ਆਕਲੈਂਡ ਗੋਲੀਕਾਂਡ, ਹਮਲਾਵਰ ਸਮੇਤ ਤਿੰਨ ਲੋਕਾਂ ਦੀ ਮੌਤ, ਦਰਜਨ ਦੇ ਕਰੀਬ ਜ਼ਖਮੀ !

ਨਿਊਜ਼ੀਲੈਂਡ ਦੇ ਉੱਤਰੀ ਟਾਪੂ ਸ਼ਹਿਰ ਆਕਲੈਂਡ ‘ਚ ਹੋਈ ਗੋਲੀਬਾਰੀ ਵਿਚ ਇਕ ਬੰਦੂਕਧਾਰੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਵੀਰਵਾਰ ਨੂੰ ਕਿਹਾ ਕਿ ਜਿਹੜੇ ਜ਼ਖ਼ਮੀਆਂ ਨੂੰ ਆਕਲੈਂਡ ਹਸਪਤਾਲ ਲਿਜਾਇਆ ਗਿਆ, ਉਹਨਾਂ ਵਿਚ ਪੁਲਸ ਦਾ ਇੱਕ ਮੈਂਬਰ ਵੀ ਸ਼ਾਮਲ ਹੈ। ਉਸਨੇ ਮੀਡੀਆ ਨੂੰ ਦੱਸਿਆ ਕਿ ਅਧਿਕਾਰੀਆਂ ਦਾ ਮੁਲਾਂਕਣ ਹੈ ਕਿ ਰਾਸ਼ਟਰੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਨਿਊਜ਼ੀਲੈਂਡ ਦੀ ਸੁਰੱਖਿਆ ਖਤਰੇ ਦੇ ਪੱਧਰ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਅਪਰਾਧੀ ਪੰਪ ਐਕਸ਼ਨ ਸ਼ਾਟ ਗੰਨ ਨਾਲ ਲੈਸ ਸੀ। ਪੀ.ਐੱਮ. ਕ੍ਰਿਸ ਨੇ ਕਿਹਾ ਕਿ “ਉਹ ਇੱਕ ਉਸਾਰੀ ਵਾਲੀ ਥਾਂ ਤੋਂ ਲੰਘਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਮਾਰਤ ਦੇ ਸਿਖਰ ‘ਤੇ ਪਹੁੰਚ ਕੇ ਉਸਨੇ ਆਪਣੇ ਆਪ ਨੂੰ ਇੱਕ ਲਿਫਟ ਵਿੱਚ ਬੰਦ ਕਰ ਲਿਆ ਅਤੇ ਪੁਲਸ ਨਾਲ ਉਸ ਦੀ ਮੁਠਭੇੜ ਹੋਈ। ਇਸ ਮਗਰੋਂ ਗੋਲੀਆਂ ਚਲਾਈਆਂ ਗਈਆਂ ਅਤੇ ਕੁਝ ਦੇਰ ਬਾਅਦ ਉਸਨੂੰ ਲੱਭ ਲਿਆ ਗਿਆ।’ ਚਸ਼ਮਦੀਦਾਂ ਮੁਤਾਬਕ ਅੱਠ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ। ਘਟਨਾ ਵਾਲੀ ਥਾਂ ਨੇੜੇ ਸੜਕਾਂ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ।