ਬੀਤੀ ਸਵੇਰ ਤੋਂ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ‘ਚ ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਰਾਵੀ ਦਰਿਆ ਨਾਲ ਲੱਗਦੇ ਸਰਹੱਦੀ ਇਲਾਕੇ ਦੇ ਪਿੰਡਾਂ ‘ਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਿ ਉੱਜ ਦਰਿਆ ਦਾ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਹ ਪਾਣੀ ਰਾਵੀ ਦਰਿਆ ‘ਚ ਆ ਮਿਲਿਆ, ਜਿਸ ਨਾਲ ਦੀਨਾਨਗਰ ਦੇ ਮਕੋੜਾ ਪਤਨ ‘ਚ ਰਾਵੀ ਦਰਿਆ ਦੇ ਪਾਰ ਕਰੀਬ 7 ਪਿੰਡਾਂ ਦਾ ਸੰਪਰਕ ਪੰਜਾਬ ਨਾਲੋਂ ਬਿਲਕੁਲ ਟੁੱਟ ਗਿਆ।
ਉਥੇ ਹੀ ਦੇਰ ਸ਼ਾਮ ਜਦ ਰਾਵੀ ਦਰਿਆ ਦਾ ਪੱਧਰ ਡੇਰਾ ਬਾਬਾ ਨਾਨਕ ਨੇੜੇ ਵਧਿਆ ਤਾਂ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਤਾਂ ਜਾਰੀ ਕੀਤਾ ਹੀ ਸੀ ਪਰ ਪਾਣੀ ਜਿਵੇਂ-ਜਿਵੇਂ ਵਧਣ ਲੱਗਾ ਤਾਂ ਉਨ੍ਹਾਂ ਨੂੰ ਇਹ ਡਰ ਸਤਾਉਣ ਲੱਗਾ ਕਿ ਫ਼ਸਲਾਂ ਤਾਂ ਉਨ੍ਹਾਂ ਦੀਆਂ ਪਾਣੀ ਦੀ ਮਾਰ ਹੇਠ ਆ ਹੀ ਗਈਆਂ ਹਨ, ਹੁਣ ਡਰ ਹੈ ਕਿ ਪਾਣੀ ਘਰਾਂ ਵੱਲ ਨਾ ਰੁੱਖ ਕਰ ਲਾਵੇ। ਇਸੇ ਕਰਕੇ ਕਲਾਨੌਰ ਨੇੜੇ ਸਰਹੱਦੀ ਪਿੰਡ ਅਦਿਆਂ ‘ਚ ਇਹ ਹਾਲਾਤ ਹਨ ਕਿ ਰਾਵੀ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਤੋਂ ਪਾਰ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਦੇਰ ਰਾਤ ਤੱਕ ਪੂਰੇ ਪਿੰਡ ਦੇ ਲੋਕ ਜਾਗ ਕੇ ਕੱਟ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਸੰਨ 1988 ਅਤੇ 90 ਦੇ ਦਹਾਕੇ ‘ਚ ਬਣੇ ਸਨ, ਉਦੋਂ ਪਾਣੀ ਚੜ੍ਹਿਆ ਤਾਂ ਪੂਰਾ ਇਲਾਕਾ ਹੀ ਡੁੱਬ ਗਿਆ ਸੀ।