ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਅੱਜ ਇਕ ਪੰਜ ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਘਟਨਾ ਵਿੱਚ ਘੱਟੋ-ਘੱਟ ਨੌਂ ਮੌਤਾਂ ਹੋ ਗਈਆਂ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਬਚਾਅ ਦਲ ਦੇ ਮੁਲਾਜ਼ਮ ਘਟਨਾ ਸਥਾਨ ’ਤੇ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰ ਰਹੇ ਸਨ।
ਇੱਥੇ ਦੱਸ ਦਈਏ ਕਿ ਮਿਸਰ ਵਿੱਚ ਇਮਾਰਤਾਂ ਦਾ ਢਹਿ ਜਾਣਾ ਆਮ ਗੱਲ ਹੈ, ਜਿੱਥੇ ਝੁੱਗੀ-ਝੌਂਪੜੀ ਵਾਲੇ ਖੇਤਰਾਂ, ਗਰੀਬ ਸ਼ਹਿਰੀ ਖੇਤਰਾਂ ਅਤੇ ਪੇਂਡੂ ਖੇਤਰਾਂ ਵਿੱਚ ਮਾੜੀ ਗੁਣਵੱਤਾ ਦੀ ਉਸਾਰੀ ਅਤੇ ਰੱਖ-ਰਖਾਅ ਦੀ ਘਾਟ ਵਿਆਪਕ ਹੈ।
ਸਰਕਾਰੀ ਖ਼ਬਰ ਏਜੰਸੀ ਦੀ ਖ਼ਬਰ ਮੁਤਾਬਕ ਬਚਾਅ ਦਲਾਂ ਨੇ ਕਾਹਿਰਾ ਦੇ ਗੁਆਂਢ ਵਿੱਚ ਪੈਂਦੇ ਹਦੀਕ-ਅਲ-ਕੱਬਾਹ ਵਿੱਚ ਡਿੱਗੀ ਇਮਾਰਤ ਦੇ ਮਲਬੇ ਵਿੱਚੋਂ ਹੁਣ ਤੱਕ ਘੱਟੋ-ਘੱਟ ਨੌਂ ਲਾਸ਼ਾਂ ਲੱਭ ਲਈਆਂ ਹਨ। ਚਾਰ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਅਥਾਰਿਟੀਜ਼ ਨੇ ਨਾਲ ਲੱਗਦੀ ਇਮਾਰਤ ਵੀ ਖਾਲੀ ਕਰਵਾ ਲਈ ਹੈ।
ਮਿਸਰ ਦੇ ਸਮਾਜਿਕ ਏਕਤਾ ਸਬੰਧੀ ਮੰਤਰਾਲੇ ਨੇ ਕਿਹਾ ਕਿ ਉਸ ਵੱਲੋਂ ਘਟਨਾ ਵਿੱਚ ਮਰਨ ਵਾਲੇ ਨੌਂ ਵਿਅਕਤੀਆਂ ਦੇ ਪਰਿਵਾਰਾਂ ਨੂੰ 60,000 ਮਿਸਰ ਪੌਂਡ, ਤਕਰੀਬਨ 1940 ਅਮਰੀਕੀ ਡਾਲਰ ਦਿੱਤੇ ਜਾਣਗੇ। ਮੰਤਰਾਲੇ ਨੇ ਕਿਹਾ ਕਿ ਉਸ ਵੱਲੋਂ ਜ਼ਖ਼ਮੀਆਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਸ ਵੱਲੋਂ ਨਾਲ ਲੱਗਦੀਆਂ ਸੰਪਤੀਆਂ ਨੂੰ ਪਹੁੰਚੇ ਨੁਕਸਾਨ ਦਾ ਪਤਾ ਵੀ ਲਗਾਇਆ ਜਾ ਰਿਹਾ ਹੈ।
ਸਥਾਨਕ ਖ਼ਬਰਾਂ ਮੁਤਾਬਕ ਪੁਲੀਸ ਵੱਲੋਂ ਘਟਨਾ ਸਥਾਨ ਦੇ ਆਸ-ਪਾਸ ਦੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਬਚਾਅ ਟੀਮਾਂ ਵੱਲੋਂ ਮਲਬੇ ਹੇਠ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਇਮਾਰਤ ਡਿੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ।