ਭਾਈਚਾਰੇ ਦੀ ਲਗਾਤਾਰ ਉਦਾਸੀਨਤਾ ਵੱਡੀ ਚਿੰਤਾ
(ਹਰਜੀਤ ਲਸਾੜਾ, ਬ੍ਰਿਸਬੇਨ 31 ਅਕਤੂਬਰ) ਇੱਥੇ ਮਨਮੀਤ ਪੈਰਾਡਾਈਜ਼ ਪਾਰਕ, ਲਕਸਵਰਥ ਪਲੇਸ, ਮੁਰੂਕਾ ਵਿਖੇ ਮਰਹੂਮ ਮਨਮੀਤ ਅਲੀਸ਼ੇਰ ਦੀ ਅੱਠਵੀਂ ਬਰਸੀ ਮੌਕੇ ਆਰ ਟੀ ਬੀ ਯੂਨੀਅਨ, ਬੱਸ ਟਰਾਂਸਪੋਰਟ ਮੈਨੇਜਮੈਂਟ ਅਤੇ ਭਾਈਚਾਰੇ ਵੱਲੋਂ ਵਿਛੜੀ ਰੂਹ ਦੀ ਯਾਦ ‘ਚ ਨਮਨ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸਮੰਥਾ ਅਬੇਡੀਰਾ, ਨਵਦੀਪ ਸਿੰਘ, ਬੈਨਟ ਰੋਚ, ਜਸਪਾਲ ਸੰਧੂ, ਗਲੈਨ, ਟਾਮ ਬਰਾਊਨ, ਮਨਮੋਹਨ ਸਿੰਘ, ਬ੍ਰੇਟ ਹੋਵ, ਅਮਨ ਭੰਗੂ, ਸਿਮਰਨਦੀਪ, ਪਿ੍ਤਪਾਲ ਸਿੰਘ, ਨਵਦੀਪ ਚਾਹਲ ਆਦਿ ਮਜੂਦ ਸਨ।
ਵੱਖ-ਵੱਖ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ‘ਚ ਮਰਹੂਮ ਦੀ ਦਰਦਨਾਕ ਮੌਤ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਸਮੁੱਚਾ ਭਾਈਚਾਰਾ ਅੱਜ ਵੀ ਇਸ ਸਦਮੇ ਦਾ ਸ਼ਿਕਾਰ ਹੈ। ਉਹਨਾਂ ਅਨੁਸਾਰ ਮਨਮੀਤ ਸਾਡੇ ਭਾਈਚਾਰੇ ਦਾ ਮਾਣ ਅਤੇ ਭਵਿੱਖ ਦਾ ਲੀਡਰ ਸੀ। ਉਸਦੀ ਕਮੀ ਹਮੇਸ਼ਾਂ ਮਹਿਸੂਸ ਹੁੰਦੀ ਰਹੇਗੀ। ਜਿਕਰਯੋਗ ਹੈ ਕਿ ਮਰਹੂਮ ਦੇ ਘਟਨਾ ਸਥਲ ਵਿਖੇ ਹਰ ਸਾਲ ਸ਼ਰਧਾਂਜਲੀ ਸਮਾਗਮ ‘ਚ ਪੰਜਾਬੀ ਭਾਈਚਾਰੇ ਦੀ ਲਗਾਤਾਰ ਘਟਦੀ ਸ਼ਮੂਲੀਅਤ ਅਤੇ ਉਦਾਸੀਨਤਾ ਚਿੰਤਾ ਦਾ ਵਿਸ਼ਾ ਹੈ। ਦੂਜੇ ਪਾਸੇ ਇਹਨਾਂ ਦਿਨਾਂ ‘ਚ ਸ਼ਹਿਰ ਵਿੱਚ ਲੜੀਵਾਰ ਚੱਲ ਰਹੇ ਸੰਗੀਤਕ ਸ਼ੋਆਂ ਅਤੇ ਮੇਲਿਆਂ ‘ਚ ਭਾਰੀ ਇਕੱਠ ਹੋ ਰਹੇ ਹਨ। ਦੱਸਣਯੋਗ ਹੈ ਕਿ 28 ਅਕਤੂਬਰ 2016 ਦੀ ਸਵੇਰ ਨੂੰ ਐਂਥਨੀ ਉਡਨਹੀਓ ਨਾਮੀ ਗੌਰੇ ਨੇ ਮਰਹੂਮ ਮਨਮੀਤ ਨੂੰ ਬੱਸ ਦੀ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਪਾ ਕੇ ਜਿੰਦਾ ਸਾੜ ਦਿੱਤਾ ਸੀ।