ਕੂਟਨੀਤੀ

ਕਿਸੇ ਰਾਜ ਦਾ ਰਾਜਾ ਲਾਲ ਕ੍ਰਿਸ਼ਨ ਬਜ਼ੁਰਗ ਹੋ ਗਿਆਸੀ ਤੇ ਉਸ ਦੀ ਸਿਹਤ ਵੀ ਠੀਕ ਨਹੀਂ ਸੀ ਰਹਿੰਦੀ। ਉਸ ਦੇ ਤਿੰਨ ਬੇਟੇ ਸਨ ਰਾਮ ਸਿੰਘ, ਸ਼ਾਮ ਸਿੰਘ ਅਤੇ ਨਰਿੰਦਰ। ਰਾਜੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਨਾਂ ਤਿੰਨਾਂ ਵਿੱਚੋਂ ਕਿਸ ਨੂੰ ਰਾਜ ਪਾਟ ਦਿੱਤਾ ਜਾਵੇ ਕਿਉਂਕਿ ਤਿੰਨੇ ਹੀ ਬਰਾਬਰ ਦੇ ਕਾਬਲ ਅਤੇ ਲਾਇਕ ਸਨ। ਇਸ ਲਈ ਉਸ ਨੇ ਪ੍ਰਧਾਨ ਮੰਤਰੀ ਨਾਲ ਸਲਾਹ ਕਰ ਕੇ ਇੱਕ ਤਰਕੀਬ ਕੱਢੀ। ਅਗਲੇ ਦਿਨ ਉਸ ਨੇ ਰਾਜਕੁਮਾਰਾਂ ਨੂੰ ਦਰਬਾਰ ਵਿੱਚ ਬੁਲਾ ਕੇ ਹਰੇਕ ਨੂੰ ਇੱਕ ਇੱਕ ਲੱਖ ਸੋਨੇ ਦੇ ਸਿੱਕੇ ਦਿੱਤੇ ਤੇ ਕਿਹਾ, “ਆਪਾਂ ਹੁਣ ਇੱਕ ਸਾਲ ਬਾਅਦ ਮਿਲਾਂਗੇ। ਇੱਕ ਸਾਲ ਵਿੱਚ ਜਿਹੜਾ ਵੀ ਰਾਜਕੁਮਾਰ ਅਜਿਹੀ ਕਲਾ ਸਿੱਖ ਕੇ ਆਵੇਗਾ ਜਿਸ ਨਾਲ ਦੇਸ਼ ਦਾ ਸਭ ਤੋਂ ਵੱਧ ਭਲਾ ਹੁੰਦਾ ਹੋਵੇ, ਮੈਂ ਰਾਜ ਪਾਟ ਉਸਨੂੰ ਦੇ ਦੇਵਾਂਗਾ।” ਤਿੰਨੇ ਰਾਜਕੁਮਾਰ ਰਾਜੇ ਨੂੰ ਨਮਸਕਾਰ ਕਰ ਕੇ ਦਰਬਾਰ ਤੋਂ ਬਾਹਰ ਨਿਕਲ ਗਏ।

ਇੱਕ ਸਾਲ ਬਾਅਦ ਉਹ ਵਾਪਸ ਆਏ ਤੇ ਅਗਲੇ ਦਿਨ ਰਾਜੇ ਨੇ ਦਰਬਾਰ ਵਿੱਚ ਤਿੰਨਾਂ ਤੋਂ ਉਹਨਾਂ ਦੀ ਪ੍ਰਾਪਤੀ ਬਾਰੇ ਪੁੱਛਿਆ। ਸਭ ਤੋਂ ਪਹਿਲਾਂ ਰਾਮ ਸਿੰਘ ਬੋਲਿਆ, “ਮਹਾਰਾਜ, ਮੈਂ ਤੁਹਾਡੇ ਦਿੱਤੇ ਹੋਏ ਧੰਨ ਨਾਲ ਇੱਕ ਤਾਂਤਰਿਕ ਤੋਂ ਅਜਿਹੀ ਕਲਾ ਸਿੱਖੀ ਹੈ ਜਿਸ ਨਾਲ ਮੈਂ ਜਦੋਂ ਚਾਹਾਂ ਤੇ ਜਿੱਥੇ ਚਾਹਾਂ ਬਾਰਸ਼ ਕਰਵਾ ਸਕਦਾ ਹਾਂ ਜਾਂ ਰੋਕ ਸਕਦਾ ਹਾਂ। ਅੱਜ ਤੋਂ ਬਾਅਦ ਸਾਡੇ ਰਾਜ ਵਿੱਚ ਨਾ ਤਾਂ ਕਦੇ ਅਕਾਲ ਪਵੇਗਾ ਤੇ ਨਾ ਹੀ ਹੜ੍ਹ ਆਉਣਗੇ।” ਇਹ ਸੁਣ ਕੇ ਦਰਬਾਰ ਤਾੜੀਆਂ ਨਾਲ ਗੂੰਜ ਉੱਠਿਆ ਤੇ ਰਾਜੇ ਨੇ ਗਰਦਨ ਘੁਮਾ ਕੇ ਪ੍ਰਸ਼ਨ ਪੂਰਵਕ ਤਰੀਕੇ ਨਾਲ ਸ਼ਾਮ ਸਿੰਘ ਵੱਲ ਵੇਖਿਆ। ਸ਼ਾਮ ਸਿੰਘ ਨੇ ਬਹੁਤ ਮਾਣ ਨਾਲ ਦੱਸਿਆ, “ਮਹਾਰਾਜ, ਮੈਂ ਉਸ ਪੈਸੇ ਨਾਲ ਸਾਰੀ ਪਰਜਾ ਵਿੱਚ ਧਰਮ ਪ੍ਰਚਾਰ ਕਰਵਾ ਰਿਹਾ ਹਾਂ ਤੇ ਧਾਰਮਿਕ ਪੁਸਤਕਾਂ ਲਿਖਵਾ ਕੇ ਵੰਡ ਰਿਹਾ ਹਾਂ। ਇਸ ਨਾਲ ਸਾਡੀ ਪਰਜਾ ਪਵਿੱਤਰ ਤੇ ਸੱਚਾ ਸੁੱਚਾ ਜੀਵਨ ਜਿਊਣ ਦੀ ਧਾਰਨੀ ਹੋ ਜਾਵੇਗੀ ਜਿਸ ਕਾਰਨ ਰਾਜ ਵਿੱਚ ਜ਼ੁਰਮ ਬਿਲਕੁਲ ਖਤਮ ਹੋ ਜਾਣਗੇ।” ਦੁਬਾਰਾ ਤਾੜੀਆਂ ਵੱਜੀਆਂ ਪਰ ਬਹੁਤ ਹੀ ਢਿੱਲੀਜਿਹੀ ਸੁਰ ਵਿੱਚ।

ਹੁਣ ਦਰਬਾਰੀਆਂ ਦੀਆਂ ਨਜ਼ਰਾਂ ਸਭ ਤੋਂ ਛੋਟੇ ਰਾਜਕੁਮਾਰ ਨਰਿੰਦਰ ਵੱਲ ਲੱਗ ਗਈਆਂ। ਰਾਜੇ ਨੇ ਪੁੱਛਿਆ, “ਹਾਂ ਭਾਈ ਨਰਿੰਦਰ, ਤੂੰ ਕੀ ਸਿੱਖ ਕੇ ਆਇਆਂ ਹੈਂ?” ਨਰਿੰਦਰ ਬਹੁਤ ਹੀ ਹੈਂਕੜ ਭਰੀ ਚਾਲ ਨਾਲ ਚੱਲ ਕੇ ਸਿੰਘਾਸਣ ਦੇ ਨਜ਼ਦੀਕ ਪਹੁੰਚਿਆ ਤੇ ਕੁਟਿਲ ਮੁਸਕਾਨ ਨਾਲ ਬੋਲਿਆ, “ਪਿਤਾ ਸ਼੍ਰੀ ਸਿੱਖਿਆ ਤਾਂ ਮੈਂ ਕੁਝ ਨਹੀਂ, ਪਰ ਤੁਸੀਂ ਜਰਾ ਹੁਣ ਸਿੰਘਾਸਣ ਤੋਂ ਪਾਸੇ ਹੋ ਜਾਉ। ਤੁਹਾਡੇ ਦਿੱਤੇ ਸੋਨੇ ਦੇ ਸਿੱਕਿਆਂ ਨਾਲ ਮੈਂ ਫੌਜ ਦੇ ਜਰਨੈਲ ਅਤੇ ਮੰਤਰੀ ਆਪਣੇ ਪੱਖ ਵਿੱਚ ਕਰ ਲਏ ਹਨ। ਸਿੰਘਾਸਣਦੇ ਪਿੱਛੇ ਖੜੇ ਤੁਹਾਡੇ ਵਿਸ਼ਵਾਸ਼ਪਾਤਰ ਅੰਗ ਰੱਖਿਅਕ ਵੀ ਮੇਰੇ ਪਾਲੇ ਵਿੱਚ ਆ ਚੁੱਕੇ ਹਨ। ਜੇ ਤੁਸੀਂ ਸਿੰਘਾਸਣ ਖਾਲੀ ਕਰ ਕੇ ਜੰਗਲ ਵੱਲ ਪ੍ਰਸਥਾਨ ਨਾ ਕੀਤਾ ਤਾਂ ਮਜ਼ਬੂਰੀ ਵੱਸ ਮੈਨੂੰ ਤੁਹਾਨੂੰ ਯਮ ਲੋਕ ਭੇਜਣਾ ਪਵੇਗਾ।” ਰਾਜੇ ਦੀ ਜ਼ਬਾਨ ਤਾਲੂ ਨਾਲ ਲੱਗ ਗਈ ਤੇ ਉਹ ਚੁੱਪ ਚਾਪ ਸਿੰਘਾਸਣ ਉੱਤਰ ਕੇ ਜੰਗਲਾਂ ਵੱਲ ਜਾਣ ਦੀ ਤਿਆਰੀ ਕਰਨ ਲੱਗਾ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062