ਅਮਰੀਕਾ ’ਚ ‘ਕੈਲੇਫ਼ੋਰਨੀਆ ਸਟੇਟ ਅਸੈਂਬਲੀ’ ਨੇ ਜਾਤ ਵਿਤਕਰਾ ਵਿਰੋਧੀ ਇਕ ਬਿਲ ਪਾਸ ਕੀਤਾ ਹੈ, ਜਿਸ ’ਚ ਜਾਤ ਸਬੰਧੀ ਵਿਤਕਰੇ ਨੂੰ ਦੂਰ ਕਰਨ ਅਤੇ ਸੂਬੇ ’ਚ ਹਾਸ਼ੀਏ ’ਤੇ ਰਹਿ ਰਹੇ ਭਾਈਚਾਰਿਆਂ ਦੀ ਰਾਖੀ ਕਰਨ ਦੀ ਗੱਲ ਕੀਤੀ ਗਈ ਹੈ। ਬਿਲ ਦੇ ਹੱਕ ’ਚ 50 ਅਤੇ ਵਿਰੋਧ ’ਚ 3 ਵੋਟਾਂ ਪਈਆਂ।
ਅਸੈਂਬਲੀ ’ਚ ਸੋਮਵਾਰ ਨੂੰ ਇਹ ਬਿਲ ਪਾਸ ਕੀਤਾ ਗਿਆ, ਜਿਸ ਤੋਂ ਬਾਅਦ ਇਸ ਨੂੰ ਸੂਬੇ ਦੇ ਗਵਰਨਰ ਗੈਵਿਨ ਨਿਊਸਮ ਕੋਲ ਹਸਤਾਖ਼ਰ ਲਈ ਭੇਜਿਆ ਗਿਆ। ਗਵਰਨਰ ਦੇ ਹਸਤਾਖ਼ਰ ਤੋਂ ਬਾਅਦ ਇਹ ਬਿਲ ਕਾਨੂੰਨ ਬਣ ਜਾਵੇਗਾ ਅਤੇ ਇਸ ਦੇ ਨਾਲ ਕੈਲੇਫ਼ੋਰਨੀਆ ਅਮਰੀਕਾ ਦਾ ਪਹਿਲਾ ਅਜਿਹਾ ਸੂਬਾ ਬਣ ਜਾਵੇਗਾ, ਜਿਸ ਨੇ ਵਿਤਕਰੇ ਵਿਰੋਧੀ ਕਾਨੂੰਨਾਂ ’ਚ ਜਾਤ ਨੂੰ ਸੁਰੱਖਿਅਤ ਸ਼੍ਰੇਣੀ ਦੇ ਰੂਪ ’ਚ ਸ਼ਾਮਲ ਕੀਤਾ ਹੈ।
ਇਸ ਬਿਲ ਦਾ ਮਕਸਦ ਜਾਤ ਸਬੰਧੀ ਵਿਤਕਰੇ ਨੂੰ ਦੂਰ ਕਰਨਾ ਅਤੇ ਸੂਬੇ ’ਚ ਹਾਸ਼ੀਏ ’ਤੇ ਰਹਿ ਰਹੇ ਭਾਈਚਾਰਿਆਂ ਦੀ ਰਾਖੀ ਕਰਨਾ ਹੈ। ਇਸ ਬਿਲ ਨੂੰ ਸੂਬੇ ਦੀ ਸੀਨੇਟਰ ਆਇਸ਼ਾ ਵਹਾਬ ਨੇ ਪੇਸ਼ ਕੀਤਾ ਸੀ ਅਤੇ ਇਸ ਨੂੰ ਦੇਸ਼ ਦੇ ਕਈ ਜਾਤ ਸਮਾਨਤਾ ਨਾਗਰਿਕ ਅਧਿਕਾਰ ਕਾਰਕੁਨਾਂ ਅਤੇ ਜਥੇਬੰਦੀਆਂ ਦੀ ਹਮਾਇਤ ਮਿਲੀ।
ਵਹਾਬ ਨੇ ਇਹ ਬਿਲ ਪਾਸ ਕੀਤੇ ਜਾਣ ’ਤੇ ਅਸੈਂਬਲੀ ਦਾ ਧਨਵਾਦ ਕੀਤਾ। ਬਿਲ ਦੇ ਹੱਕ ’ਚ ਵੋਟ ਦੇਣ ਵਾਲੇ ਭਾਰਤੀ-ਅਮਰੀਕੀਆਂ ’ਚ ਵਿਧਾਇਕ ਜਸਮੀਤ ਬੈਂਸ ਅਤੇ ਅਸ਼ ਕਾਲੜਾ ਵੀ ਸ਼ਾਮਲ ਸਨ। ਸਾਧਨਹੀਣ ਜਾਤਾਂ ਲਈ ਕੰਮ ਕਰਨ ਵਾਲੀ ਸੰਸਥਾ ਅੰਬੇਡਕਰ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ (ਏ.ਏ.ਐਨ.ਏ.) ਨੇ ਇਸ ਬਿਲ ਨੂੰ ‘ਮੀਲ ਦਾ ਪੱਥਰ’, ‘ਇਤਿਹਾਸ’ ਅਤੇ ‘ਬੇਮਿਸਾਲ’ ਦਸਿਆ ਹੈ।
‘ਹਿੰਦੂਜ਼ ਆਫ਼ ਨਾਰਥ ਅਮਰੀਕਾ’ (ਸੀ.ਓ.ਐੱਚ.ਐਨ.ਏ.) ਨੇ ਇਸ ਨੂੰ ਕੈਲੇਫ਼ੋਰਨੀਆ ਦੇ ਇਤਿਹਾਸ ’ਚ ਇਕ ‘ਕਾਲਾ ਦਿਨ’ ਦਸਿਆ। ਸੀ.ਓ.ਐੱਚ.ਐਨ.ਏ. ਨੇ ਇਕ ਬਿਆਨ ’ਚ ਕਿਹਾ ਕਿ ਨਿਰਪੱਖ ਨਜ਼ਰ ਨਹੀਂ ਆਉਣ ਅਤੇ ਵਿਸ਼ੇਸ਼ ਤੌਰ ’ਤੇ ਹਿੰਦੂ ਅਮਰੀਕੀਆਂ ਨੂੰ ਨਿਸ਼ਾਨੇ ’ਤੇ ਲੈ ਕੇ ਤਿਆਰ ਕੀਤਾ ਇਹ ਬਿਲ ‘ਏਸ਼ੀਅਨ ਐਕਸਕਲੂਜ਼ਨ ਐਕਟ’ (ਏਸ਼ੀਆਈ ਬਾਈਕਾਟ ਐਕਟ) ਵਰਗੇ ਉਨ੍ਹਾਂ ਅਨਿਆਂਪੂਰਨ ਬਿਲਾਂ ਦੀ ਤਰ੍ਹਾਂ ਸਾਬਤ ਹੋਵੇਗਾ ਜੋ ਪਾਸ ਕੀਤੇ ਜਾਣ ਵੇਲੇ ਮਕਬੂਲ ਸਨ, ਪਰ ਇਨ੍ਹਾਂ ਦਾ ਪ੍ਰਯੋਗ ਰੰਗ ਦੇ ਆਧਾਰ ’ਤੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ।