ਆਕਲੈਂਡ ਦੇ 30 ਸਾਲਾ ਕੰਵਰਪਾਲ ਸਿੰਘ ਨੂੰ ਅੱਜ ਉਸਦੇ ਕੀਤੇ ਦੀ ਸਜਾ ਸੁਣਾ ਦਿੱਤੀ ਗਈ ਹੈ। ਕੰਵਰਪਾਲ ਸਿੰਘ ਨੂੰ 17 ਸਾਲਾ ਦੀ ਕੈਦ ਦੀ ਸਜਾ ਬਿਨ੍ਹਾਂ ਪੈਰੋਲ ਤੋਂ ਸੁਣਾਈ ਗਈ ਹੈ।
ਉਸ ‘ਤੇ ਆਕਲੈਂਡ ਯੂਨੀਵਰਸਿਟੀ ਦੀ 21 ਸਾਲਾ ਵਿਦਿਆਰਥਣ ਫਰਜ਼ਾਨਾ ਯਕੂਬੀ ਨੂੰ ਛੁਰੇ ਮਾਰਕੇ ਕਤਲ ਕਰਨ ਦਾ ਦੋਸ਼ ਸੀ। ਇਸ ਕਾਰੇ ਨੂੰ ਉਸਨੇ 19 ਦਸੰਬਰ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਫਰਜ਼ਾਨਾ ਕੰਮ ਤੋਂ ਘਰ ਜਾ ਰਹੀ ਸੀ। ਫਰਜ਼ਾਨਾ ਲਾਅ ਦੀ ਪੜ੍ਹਾਈ ਕਰ ਰਹੀ ਸੀ ਤੇ ਉਸਦੀ ਪੜ੍ਹਾਈ ਇਸ ਸਾਲ ਪੂਰੀ ਹੋ ਜਾਣੀ ਸੀ।
ਉਸਦੇ ਘਰਦੇ ਵੀ ਇਸ ਮੌਕੇ ਆਕਲੈਂਡ ਹਾਈ ਕੋਰਟ ਵਿੱਚ ਮੌਜੂਦ ਸਨ, ਜਿਨ੍ਹਾਂ ਨੇ ਬਿਆਨਬਾਜੀ ਵਿੱਚ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਇਸ ਜਾਨਵਰ ਨੇ ਸਾਡੇ ਤੋਂ ਸਾਡੀ ਫਰਜ਼ਾਨਾ ਖੋਹ ਲਈ ਹੈ ਤੇ ਇਸ ਨੂੰ ਦਿੱਤੀ ਕੋਈ ਵੀ ਸਜਾ ਸਾਨੂੰ ਸਾਡੀ ਫਰਜ਼ਾਨਾ ਵਾਪਿਸ ਲਿਆ ਕੇ ਨਹੀਂ ਦੇ ਸਕਦੀ।
ਕੰਵਰਪਾਲ ਸਿੰਘ ਕੁਈਨ ਸਟਰੀਟ ਵਿਖੇ ਸਕਿਓਰਟੀ ਗਾਰਡ ਵਜੋਂ ਕੰਮ ਕਰਦਾ ਸੀ ਤੇ 2020 ਵਿੱੱਚ ਫਰਜ਼ਾਨਾ ਦੇ ਸੰਪਰਕ ਵਿੱਚ ਆਇਆ, ਕੰਵਰਪਾਲ ਸਿੰਘ ਨੇ ਫਰਜ਼ਾਨਾ ਨੂੰ ਬੇਲੋੜੇ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਫਰਜ਼ਾਨਾ ਨੇ ਉਸਨੂੰ ਬੈਨ ਕਰ ਦਿੱਤਾ। ਮਾਮਲਾ ਅੱਗੇ ਵਧਿਆ ਤੇ ਕੰਵਰਪਾਲ ਸਿੰਘ ਨੇ ਸੋਸ਼ਲ ਮੀਡੀਆ ਦੇ ਹੋਰ ਖਾਤੇ ਬਣਾਕੇ ਫਰਜ਼ਾਨਾ ਨੂੰ ਕਿਡਨੈਪ ਕਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਤੇ ਉਸ ਨਾਲ ਪਿਆਰ ਨਾ ਪਾਉਣ ‘ਤੇ ਉਸ ‘ਤੇ ਤੇਜਾਬ ਤੱਕ ਪਾਉਣ ਦੀ ਧਮਕੀ ਵੀ ਦਿੱਤੀ।