੈਟਰੌਲ ਨਾਲ ਭਰੇ ਹੋਏ ਜੈਰੀਕੈਨ ਹੋਣ। ਪੁਲਿਸ ਨੇਫਿਰੌਤੀਆਂ ਮੰਗਣ, ਅੱਗਾਂ ਲਗਾਉਣ ਤੇ ਫਾਇਰਿੰਗ ਕਰਨ ਦੇ ਮਾਮਲਿਆਂ ਵਿੱਚ ਹੁਣ ਤੱਕ 5ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਉਮਰ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਪਰਮਿੰਦਰ ਸਿੰਘ ਉਮਰ 20 ਸਾਲ, ਹਸਨ ਡੈਂਬਲੀ ਉਮਰ 18 ਸਾਲ, ਮਾਨਵ ਹੀਰ ਉਮਰ 18 ਸਾਲ, ਰਵਿੰਦਰ ਸੰਧੂ 19 ਸਾਲ ਅਤੇ ਅਰਜੁਨ ਸਾਹਨਨ 19 ਸਾਲ। ਇਨ੍ਹਾਂ ਵਿੱਚੋਂ ਪਰਮਿੰਦਰ ਸਿੰਘ ‘ਤੇ ਧਮਕੀਆਂ, ਅੱਗਜ਼ਨੀ ਅਤੇ ਗੋਲੀਬਾਰੀ ਦੇ12 ਕੇਸ ਦਰਜ਼ ਹਨ।ਕੈਨੇਡਾ ਦੇ ਨਰਮ ਕਾਨੂੰਨਾਂ ਕਾਰਨ ਉਸ ਨੂੰ ਛੱਡ ਕੇ ਬਾਕੀ ਚਾਰ ਮੁਜ਼ਰਿਮਾਂ ਦੀ ਕੁਝ ਦਿਨਾਂ ਬਾਅਦ ਹੀ ਜ਼ਮਾਨਤ ਹੋ ਗਈ ਹੈ। ਇਸ ਕਾਰਨ ਹੋਰ ਕਈ ਗੈਂਗਸਟਰਾਂ ਨੂੰ ਉਤਸ਼ਾਹ ਮਿਲਿਆ ਹੈ ਤੇ ਫਿਰੌਤੀ ਲਈ ਧਮਕੀਆਂ ਵਿੱਚਵਾਧਾ ਹੋਇਆ ਹੈ।
9 ਦਸੰਬਰ ਨੂੰ ਉਂਟਾਰੀਉ ਪੁਲਿਸ ਨੇ ਐਬਸਫੋਰਡ ਦੇ 23 ਸਾਲਾ ਤਨਮਨਜੋਤ ਗਿੱਲ ਨਾਮਕ ਇੱਕ ਗੈਂਗਸਟਰ ਨੂੰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਵਿਖੇ ਇੱਕ ਵਪਾਰਿਕ ਅਦਾਰੇ ‘ਤੇ ਗੋਲੀਆਂ ਚਲਾਉਣ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ।ਉਸ ਦੀ ਪੁੱਛਗਿੱਛ ਤੋਂ ਫਿਰੌਤੀਆਂ ਵਸੂਲਣ ਵਾਲੇ ਸੰਗਠਿਤ ਗਰੋਹਾਂ ਬਾਰੇ ਅਜਿਹੇ ਹੈਰਾਨੀਜਨਕ ਇੰਕਸ਼ਾਫ ਹੋਏ ਹਨ ਕਿ ਉਂਟਾਰੀਉ ਪੁਲਿਸ ਨੂੰਇੱਕ ਟਾਸਕ ਫੋਰਸ ਦਾ ਗਠਨ ਕਰਨਾ ਪਿਆ ਹੈ ਜੋ ਸਿਰਫ ਫਿਰੌਤੀਆਂ ਦੇ ਕੇਸਾਂ ਨੂੰ ਨਜਿੱਠੇਗੀ।ਕੈਨੇਡਾ ਵਿੱਚ ਜਿੱਥੇ ਇੱਕ ਪਾਸੇ ਮਹਿੰਗਾਈ ਅਤੇ ਆਰਥਿਕ ਮੰਦੀ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ, ਉਥੇ ਦੂਸਰੇ ਪਾਸੇ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ, ਧਮਕੀਆਂ, ਗੋਲੀਬਾਰੀ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਨੇ ਦਹਿਲਾ ਦਿੱਤਾ ਹੈ। ਕੈਨੇਡਾ ਪੁਲਿਸ ਹੁਣ ਤੱਕ ਪੰਜਾਬੀ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਨਸ਼ਿਆਂ ਦੇ ਕਾਰੋਬਾਰ ਅਤੇ ਆਪਸੀ ਕਤਲੇਆਮ ਦੇ ਕੇਸਾਂ ਨੂੰ ਹੱਲ ਕਰਨ ਵਿੱਚ ਅਸਫਲ ਰਹੀ ਹੈ, ਲੱਗਦਾ ਹੈ ਕਿ ਇਸ ਮਾਮਲੇ ਵਿੱਚ ਉਸ ਨੂੰ ਜਿਆਦਾ ਸਫਲਤਾ ਹਾਸਲ ਨਹੀਂ ਹੋਵੇਗੀ।
ਵੈਸੇ ਵੀ ਕੈਨੇਡਾ ਪੁਲਿਸ ਪੰਜਾਬੀਆਂ ਦੇ ਕਤਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੀ। ਜਦੋਂ ਕੋਈ ਗੈਂਗਸਟਰ ਜਿਆਦਾ ਅੱਤ ਚੁੱਕ ਲੈਂਦਾ ਹੈ ਤਾਂ ਪੁਲਿਸ ਵੱਧ ਤੋਂ ਵੱਧ ਇੱਕ ਘੋਸ਼ਣਾ ਜਾਰੀ ਕਰ ਦਿੰਦੀ ਹੈ ਕਿ ਇਸ‘ਤੇ ਖੂਨੀ ਹਮਲਾ ਹੋਣ ਦੀ ਉਮੀਦ ਹੈ। ਜਿਹੜਾ ਵੀ ਵਿਅਕਤੀ ਇਸ ਨਾਲ ਸਬੰਧ ਰੱਖੇਗਾ, ਉਸ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਇਸੇ ਕਾਰਨ ਨਿਰਦੋਸ਼ ਪੰਜਾਬੀਆਂ ਅਤੇ ਗੈਂਗਸਟਰਾਂ ਦੀਆਂ ਹੱਤਿਆਵਾਂ ਦੇ 85% ਤੋਂ ਵੱਧ ਕੇਸ ਅੱਜ ਤੱਕ ਅਣਸੁਲਝੇ ਪਏ ਹਨ।ਗੈਂਗ ਹਿੰਸਾ ਕਾਰਨ ਕੈਨੇਡਾ ਵਿੱਚ ਹੁਣ ਤੱਕ 400 ਤੋਂ ਵੱਧ ਪੰਜਾਬੀ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਤੇ ਇਹ ਮੌਤਾਂ ਕੈਨੇਡਾ ਵਿੱਚ ਗੈਂਗ ਹਿੰਸਾ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ 27% ਬਣਦੀਆਂ ਹਨ।
ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਹ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਪਰ ਕੈਨੇਡਾ ਦੇ ਨਰਮ ਕਾਨੂੰਨਾਂ ਵਿੱਚ ਬੱਝੇ ਹੋਣ ਕਾਰਨ ਤਫਤੀਸ਼ ਜੂੰਅ ਦੀ ਤੋਰ ਚੱਲ ਰਹੀ ਹੈ। ਤਨਮਨਜੋਤ ਗਿੱਲ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦੇ ਗੈਂਗ ਕੋਲ ਸ਼ਿਕਾਰ ਬਣਾਏ ਜਾਣ ਵਾਲੇ ਕਾਰੋਬਾਰੀਆਂ ਦੀ ਪੂਰੀ ਜਨਮ ਪੱਤਰੀ ਸੀ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਮ, ਬੱਚਿਆਂ ਦੇ ਸਕੂਲ, ਕਾਰਾਂ ਦੇ ਨੰਬਰ, ਪਸੰਦੀਦਾ ਰੈਸਟੋਰੈਂਟਅਤੇ ਇਥੋਂ ਤੱਕ ਕਿ ਉਨ੍ਹਾਂ ਦੇ ਪੰਜਾਬ ਵਿਚਲੇ ਐਡਰੈੱਸ ਤੱਕ ਦੀ ਜਾਣਕਾਰੀ ਉਨ੍ਹਾਂ ਕੋਲ ਸੀ। ਇਨ੍ਹਾਂ ਗੈਂਗਾਂ ਦੀ ਕਾਰਜਸ਼ੈਲੀ ਤੋਂ ਇਸ ਤਰਾਂ ਲੱਗਦਾ ਹੈ ਕਿ ਇਨ੍ਹਾਂ ਦੀ ਅਗਵਾਈ ਤੇ ਮਾਰਗ ਦਰਸ਼ਨ ਕੈਨੇਡਾ ਵਿੱਚ ਸ਼ਰਣ ਲਈ ਬੈਠੇ ਗੋਲਡੀ ਬਰਾੜ, ਲਖਬੀਰ ਸਿੰਘ ਲੰਡਾ, ਅਰਸ਼ ਡਾਲਾ, ਰਮਨ ਜੱਜ ਅਤੇ ਰਿੰਕੂ ਬੀਹਲਾਆਦਿ ਵਰਗੇ ਪੰਜਾਬ ਵਿੱਚ ਫਿਰੌਤੀਆਂ ਉਗਰਾਹੁਣ ਦੇ ਮਾਹਰ ਉਸਤਾਦ ਕਰ ਰਹੇ ਹਨ। ਪੁਲਿਸ ਤਫਤੀਸ਼ ਦੌਰਾਨ ਇੱਕ ਗੈਂਗ ਮੈਂਬਰ ਨੇ ਮੰਨਿਆਂ ਹੈ ਕਿ ਉਹ ਫਿਰੌਤੀਆਂ ਉਗਰਾਹੁਣ ਦੇਧੰਦੇ ਵਿੱਚ ਇਸ ਕਾਰਨ ਪਏ ਹਨ ਕਿਉਂਕਿ ਪਕੜੇ ਜਾਣ ‘ਤੇ ਨਸ਼ਿਆਂ ਦੇ ਕੇਸਾਂ ਨਾਲੋਂ ਬਹੁਤ ਘੱਟ ਸਜ਼ਾ ਮਿਲਦੀ ਹੈ, ਜ਼ਮਾਨਤ ਜਲਦੀ ਹੋ ਜਾਂਦੀ ਹੈ ਤੇ ਪੈਸਾ ਜਿਆਦਾ ਬਣਦਾ ਹੈ।
ਵੈਨਕੂਵਰ ਸਰੀ ਇਲਾਕੇ ਵਿੱਚ ਤਾਂ ਇਸ ਮੁਸੀਬਤ ਨੇ ਕਾਰੋਬਾਰੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਹਾਲਾਤ ਐਨੇ ਵਿਗੜ ਗਏ ਹਨ ਕਿ 6 ਜਨਵਰੀ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ (ਬੀ.ਸੀ.) ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੂੰ ਭਾਰਤੀਆਂ ਦੇ ਇੱਕ ਵੱਡੇ ਇਕੱਠ ਵਿੱਚ ਆ ਕੇ ਇਹ ਭਰੋਸਾ ਦੇਣਾ ਪਿਆ ਕਿ ਸਰਕਾਰ ਇਸ ਨਵੀਂ ਮੁਸੀਬਤ ਪ੍ਰਤੀ ਬੇਹੱਦ ਗੰਭੀਰ ਹੈ। ਇਸ ਇਕੱਠ ਵਿੱਚ ਸਥਾਨਕ ਐਮ.ਪੀ. ਅਤੇ ਐਮ.ਐਲ.ਏ. ਵੀ ਹਾਜ਼ਰ ਹੋਏ। ਉਸ ਨੇ ਅਪੀਲ ਕੀਤੀ ਕਿ ਕਾਰੋਬਾਰੀਆਂ ਨੂੰ ਫਿਰੌਤੀਆਂ ਦੇਣ ਦੀ ਬਜਾਏ ਪੁਲਿਸ ਦੀ ਮਦਦ ਲੈਣੀ ਚਾਹੀਦੀ ਹੈ। ਭਾਰਤੀ ਕੈਨੇਡੀਅਨ ਭਾਈਚਾਰੇ ਨੇ ਅਟਾਰਨੀ ਜਨਰਲ ਨੂੰ ਬੀ.ਸੀ. ਦੇ ਮੁੱਖ ਮੰਤਰੀ ਡੇਵਿਡ ਐਬੀ, ਸਰੀ ਦੀ ਮੇਅਰ ਬਰੈਂਡਾ ਲਾਕ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐਮ.ਪੀ.) ਵਾਸਤੇ ਮੈਮੋਰੈਂਡਮ ਦਿੱਤੇ ਤੇ ਮੰਗ ਕੀਤੀ ਕਿ ਹੋਰ ਕਾਨੂੰਨੀ ਕਾਰਵਾਈਆਂ ਦੇ ਨਾਲ ਜਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਪੁਲਿਸ ਗਸ਼ਤ ਅਤੇ ਚੈਕਿੰਗ ਵਧਾਈ ਜਾਵੇ ਤਾਂ ਜੋ ਬਦਮਾਸ਼ਾਂ ਦੇ ਦਿਲਾਂ ਵਿੱਚ ਕਾਨੂੰਨ ਪ੍ਰਤੀ ਡਰ ਪੈਦਾ ਹੋਵੇ। ਇਸ ਤੋਂ ਇਲਾਵਾ ਪਹਿਲਾਂ ਹੋਈਆਂ ਵਾਰਦਾਤਾਂ ਨੂੰ ਵੀ ਹੱਲ ਕੀਤਾ ਜਾਵੇ।
ਲਾਰੈਂਸ ਬਿਸ਼ਨੋਈ ਵਰਗਿਆਂ ਤੋਂ ਪ੍ਰਭਾਵਿਤ ਹੋ ਕੇ ਫਿਰੌਤੀਆਂ ਉਗਰਾਹੁਣ ਵਾਲੇ ਇਨ੍ਹਾਂ ਗੈਂਗਾਂ ਨੂੰ ਸ਼ਾਇਦ ਪਤਾ ਨਹੀਂ ਕਿ ਪੰਜਾਬ ਅਤੇ ਕੈਨੇਡਾ ਦੇ ਹਾਲਾਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕੈਨੇਡਾ ਵਿੱਚ ਪੁਲਿਸ ਕੋਲੋਂ ਇਨਸਾਫ ਲੈਣ ਲਈ ਕਿਸੇ ਸੱਤਾਧਾਰੀ ਲੀਡਰ ਦਾ ਫੋਨ ਕਰਵਾਉਣ ਜਾਂ ਕੋਈ ਹੋਰ ਸੱਜਾ ਖੱਬਾ ਕਰਨ ਦੀ ਜਰੂਰਤ ਨਹੀਂ ਪੈਂਦੀ। ਇੰਡੋ ਕੈਨੇਡੀਅਨ ਲੋਕ ਆਪਣੇ ਹੱਕਾਂ ਪ੍ਰਤੀ ਪੂਰੀ ਤਰਾਂ ਨਾਲ ਜਾਗਰੂਕ ਹਨ ਜਿਸ ਕਾਰਨ ਪੁਲਿਸ ਕੋਲ ਧੜਾ ਧੜ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਇਹ ਗੈਂਗਸਟਰ ਪੰਜਾਬੀਆਂ ਦੇ ਨਾਮ ‘ਤੇ ਕਾਲਾ ਧੱਬਾ ਹਨ ਤੇਆਪਣੇ ਭਾਈਚਾਰੇ ਦੀ ਬਦਨਾਮੀ ਤੇ ਦੁੱਖਾਂ ਦਾ ਕਾਰਨ ਬਣ ਰਹੇ ਹਨ। ਜੇ ਅੱਜ ਇਹ ਲੋਕ ਕੈਨੇਡਾ ਦੇ ਨਰਮ ਕਾਨੂੰਨਾਂ ਦਾ ਫਾਇਦਾ ਉਠਾ ਰਹੇ ਹਨ ਤਾਂ ਕਲ੍ਹ ਨੂੰ ਇਹ ਕਾਨੂੰਨ ਬਦਲ ਵੀ ਸਕਦੇ ਹਨ।
ਬਲਰਾਜ ਸਿੰਘ ਸਿੱਧੂ
ਪੰਡੋਰੀ ਸਿੱਧਵਾਂ 9501100062